“ਅਣਖੀ ਕਿਰਦਾਰ “

321
ਸਾਡੇ ਵਿੱਚੋਂ ਬਹੁਗਿਣਤੀ ਲੋਕਾਂ ਵਿੱਚ ਸ਼ੁਰੂ  ਤੋਂ ਹੀ ਮੰਗਤਿਆਂ ਵਾਲ਼ੀ ਪ੍ਰਵਿਰਤੀ  ਹੀ ਕਿਓਂ ਬਣੀ ਰਹੀ ਹੈ ਅਸੀਂ ਆਪਣੀ  ਮਿਹਨਤ ਅਤੇ ਹੱਥੀਂ ਕਿਰਤ ਉੱਤੇ  ਹੀ ਆਪਣਾ ਵਿਸ਼ਵਾਸ਼ ਪੱਕਾ ਕਿਓਂ ਨਹੀਂ ਕੀਤਾ …
ਇਹ ਆਪਣੇ ਆਪ ਵਿੱਚ ਬਹੁਤ ਵੱਡਾ ਇਤਿਹਾਸਿਕ ਸਵਾਲ ਬਣਿਆ ਰਿਹਾ ਹੈ ਤੇ ਨਿਰੰਤਰ ਜਾਰੀ ਹੈ ….
ਜੇਕਰ ਸਾਡੀ ਬਹੁਗਿਣਤੀ  ਅਨਪੜ੍ਹ ਅਤੇ ਭੋਲੀ- ਭਾਲੀ  ਜਨਤਾ ਨੇ 1947, ਯਾਨੀ ਕੇ ਦੇਸ਼ ਦੀ ਵੰਡ  ਤੋਂ ਲੈ ਕੇ ਹੁਣ ਤੱਕ ਸਹੀ ਸਰਕਾਰਾਂ ਚੁਣੀਆਂ ਹੁੰਦੀਆਂ ਅੱਜ ਨਾਂ  ਤਾਂ ਰਾਸ਼ਣ ਪਾਣੀ ਲਈ ਖਿੱਚ ਧੂਹ ਹੋਣੀ ਸੀ ਤੇ ਨਾਂ ਹੀ ਕੋਈ ਬੇਰੁਜ਼ਗਾਰ,ਬੇਘਰ ਅਤੇ ਆਪਣੇ ਉੱਤੇ ਕਿਸੇ ਵੀ ਤਰਾਂ ਦਾ  ਅਣਮਨੁੱਖੀ ਤਸ਼ੱਦਦ ਸਹਿ ਰਿਹਾ  ਹੁੰਦਾ .
ਸਾਡੀ ਸੋਚ ਅਤੇ  ਮਾਨਸਿਕਤਾ ਦਾ ਪੱਧਰ ਅਜੇ ਵੀ  ਪਿਛਲੀਆਂ ਸਦੀਆਂ ਵਿੱਚ ਡਿਕ ਡੋਲੇ ਖਾਂਦਾ ਤੁਰਿਆ ਫਿਰਦਾ ਤੇ ਅਸੀਂ ਖ਼ੁਦ ਨੂੰ ਮਾੜੇ ਚੰਗੇ ਹਾਲਾਤਾਂ ਨਾਲ਼ ਲੜਨ ਦੇ ਕਾਬਿਲ ਬਣਾਉਣ ਵਿੱਚ ਅਸਮਰਥ ਰਹੇ ਹਾਂ

ਜੇਕਰ ਸਾਡੇ ਕੋਲ ਚੰਗੇ  ਹਸਪਤਾਲ,ਚੰਗਾ ਤੇ ਸਹੀ ਸਿਸਟਮ ਹੁੰਦਾ,ਸਾਡੇ ਵਿੱਚ ਜਾਗਰੂਕਤਾ ਨਾਂ ਦਾ ਗੁਣ ਵਿਰਾਜਮਾਨ ਹੁੰਦਾ ਅਤੇ ਅਸੀਂ  ਸਹੀ ਵਕ਼ਤ ਤੇ ਸਹੀ ਫ਼ੈਸਲੇ ਕੀਤੇ ਤੇ ਲਏ ਹੁੰਦੇ ਤਾਂ ਫਿਰ ਅੱਜ ਸਾਡੇ  ਇਸ ਤਰਾਂ  ਦੇ ਨਾਜ਼ੁਕ ਹਾਲਾਤ ਨਾਂ ਹੁੰਦੇ ..
.ਅਸੀਂ ਕਿਸੇ ਵੀ ਤਰਾਂ ਦੀ ਕਰੋਪੀ ਨਾਲ਼ ਨਜਿੱਠਣ ਲਈ   ਖ਼ੁਦ -ਬ ਖ਼ੁਦ ਤਿਆਰ ਅਤੇ ਕਾਬਿਲ ਹੁੰਦੇ  ਅਤੇ ਕਿਸੇ ਦੂਜੇ  ਉੱਤੇ ਨਿਰਭਰ ਨਾਂ ਹੁੰਦੇ.

 ਜੇ ਮੈਂ ਗ਼ਲਤ ਨਾਂ ਹੋਵਾਂ ਤਾਂ ਇਹ ਸਭ ਕੁਝ ਲਈ ਕਾਫੀ ਹੱਦ ਤੱਕ ਅਸੀਂ ਖ਼ੁਦ ਹੀ ਜਿੰਮੇਵਾਰ ਹਾਂ ਅਸੀਂ ਆਪਣੇ ਭਵਿੱਖ ਤੋਂ ਅਗਿਆਨ ਤੇ ਅਣਜਾਣ ਹੀ ਰਹੇ ,
ਅਸੀਂ ਚੰਦ ਮੁੱਠੀ ਭਰ ਅਮੀਰ ਸਰਮਾਏਦਾਰਾਂ ਦੀ ਗੁਲਾਮੀ ਕਰਨ ਅਤੇ ਸਹਿਣ ਵਿੱਚ ਹੀ ਆਪਣੀ ਸ਼ਾਨ ਸਮਝੀ ਅਤੇ ਇਨ੍ਹਾਂ ਨੂੰ ਬੇਮਤਲਬੇ, ਬੇਲੋੜੇ  ਸਲੂਟ ਮਾਰ – ਮਾਰਕੇ ਆਪਣੇ ਸਿਰਾਂ ਤੇ ਚਾੜ ਲਿਆ ਤੇ ਆਪਣੇ ਹੱਕਾਂ ਦੇ ਸੰਦੂਕ ਦੀਆਂ  ਚਾਬੀਆਂ  ਆਪ ਇਨ੍ਹਾਂ ਦੀਆਂ ਜੇਬਾਂ ਦੇ ਸਪੁਰਦ ਕਰ ਦਿੱਤੀਆਂ ਤੇ ਅਸੀਂ ਖ਼ੁਦ ਨੂੰ  ਇਨ੍ਹਾਂ ਵੱਡਿਆਂ ਲੋਕਾਂ ਦੀਆਂ ਕਾਰਾਂ ਦੀਆਂ ਤਾਕੀਆਂ ਖੋਲਣ ਤੇ ਗੱਡੀਆਂ ਸਾਫ ਕਰਨ ਤੱਕ ਹੀ ਸੀਮਤ ਰੱਖਿਆ …
ਅਸੀਂ ਸ਼ਹੀਦ -ਏ  ਆਜ਼ਮ ਭਗਤ ਸਿੰਘ , ਊਧਮ  ਸਿੰਘ, ਕਰਤਾਰ ਸਿੰਘ ਸਰਾਭਾ ,  ਚੰਦਰਸ਼ੇਖਰ ਆਜ਼ਾਦ, ਲਾਲਾ ਲਾਜਪਤ ਰਾਏ ਜਿਹੇ ਸੂਰਮਿਆਂ ਦੀਆਂ ਕੁਰਬਾਨੀਆਂ  ਤੋਂ ਵੀ ਕੁਝ ਸਬਕ ਨਹੀਂ ਲੈ ਸਕੇ ਜਿੰਨਾ ਨੇ ਹਰ ਤਰਾਂ ਦੀ ਗ਼ੁਲਾਮੀ ਦੀ ਵਿਰੋਧਤਾ ਕੀਤੀ  ਅਤੇ  ਅੰਤ ਤੱਕ ਉਹ ਸਾਨੂੰ  ਇਹੋ ਇਹੀ ਕਹਿੰਦੇ ਰਹੇ ਕੇ ਇਨਕ਼ਲਾਬ ਜ਼ਰੂਰੀ ਹੈ 
ਤੇ ਜ਼ਾਲਮ ਦੀ ਗ਼ੁਲਾਮੀ ਨਾਲ਼ੋਂ ਇਜ਼ਤ ਦੀ ਮੌਤ ਕਿਤੇ ਬਿਹਤਰ ਹੈ.  ਪਰ ਅਜੇ ਵੀ  ਅਸੀਂ ਉਨ੍ਹਾਂ ਮਹਾਨ ਸੂਰਮਿਆਂ ਦੇ ਪਾਏ ਹੋਏ ਪੂਰਨਿਆਂ ਤੇ ਨਹੀਂ ਚੱਲ ਰਹੇ ਤੇ ਗ਼ੁਲਾਮੀ ਰੂਪੀ ਬਿਮਾਰ ਮਾਨਸਿਕਤਾ ਦੇ ਗ਼ੁਲਾਮ ਹੋਏ ਬੈਠੇ ਹਾਂ ..
ਅਸੀਂ ਸਾਡੇ ਸ਼ਹੀਦਾਂ ਦੀਆਂ ਜੀਵਨੀਆਂ ਪੜਕੇ ਵੀ ਖ਼ੁਦ ਨੂੰ ਬਦਲ ਨਹੀਂ ਸਕੇ ਤੇ ਚਾਪਲੂਸੀ ਕਲਚਰ ਦੀ ਪੁਰਾਣੀ ਰੀਤ ਨੂੰ ਅਸੀਂ  ਅੱਜ ਵੀ ਹੂਬਹੂ ਬਰਕਰਾਰ ਰੱਖਿਆ ਹੋਇਆ ਹੈ  .
ਕੋਈ ਵੀ ਦੇਸ਼ ਉਸਦੇ ਪੜ੍ਹੇ ਲਿਖੇ ਅਤੇ  ਬੁੱਧੀਮਾਨ ਲੋਕਾਂ ਨਾਲ਼ ਹੀ ਮਹਾਨ ਬਣਦਾ ਹੈ ਪਰ ਸਾਡਾ ਬੋਧਿਕ ਪੱਧਰ ਛੱਪੜ ਦੇ ਪਾਣੀ ਵਾਂਙ ਜਿਓਂ ਦਾ ਤਿਉਂ ਹੀ ਖੜ੍ਹਾ ਹੈ ..

ਸਾਡੇ ਸਿਰ ਤੇ ,ਇਨ੍ਹਾਂ ਲੋਕਾਂ ਨੇ ਵਿਦੇਸ਼ੀ ਗੱਡੀਆਂ ਵੀ ਚਮਕਾ ਲਈਆਂ ਅਤੇ ਆਪਣੇ ਤਨਾਂ ਉੱਤੇ ਕੱਪੜੇ ਵੀ ਵਿਦੇਸ਼ੀ ਪਾ ਲਏ, ਬੇਸ਼ੁਮਾਰ ਧਨ ਦੌਲਤ ਇਕੱਠਾ ਕਰ ਲਿਆ ਅਤੇ ਐਸ਼ੋ ਆਰਾਮ ਦੀ ਜ਼ਿੰਦਗੀ ਬਣਾ ਲਈ ਪਰ ਸਾਡੇ ਪੱਲੇ ਧੱਕੇ ,ਧੁੱਪ,ਧੂੜ ਤੇ ਧਰਵਾਸੇ ਹੀ ਰਹੇ ਉਹ ਵੀ ਝੂਠੇ ..
ਇਨ੍ਹਾਂ ਲੋਕਾਂ ਨੂੰ ਪਤਾ ਹੈ ਕਿ ਇਨ੍ਹਾਂ ਗਰੀਬ ਲੋਕਾਂ  ਦਾ ਸਾਡੇ ਬਿਨਾਂ ਗੁਜ਼ਾਰਾ ਹੀ ਨਹੀਂ ਤੇ ਮੁੜ -ਘੁੜ ਕੇ ਇਨ੍ਹਾਂ ਨੇ ਮਜ਼ਬੂਰ ਹੋ ਕੇ ਸਾਡੇ ਦਰਵਾਜ਼ਿਆਂ ਤੇ ਹੀ ਹੱਥ ਬਨਣੇ ਹਨ ..ਅਸੀਂ ਇਨ੍ਹਾਂ ਲੋਕਾਂ ਦੀ ਤੇਜ਼ ਤਰਾਰ ਮਾਨਸਿਕਤਾ ਨੂੰ ਸਮਝਣ ਵਿੱਚ ਹਮੇਸ਼ਾ ਹੀ ਅਸਫਲ ਰਹੇ, ਅਤੇ  ਮਜਬੂਰਨ ਕਿਸੇ ਡਰ ਵਜੋਂ  ਚੁੱਪ ਰਹਿਣਾ ਹੀ ਆਪਣਾ ਕਰਮ ਤੇ ਧਰਮ ਸਮਝਿਆ ..

ਇਹਨਾਂ ਅਮੀਰਜ਼ਾਦਿਆਂ ਨੇ ਹਮੇਸ਼ਾ ਹੀ ਤਿੱਖੇ ਦਿਮਾਗ਼ ਅਤੇ ਕੋਝੀਆਂ ਚਾਲਾਂ ਰਾਹੀਂ ਸਾਡੇ ਤੋਂ  ਕਮ ਲਿਆ ਅਤੇ ਸਾਡੇ ਉੱਤੇ ਹਮੇਸ਼ਾਂ ਵਾਂਙ ਅੱਜ ਵੀ  ਰਾਜ ਕਰ ਰਹੇ  ਹਨ
ਪਰ ਸਾਡੀ ਸੋਚ ਦਾ ਪੰਛੀ ਸਿਆਣਪ ਦੇ ਅਕਾਸ਼ ਵਿੱਚ ਉਡਾਰੀਆਂ ਮਾਰਨੋ ਅਕਸਰ ਵਿਹੂਣਾ ਹੀ ਰਿਹਾ ਤੇ ਅੱਜ ਵੀ ਇਹ ਸਿਲਸਿਲਾ ਲਗਾਤਾਰ ਜ਼ਾਰੀ ਹੈ ..

.ਜਿਸ ਦੇਸ਼ ਦੀ ਜਨਤਾ ਦਾਰੂ ਦੀ ਬੋਤਲ, ਚੰਦ ਰੁਪਇਆਂ ਅਤੇ ਕੁਝ ਕੂ ਲੀੜਿਆਂ  ਦੇ ਬਦਲੇ ਆਪਣਾ ਬੇਸ਼ਕੀਮਤੀ  ਜ਼ਮੀਰ (ਵੋਟ ) ਵੇਚ ਦਿੰਦੀ ਹੈ  ਉਸਨੂੰ ਸਰਕਾਰਾਂ ਤੇ ਗ਼ਿਲਾ ਕਰਨ ਅਤੇ  ਉਸਦੇ ਦੇ ਮਾੜੇ ਪ੍ਰਬੰਧਾਂ ਨੂੰ ਕੋਸਣ ਦਾ ਕੋਈ ਹਕ਼ ਨਹੀਂ ਪਹੁੰਚਦਾ ਕਿਓਂਕਿ ਸੰਵਿਧਾਨ ਸਾਡੇ ਸਭਨਾਂ ਨਾਗਰਿਕਾਂ ਲਈ ਇੱਕੋ ਬਰਾਬਰ ਹੈ ਅਤੇ ਕਿਸੇ ਵੀ ਨਾਗਰਿਕ ਨਾਲ਼ ਕਿਸੇ ਤਰਾਂ ਦੇ ਵਿਤਕਰੇ ਦੀ ਇਜ਼ਾਜ਼ਤ ਨਹੀਂ ਦਿੰਦਾ .
 ਜਦੋਂ ਤੱਕ ਅਸੀਂ ਸਾਡੇ ਸੰਵਿਧਾਨਿਕ ਅਧਿਕਾਰਾਂ ਦੇ ਪ੍ਰਤੀ ਜਾਗਰੂਕ ਨ੍ਹਹੀਂ ਹੋਵਾਂਗੇ ਤਾਂ ਏਸੇ ਤਰਾਂ ਹੀ ਗਰੀਬੀ ਅਤੇ  ਲਾਚਾਰੀ  ਦੀ ਚੱਕੀ ਵਿੱਚ ਪਿਸਦੇ ਰਹਾਂਗੇ ਅਤੇ ਚੰਗੀ ਜ਼ਿੰਦਗੀ ਜੀਵਾਂਗੇ ਨਹੀਂ ਸਿਰਫ ਤੇ ਸਿਰਫ ਜ਼ਿੰਦਗੀ ਕੱਟਣ ਤੱਕ ਹੀ ਸੀਮਤ ਰਹਾਂਗੇ ..
ਸੋਂ ਪਿਆਰੇ ਦੋਸਤੋ, ਸਮੇਂ ਮੁਤਾਬਕ ਅੱਜ ਸਾਨੂੰ  ਆਪਣੇ ਆਪ ਨੂੰ ਬਦਲਣ ਦੀ ਲੋਡ਼ ਹੈ ਅਤੇ ਖ਼ੁਦ ਨੂੰ ਜਿੰਮੇਵਾਰ ਨਾਗਰਿਕ ਮੰਨ ਕੇ ਆਤਮਨਿਰਭਰ ਹੋਣ ਅਤੇ ਆਜ਼ਾਦ ਫ਼ਿਜ਼ਾ ਵਿੱਚ ਆਜ਼ਾਦ ਸਾਹ ਲੈਣ ਵਾਲਾ ਅਣਖੀ ਕਿਰਦਾਰ ਬਣਾਉਣ ਦੀ ਲੋਡ਼ ਹੈ

ਸੁਖਵੰਤ ਲਵਲੀ 
8847317780