ਅਮਰੀਕਾ ਤੋਂ Sad News: 2 ਪੰਜਾਬੀ ਮੁੰਡਿਆਂ ਦੀ ਸੜਕ ਹਾਦਸੇ ਚ ਮੌਤ

158

ਭੁਲੱਥ/ਅਮਰੀਕਾ

ਇਕ ਪਾਸੇ ਜਿੱਥੇ ਅੱਜ ਲੋਕ ਲੋਹੜੀ ਦੀਆਂ ਖ਼ੁਸ਼ੀਆਂ ਮਨਾ ਰਹੇ ਹਨ, ਉਥੇ ਅਮਰੀਕਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਦੁੱਖ਼ਦਾਇਕ ਖ਼ਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਹਲਕਾ ਭੁਲੱਥ ਦੇ ਪਿੰਡ ਲਿੱਟਾਂ ਅਤੇ ਪਿੰਡ ਲੱਖਣ-ਕੇ-ਪੱਡਾ ਦੇ ਰਹਿਣ ਵਾਲੇ ਹਨ। ਹਾਦਸਾ ਬੀਤੀ ਸ਼ਾਮ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਹੋਇਆ।

ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਨੌਜਵਾਨ ਸੁਖਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਚੀਮਾ ਵਾਸੀ ਪਿੰਡ ਲਿੱਟਾਂ ਅਤੇ ਬਲਜਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਲੱਖਣ ਕੇ ਪੱਡਾ ਇਕੋ ਕਾਰ ਵਿੱਚ ਕੋਈ ਦੋ ਕੁ ਕਿਲੋਮੀਟਰ ਦੀ ਦੂਰੀ ਤੋਂ ਆਪਣੇ ਘਰ ਕੈਲੇਫੋਰਨੀਆ ਦੇ ਸੈਕਰਾਮੈਂਡ ਵਿਖੇ ਜਾ ਰਹੇ ਸਨ ਕਿ ਰਸਤੇ ਵਿੱਚ ਕਾਰ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ। ਹਾਦਸੇ ਵਿਚ ਦੋਵੇਂ ਨੌਜਵਾਨਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਸਵਿੰਦਰ ਸਿੰਘ ਵਾਸੀ ਲਿੱਟਾਂ ਥਾਣਾ ਭੁਲੱਥ ਨੇ ਦੱਸਿਆ ਕਿ ਉਸ ਦੇ ਭਰਾ ਨਰਿੰਦਰ ਸਿੰਘ ਚੀਮਾ ਦਾ ਪੁੱਤਰ ਸੁਖਜੀਤ ਸਿੰਘ (30) 2010 ਵਿਚ ਅਮਰੀਕਾ ਗਿਆ ਸੀ, ਜਿੱਥੇ ਦੋ ਸਾਲ ਬਾਅਦ ਉਸ ਦਾ ਵਿਆਹ ਹੋ ਗਿਆ। ਹੁਣ ਉਸ ਦਾ ਕਰੀਬ 9 ਸਾਲ ਦਾ ਬੇਟਾ ਵੀ ਹੈ। ਉਨ੍ਹਾਂ ਦੱਸਿਆ ਕਿ ਸੁਖਜੀਤ ਸਿੰਘ ਨੇ 17-18 ਜਨਵਰੀ ਨੂੰ 12 ਸਾਲਾਂ ਬਾਅਦ ਪੰਜਾਬ ਵਿੱਚ ਆਪਣੇ ਘਰ ਆਉਣਾ ਸੀ।

ਪਰ ਬੀਤੇ ਕੱਲ੍ਹ ਸ਼ਾਮ ਸਾਢੇ ਪੰਜ ਵਜੇ ਭਾਰਤੀ ਸਮੇਂ ਮੁਤਾਬਕ ਸਾਨੂੰ ਪਤਾ ਲੱਗਾ ਕਿ ਕਾਰ ਦਾ ਹਾਦਸਾਗ੍ਰਸਤ ਹੋਣ ਕਰਕੇ ਸੁਖਜੀਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੁਖਜੀਤ ਦੇ ਪਿਤਾ ਨਰਿੰਦਰ ਸਿੰਘ ਚੀਮਾ ਅਤੇ ਮਾਤਾ ਅੱਜ ਪਿੰਡ ਤੋਂ ਅਮਰੀਕਾ ਲਈ ਰਵਾਨਾ ਹੋ ਗਏ ਹਨ।

ਉਥੇ ਹੀ ਦੂਜੇ ਮ੍ਰਿਤਕ ਨੌਜਵਾਨ ਬਲਜਿੰਦਰ ਸਿੰਘ ਉਮਰ 24 ਸਾਲ ਪੁੱਤਰ ਪਰਮਜੀਤ ਸਿੰਘ ਵਾਸੀ ਲੱਖਣ ਕੇ ਪੱਡਾ ਦੇ ਮਾਮੇ ਸੁਖਪਾਲ ਸਿੰਘ ਗੁੱਡੂ ਵਾਸੀ ਰਾਮਗੜ੍ਹ ਨੇ ਦੱਸਿਆ ਕਿ ਬਲਜਿੰਦਰ ਸਿੰਘ ਕਰੀਬ 5 ਸਾਲ ਪਹਿਲਾਂ ਚੰਗੇ ਭਵਿੱਖ ਦੀ ਤਲਾਸ਼ ਵਿਚ ਅਮਰੀਕਾ ਗਿਆ ਸੀ, ਜੋ ਉੱਥੇ ਟਰਾਲਾ ਚਲਾਉਂਦਾ ਸੀ ਪਰ ਬੀਤੇ ਕੱਲ੍ਹ ਸੜਕ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਬਲਜਿੰਦਰ ਦਸਵੀਂ ਤਕ ਸਾਡੇ ਕੋਲ ਨਾਨਕੇ ਪਿੰਡ ਹੀ ਪੜ੍ਹਿਆ ਹੈ ਅਤੇ 12ਵੀਂ ਕਰਨ ਤੋਂ ਬਾਅਦ ਅਮਰੀਕਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਲਜਿੰਦਰ ਦੀ ਮਾਤਾ ਜਦਕਿ ਮੇਰੀ ਭੈਣ ਦੀ ਇਕ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਹੁਣ ਪਰਿਵਾਰ ਵਿੱਚ ਬਲਜਿੰਦਰ ਦਾ ਇਕ ਛੋਟਾ ਭਰਾ ਅਤੇ ਪਿਤਾ ਹਨ। ਇਸ ਘਟਨਾ ਨੇ ਸਾਨੂੰ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। (ਰਜਿੰਦਰ ਭੱਟੀ)-

 

LEAVE A REPLY

Please enter your comment!
Please enter your name here