ਸੰਜੀਵ ਸਿੰਘ ਸੈਣੀ, ਮੁਹਾਲੀ
ਕਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿੱਚ ਹਾਹਾਕਾਰ ਮਚਾਈ ਹੋਈ ਹੈ । ਭਾਰਤ ਵਿੱਚ ਲੋਕ 22 ਮਾਰਚ ਤੋਂ ਤਕਰੀਬਨ ਆਪਣੇ ਘਰਾਂ ਵਿੱਚ ਕੈਦ ਹਨ ।ਲਾਕਡਾਊਨ ਚਾਰ ਦੌਰਾਨ ਸਰਕਾਰ ਨੇ ਕੁਝ ਚੀਜ਼ਾਂ ਤੇ ਢਿੱਲ ਦਿੱਤੀ ਹੈ ।ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਛੇੜਖਾਨੀ ਕੀਤੀ ।ਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ।ਜਨਸੰਖਿਆ ਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ।ਸਤਲੁਜ ,ਬਿਆਸ ਵਰਗੇ ਦਰਿਆਵਾਂ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਸੀ। ਕੁਦਰਤ ਲਗਾਤਾਰ ਵਾਰ ਵਾਰ ਇਸ਼ਾਰੇ ਕਰ ਰਹੀ ਹੈ, ਮਨੁੱਖ ਫਿਰ ਵੀ ਨਹੀਂ ਸੰਭਲਿਆ ।
2005 ਵਿੱਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ ।2012 ਵਿੱਚ ਜੋ ਉੱਤਰਾਖੰਡ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ ।ਭੂਚਾਲ ਆਉਣ ਨਾਲ ਵੱਡੀਆਂ ਵੱਡੀਆਂ ਇਮਾਰਤਾਂ ਡਿੱਗੀਆਂ ।ਕਿੰਨਾ ਜਾਨ ਮਾਲ ਦਾ ਨੁਕਸਾਨ ਹੋਇਆ ।ਫਿਰ ਵੀ ਮਨੁੱਖ ਨਹੀਂ ਸੰਭਲਿਆ । ਫੈਕਟਰੀਆਂ ਦੀ ਰਹਿੰਦ ਖੂੰਦ ਨੂੰ ਦਰਿਆਵਾਂ ਵਿੱਚ ਸੁਟ ਦਿੱਤਾ ਜਾ ਰਿਹਾ ਸੀ। ਖਬਰਾਂ ਪੜ੍ਹਨ ਨੂੰ ਮਿਲਦੀਆਂ ਸਨ ਕਿ ਬਿਆਸ ਦਰਿਆ ਵਿੱਚ ਕਈ ਮੱਛੀਆਂ ਪ੍ਰਦੂਸ਼ਣ ਕਰਕੇ ਮਰ ਗਈਆਂ ।ਹੋਰ ਤਾਂ ਹੋਰ ਲੋਕ ਲਿਫ਼ਾਫ਼ੇ ਦੇ ਲਿਫਾਫੇ ਦਰਿਆਵਾਂ ਵਿੱਚ ਸੁੱਟਦੇ ਸਨ। ਜੇ ਘਰ ਵਿੱਚ ਹਵਨ ਕਰਵਾਉਣਾ ਉਸ ਦੀ ਸਮੱਗਰੀ ਥੈਲੇ ਭਰ ਕੇ ਦਰਿਆਵਾਂ ਵਿੱਚ ਸੁੱਟੀ ਜਾਂਦੀ ਸੀ ।
ਫੇਫੜਿਆਂ ,ਦਿਲ ਦੇ ਮਰੀਜ਼ ਬਣਦੇ ਜਾ ਰਹੇ ਸਨ।ਹਸਪਤਾਲਾਂ ਵਿੱਚ ਲੋਕਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲਦੀਆਂ ਸਨ।ਆਏ ਦਿਨ ਹਸਪਤਾਲਾਂ ਵਿੱਚ ਪਤਾ ਨਹੀਂ ਕਿੰਨੇ ਕੁ ਮਰੀਜ਼ਾਂ ਦੇ ਸਟੰਟ ਪੈਂਦੇ ਸਨ। ਕੋਈ ਬਲੱਡ ਪ੍ਰੈਸ਼ਰ ਦਾ ਮਰੀਜ਼ ਜਾਂ ਕੋਈ ਸਟੰਟ ਪਾਉਣ ਲਈ ਹਸਪਤਾਲਾਂ ਦੇ ਚੱਕਰ ਲਗਾਉਂਦਾ ਸੀ । ਬਜ਼ੁਰਗਾਂ ਦੀ ਗੱਲ ਸੁਣਨ ਲਈ ਬੱਚਿਆਂ ਕੋਲ ਸਮਾਂ ਨਹੀਂ ਸੀ ।ਹਰ ਪਾਸੇ ਪੈਸੇ ਦਾ ਬੋਲ ਬਾਲਾ ਸੀ ।ਇਨਸਾਨੀਅਤ ਖ਼ਤਮ ਹੀ ਹੋ ਚੁੱਕੀ ਸੀ । ਸੁਆਦਾਂ ਲਈ ਜੀਵ ਜੰਤੂਆਂ ਤੱਕ ਨੂੰ ਨਹੀਂ ਬਖਸ਼ਿਆ ।ਪੰਜ ਤਾਰਾ ਹੋਟਲਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂਆਂ ਦਾ ਮਸਾਲੇ ਲਗਾ ਕੇ ਮੀਟ ਖਾਇਆ ਜਾ ਰਿਹਾ ਸੀ ।ਸਮਾਂ ਤਾਂ ਸਭ ਦਾ ਹੀ ਹੁੰਦਾ ਹੈ ।
ਅੱਜ ਕੁਦਰਤ ਦੀ ਅਜਿਹੀ ਖੇਡ ਹੋਈ ,ਮਨੁੱਖ ਕੈਦ ਹੈ ਤੇ ਜੀਵ ਜੰਤੂ ਆਜ਼ਾਦ ਹਨ।ਉੱਤਰ ਭਾਰਤ ਵਿੱਚ ਪਿਛਲੇ ਵੀਹ ਸਾਲਾਂ ਤੋਂ ਸਭ ਤੋਂ ਘੱਟ ਪ੍ਰਦੂਸ਼ਣ ਹੈ। ਕੁਦਰਤੀ ਜੀਵ ਜੰਤੂਆਂ ਨੂੰ ਸੁੱਖ ਦਾ ਸਾਹ ਆਇਆ ਹੈ ।ਪੰਜਾਬ ਵਿੱਚ ਚਿੱਟੀ ਬੇਈ, ਕਾਲਾ ਸੰਘਾ ਡਰੇਨ ਦਾ ਪਾਣੀ ਸਾਫ਼ ਸੁਥਰਾ ਹੋ ਚੁੱਕਿਆ ਹੈ ।ਕਿਉਂਕਿ ਉਨ੍ਹਾਂ ਵਿੱਚ ਹੁਣ ਫੈਕਟਰੀਆਂ ਦੀ ਰਹਿੰਦ ਖੁੰਦ ਨੂੰ ਨਹੀਂ ਸੁੱਟਿਆ ਜਾ ਰਿਹਾ ਹੈ । ਲਾਕਡਾਊਨ ਲੱਗਾ ਹੋਇਆ ਹੈ। ਹਰੀਕੇ ਪੱਤਣ ਵਿੱਚ ਪੰਛੀ ਅਠਖੇਲੀਆਂ ਕਰਦੇ ਨਜ਼ਰ ਆ ਰਹੇ ਹਨ।ਬਿਆਸ ਦਰਿਆ ਵਿੱਚ ਡਾਲਫਿਨ ਆਨੰਦ ਮਾਣ ਰਹੀਆਂ ਹਨ । ਮੁਰਝਾਏ ਹੋਏ ਪੱਤੇ ,ਦਰੱਖਤ ,ਬੂਟੇ ਖਿੱਲ ਖਿਲਾ ਰਹੇ ਹੁੰਦੇ ਹਨ ।ਬੱਚਿਆਂ ਨੂੰ ਪਹਿਲੀ ਵਾਰ ਡੂੰਮਣੇ ਦੇ ਛੱਤੇ ਵੇਖਣ ਨੂੰ ਮਿਲ ਰਹੇ ਹਨ ।
ਪਹਾੜਾਂ ਤੇ ਬਰਫ ਜੰਮੀ ਹੋਈ ਦਿਖ ਰਹੀ ਹੈ ।ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੇ ਭਾਰਤ ਵਿੱਚ ਪ੍ਰਦੂਸ਼ਣ ਦਾ ਪੱਧਰ ਸੁਧਰਿਆ ਹੈ ।ਗ੍ਰਹਿ ਤੇ ਤਾਰੇ ਚਮਕਣ ਲੱਗੇ ਹਨ। ਜੰਮੂ ਤੋਂ ਪੀਰ ਪੰਜਾਲ ਦੀਆਂ ਪਹਾੜੀਆਂ ਤੇ ਬਰਫ ਦੇਖਣ ਦਾ ਨਜ਼ਾਰਾ ਬਹੁਤ ਹੀ ਦਿਲ ਖਿੱਚਵਾਂ ਹੈ । ਇਹ ਹੁਣ ਸੰਭਲਣ ਦਾ ਸਮਾਂ ਹੈ ।ਜੇ ਇੰਨਾ ਕੁਝ ਹੋ ਕੇ ਇਨਸਾਨ ਨਹੀਂ ਸੁਧਰਿਆ, ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ ।ਵਿਚਾਰਨ ਵਾਲੀ ਗੱਲ ਹੈ ਕਿ ਹੁਣ ਇਨਸਾਨ ਇਹ ਸਾਫ਼ ਸੁਥਰੀ ਹਵਾ ਨੂੰ ਬਰਕਰਾਰ ਰੱਖ ਪਾਏਗਾ ਜਾਂ ਨਹੀਂ ?