ਅਗਲੇ ਸਾਲ ਵੈਕਸੀਨ ਆਉਣ ਦੀ ਅਮਰੀਕੀ ਵਿਗਿਆਨੀ ਨੂੰ ਉਮੀਦ

196

ਅਮਰੀਕਾ ਦੇ ਮਸ਼ਹੂਰ ਇਨਫੈਕਸ਼ਨ ਰੋਗ ਮਾਹਿਰ ਡਾ. ਐਂਥਨੀ ਫਾਸੀ ਨੇ ਕਿਹਾ ਹੈ ਕਿ ਕੋਵਿਡ-19 ਦੀ ਵੈਕਸੀਨ ਬਣਾਉਣ ਲਈ ਚੱਲ ਰਹੇ ਕਲੀਨਿਕਲ ਟਰਾਇਲ ਦੇ ਨਤੀਜਿਆਂ ਬਾਰੇ ਉਹ ਕਾਫੀ ਆਸਵੰਦ ਹਨ। ਉਨ੍ਹਾਂ ਨੂੰ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂ ਤਕ ਵੈਕਸੀਨ ਆ ਜਾਣ ਦੀ ਪੂਰੀ ਉਮੀਦ ਹੈ।

ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ੀਅਸ ਡਿਜ਼ੀਜ਼ਿਸ ਦੇ ਡਾਇਰੈਕਟਰ ਫਾਸੀ ਨੇ ਕਿਹਾ ਕਿ ਕੋਰੋਨਾ ਵਾਇਰਸ ਹਾਲੇ ਵਧਦਾ ਰਹੇਗਾ ਤੇ ਭਵਿੱਖ ‘ਚ ਮਹਾਮਾਰੀ ਨਾਲ ਨਿਪਟਣ ਲਈ ਵਿਸ਼ਵ ਸਹਿਯੋਗ ਤੇ ਪਾਰਦਰਸ਼ਤਾ ਦੀ ਲੋੜ ਹੈ। ਇਕ ਆਨਲਾਈਨ ਸੈਸ਼ਨ ਨੂੰ ਕੰਟਰੋਲ ਕਰਨ ਲਈ ਸਿਹਤ ਸੇਵਾਵਾਂ ਦਾ ਸਮਰੱਥ ਹੋਣਾ ਜ਼ਰੂਰੀ ਹੈ। ਇਹ ਵਾਇਰਲ ਬਿਮਾਰੀ ਤੇਜ਼ੀ ਨਾਲ ਫੈਲਦੀ ਹੈ, ਵੱਡੀ ਗਿਣਤੀ ‘ਚ ਲੋਕਾਂ ਨੂੰ ਬਿਮਾਰ ਕਰਦੀ ਹੈ ਤੇ ਜਾਨ ਲੈਂਦੀ ਹੈ। ਜੇਕਰ ਅਸੀਂ ਮਨੁੱਖ ਜਾਤੀ ਨੂੰ ਇਸ ਸੰਕਟ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਵਿਸ਼ਵ ਸਹਿਯੋਗ ਤੇ ਪਾਰਦਰਸ਼ਿਤਾ ਨਾਲ ਹੀ ਇਹ ਸੰਭਵ ਹੈ।

ਉਨ੍ਹਾਂ ਕਿਹਾ ਕਿ ਕਈ ਸਾਰੀਆਂ ਵੈਕਸੀਨ ਪਹਿਲਾਂ ਤੋਂ ਹੀ ਕਲੀਨਿਕਲ ਟਰਾਇਲ ਦੇ ਦੌਰ ‘ਚ ਹਨ। ਇਨ੍ਹਾਂ ‘ਚੋਂ ਕੁਝ ਨੇ ਪਹਿਲਾ ਜਾਂ ਦੂਜਾ ਪੜਾਅ ਪੂਰਾ ਕਰ ਲਿਆ ਹੈ। ਜੁਲਾਈ ਦੇ ਅੰਤ ਤਕ ਤੀਜਾ ਪੜਾਅ ਵੀ ਸ਼ੁਰੂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜ ਤੋਂ ਸੱਤ ਵੈਕਸੀਨ ਦੇ ਕਲੀਨਿਕਲ ਟਰਾਇਲ ਅਲੱਗ-ਅਲੱਗ ਪੜਾਵਾਂ ‘ਚ ਚੱਲ ਰਹੇ ਹਨ। ਇਸ ਸਾਲ ਦੇ ਅੰਤ ਜਾਂ ਫਿਰ ਅਗਲੇ ਸਾਲ ਦੇ ਸ਼ੁਰੂ ‘ਚ ਦੁਨੀਆ ਨੂੰ ਖੁਸ਼ਖਬਰੀ ਮਿਲ ਸਕਦੀ ਹੈ। ਦੁਨੀਆ ਭਰ ਦੇ ਵਿਗਿਆਨੀ ਇਸਦਾ ਇਲਾਜ ਲੱਭਣ ‘ਚ ਲੱਗੇ ਹੋਏ ਹਨ।

ਜਾਨਸ ਹਾਪਕਿਨਸ ਕੋਰੋਨਾ ਵਾਰਿਸ ਰਿਸੋਰਸਿਜ਼ ਸੈਂਟਰ ਦੇ ਮੁਤਾਬਕ, ਇਸ ਮਹਾਮਾਰੀ ਨਾਲ ਦੁਨੀਆ ਭਰ ‘ਚ ਇਕ ਕਰੋੜ 20 ਲੱਖ ਲੋਕ ਇਨਫੈਕਟਿਡ ਹੋ ਚੁੱਕੇ ਹਨ ਤੇ ਪੰਜ ਲੱਖ 49 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਮਹਾਮਾਰੀ ਤੋਂ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।