ਅਮਫਾਨ ਤੂਫ਼ਾਨ ਨੇ ਉਜਾੜਿਆ ਕੋਲਕਾਤਾ

202

ਸਵਿੰਦਰ ਕੌਰ, ਕੋਲਕਾਤਾ, 24 ਮਈ-

ਇੱਕ ਪਾਸੇ ਤਾਂ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਕਮਾਇਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਭਾਰਤ ਦੇ ਵੱਖ ਵੱਖ ਸੂਬਿਆਂ ਵਿਚ, ਜੋ ਕਿ ਪਹਿਲੋਂ ਹੀ ਕੋਰੋਨਾ ਵਾਇਰਸ ਦੇ ਨਾਲ ਪ੍ਰਭਾਵਿਤ ਸਨ, ਉੱਥੇ ਅਮਫਾਨ ਤੂਫ਼ਾਨ ਨੇ ਦਸਤਕ ਦਿੱਤੀ ਹੈ। ਲੰਘੇ ਦਿਨਾਂ ਤੋਂ ਅਮਫਾਨ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ। ਅੱਜ ਰਾਹਤ ਕਾਰਜਾਂ ਵਿਚ ਲੱਗੇ ਦੱਖਣੀ ਕੋਲਕਾਤਾ ਦੇ ਪੂਰਨੋਦਾਸ ਰੋਡ ਇਲਾਕੇ ਵਿਚ ਕੈਪਟਨ ਵਿਕਰਮ ਨੇ ਕਿਹਾ ਕਿ ਕੋਲਕਾਤਾ ਵਿਚ ਚੱਕਰਵਰਤੀ ਤੂਫ਼ਾਨ ਕਾਰਨ ਬਹੁਤ ਸਾਰੇ ਦਰਖ਼ਤ ਜੜੋ ਉੱਖੜ ਗਏ ਹਨ ਅਤੇ ਬਿਜਲੀ ਦੀਆਂ ਤਾਰਾ ਵੀ ਟੁੱਟ ਗਈਆਂ ਹਨ।

ਇਨ੍ਹਾਂ ਨੂੰ ਹਟਾ ਕੇ ਰਸਤਿਆਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੱਛਮੀ ਬੰਗਾਲ ਦੇ ਵਿਚ ਹੁਣ ਤੱਕ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਤੂਫ਼ਾਨ ਪ੍ਰਭਾਵਿਤ ਇਲਾਕੇ ਦੇ ਲਈ, 1 ਹਜ਼ਾਰ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ, ਜਦੋਂਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਸੂਬੇ ਨੂੰ ਅਮਫ਼ਾਨ ਤੂਫ਼ਾਨ ਕਾਰਨ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ, ਜਿਸ ਨਾਲ 80 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।