ਅੱਜ ਫਿਰ ਕੀਤੇ ਵਿੱਤ ਮੰਤਰੀ ਨੇ ਵੱਡੇ ਐਲਾਨ

244
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਨਾਲ ਸਬੰਧਤ 5ਵੇਂ ਤੇ ਅੰਤਮ ਪੜਾਅ ਦੇ ਐਲਾਨ ਕਰ ਰਹੇ ਹਨ। ਵਿੱਤ ਮੰਤਰੀ ਬੁੱਧਵਾਰ ਤੋਂ ਲਗਾਤਾਰ ਪ੍ਰੈੱਸ ਕਾਨਫਰੰਸ ਰਾਹੀਂ ਕਿਸ਼ਤਾਂ ਵਿੱਚ 20 ਲੱਖ ਕਰੋੜ ਰੁਪਏ ਦੇ ਵਿਸ਼ੇਸ਼ ਆਰਥਿਕ ਪੈਕੇਜ ਨਾਲ ਜੁੜੀਆਂ ਖਾਸ ਗੱਲਾਂ ਸਾਂਝੀਆਂ ਕਰਦੇ ਆ ਰਹੇ ਹਨ। ਇਸ ਪੈਕੇਜ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12 ਮਈ, 2020 ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਕੀਤਾ ਸੀ।

ਸੀਤਾਰਮਨ ਨੇ ਕਿਹਾ ਕਿ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਲਈ ਆਰਥਿਕ ਪੈਕੇਜ ਵਿੱਚ ਲੈਂਡ, ਲੇਬਰ, ਲੀਕਵੀਡਿਟੀ, ਕਾਨੂੰਨ ਵਰਗੀਆਂ ਚੀਜ਼ਾਂ ‘ਤੇ ਜ਼ੋਰ ਦਿੱਤਾ ਗਿਆ ਹੈ, ਜਿਵੇਂ ਪ੍ਰਧਾਨ ਮੰਤਰੀ ਨੇ ਕਿਹਾ ਹੈ।

ਅੱਜ 5ਵੀਂ ਤੇ ਅੰਤਿਮ ਕਿਸ਼ਤ ਦੇ ਕੁਝ ਵੱਡੇ ਐਲਾਨ
  • ਮਨਰੇਗਾ ਲਈ ਬਜਟ ਅਲਾਟਮੈਂਟ ਵਿੱਚ 40,000 ਕਰੋੜ ਰੁਪਏ ਦਾ ਵਾਧਾ ਕੀਤਾ ਜਾਵੇਗਾ। ਇਸ ਨਾਲ ਪਿੰਡਾਂ ਵਿੱਚ ਪਰਤਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਵਧੇਰੇ ਕੰਮ ਮਿਲੇਗਾ। ਇਸ ਨਾਲ ਪੇਂਡੂ ਆਰਥਿਕਤਾ ਮਜ਼ਬੂਤ ਹੋਵੇਗੀ।
  • ਵਿੱਤ ਮੰਤਰੀ ਨੇ ਕਿਹਾ ਕਿ ਸਿਹਤ ਕਰਮਚਾਰੀਆਂ ਲਈ 50 ਲੱਖ ਦੇ ਬੀਮੇ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੀ ਰੱਖਿਆ ਲਈ, ਮਹਾਮਾਰੀ ਐਕਟ ‘ਚ ਬਦਲਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਸਿੱਖਿਆ ਲਈ ਟੈਕਨਾਲੋਜੀ ਦੀ ਵਰਤੋਂ ਵਧੀ ਹੈ।
  • ਉਨ੍ਹਾਂ ਦੱਸਿਆ ਕਿ ਇਸ ਸਮੇਂ ਪੀਪੀਈ ਦੇ 300 ਤੋਂ ਵੱਧ ਘਰੇਲੂ ਨਿਰਮਾਤਾ ਹਨ, ਜਦੋਂ ਕਿ ਕੋਰੋਨਾ ਵਾਇਰਸ ਤੋਂ ਪਹਿਲਾਂ ਇੱਕ ਵੀ ਘਰੇਲੂ ਨਿਰਮਾਤਾ ਨਹੀਂ ਸੀ। ਉਨ੍ਹਾਂ ਦੱਸਿਆ ਕਿ ਹੁਣ ਦੇਸ਼ ਵਿੱਚ ਤਿੰਨ ਲੱਖ ਤੋਂ ਵੱਧ ਪੀਪੀਈ ਬਣਾਈਆਂ ਜਾ ਰਹੀਆਂ ਹਨ।
  • ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਕਈ ਉਪਾਅ ਕੀਤੇ ਹਨ। ਕੋਵਿਡ -19 ਲਈ ਸਰਕਾਰ ਵਲੋਂ 15,000 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਸੀ। ਇਸ ਵਿਚੋਂ 4,113 ਕਰੋੜ ਰੁਪਏ ਰਾਜਾਂ ਨੂੰ ਜਾਰੀ ਕੀਤੇ ਜਾ ਚੁੱਕੇ ਹਨ।
  • ਜ਼ਰੂਰੀ ਪਦਾਰਥਾਂ ਲਈ 3,750 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ. ਕੇਂਦਰ ਸਰਕਾਰ ਨੇ ਲੈਬਾਂ ਤੇ ਕਿੱਟਾਂ ਦੀ ਜਾਂਚ ਲਈ 550 ਕਰੋੜ ਰੁਪਏ ਦੀ ਵਿਵਸਥਾ ਕੀਤੀ ਹੈ।
  • ਉੱਜਵਲਾ ਸਕੀਮ ਦੇ ਲਾਭਪਾਤਰੀਆਂ ਨੂੰ ਡੀਬੀਟੀ ਰਾਹੀਂ ਲਾਭ ਪਹੁੰਚਾਇਆ ਗਿਆ ਹੈ। 8 ਕਰੋੜ ਪ੍ਰਵਾਸੀ ਮਜ਼ਦੂਰਾਂ ਲਈ 35 ਕਰੋੜ ਅਨਾਜ ਤੇ ਵੱਖਰੇ ਖਰਚ ਕੀਤੇ ਗਏ ਹਨ। 86000 ਕਰੋੜ ਦੇ ਕਰਜ਼ੇ ਕਿਸਾਨਾਂ ਨੂੰ ਦਿੱਤੇ ਗਏ ਹਨ। ਵਿੱਤ ਮੰਤਰੀ ਨੇ ਕਿਹਾ ਕਿ 12 ਲੱਖ ਈਪੀਐਫਓ ਮੈਂਬਰਾਂ ਨੇ ਆਨਲਾਈਨ ਪੈਸੇ ਕੱਢਵਾਉਣ ਦੀ ਸਹੂਲਤ ਦਾ ਲਾਭ ਲਿਆ।
  • ਉਨ੍ਹਾਂ ਕਿਹਾ ਕਿ ਸਰਕਾਰ ਨੇ 2000 ਰੁਪਏ 8.19 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਹਨ। ਉਨ੍ਹਾਂ ਕਿਹਾ ਕਿ 20 ਕਰੋੜ ਜਨ ਧਨ ਖਾਤਿਆਂ ਵਿੱਚ ਸਿੱਧੀ ਸਹਾਇਤਾ ਦਿੱਤੀ ਗਈ।