ਕੋਰੋਨਾ ਕਾਰਨ ਚੱਲ ਰਹੀ ਤਾਲਾਬੰਦੀ ਦੌਰਾਨ ਆਨਲਾਈਨ ਕਲਾਸਾਂ ਦੀ ਸਫ਼ਲਤਾ ਬਾਰੇ ਜਦ ਮੈਂ ਆਪਣੇ ਅਧਿਆਪਕ ਸਾਥੀਆਂ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ, ”ਮੁਸ਼ਕਲਾਂ ਤਾਂ ਬਹੁਤ ਆ ਰਹੀਆਂ ਹਨ। ਕਈ ਅਧਿਆਪਕ ਕੈਮਰੇ ਦਾ ਸਾਹਮਣਾ ਕਰਨ ਤੋਂ ਝਿਜਕਦੇ ਹਨ। ਕਈ ਅਧਿਆਪਕਾਵਾਂ ਅਤੇ ਵਿਦਿਆਰਥਣਾਂ ਦੇ ਮਾਪੇ ਉਨ੍ਹਾਂ ਨੂੰ ਆਨਲਾਈਨ ਹੋਣ ਦੀ ਆਗਿਆ ਹੀ ਨਹੀਂ ਦੇ ਰਹੇ। ਕਈ ਅਧਿਆਪਕ ਤਾਂ ਕਿਤਾਬਾਂ ਦੀਆਂ ਫੋਟੋਆਂ ਖਿੱਚ ਕੇ ਵ੍ਹਟਸਐਪ ਰਾਹੀਂ ਬੱਚਿਆਂ ਨੂੰ ਭੇਜੀ ਜਾ ਰਹੇ ਹਨ। ਕਈ ਪੱਛੜੇ ਇਲਾਕਿਆਂ ਦੇ ਵਿਦਿਆਰਥੀ ਇਸ ਵਿਧੀ ਨਾਲ ਤੁਰ ਹੀ ਨਹੀਂ ਪਾ ਰਹੇ ਹਨ।” ਉਨ੍ਹਾਂ ਦੇ ਜਵਾਬ ਕਾਰਨ ਮੈਨੂੰ ਤਸਵੀਰ ਕਾਫ਼ੀ ਹੱਦ ਤਕ ਸਾਫ਼ ਹੋ ਗਈ ਸੀ।
ਦੁਨੀਆ ਦੇ ਇਤਿਹਾਸ ਵਿਚ ਸ਼ਾਇਦ ਦੂਸਰੀ ਸੰਸਾਰ ਜੰਗ ਤੋਂ ਬਾਅਦ ਕੋਰੋਨਾ ਮਹਾਮਾਰੀ ਇਕ ਅਜਿਹਾ ਵਰਤਾਰਾ ਹੈ ਜਿਸ ਨੇ ਹਰ ਦੇਸ਼ ਨੂੰ ਸਿੱਧੇ ਜਾਂ ਅਸਿੱਧੇ ਤੌਰ ‘ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਾਰਤ ਵਰਗੇ ਮੁਲਕਾਂ ਵਿਚ ਤਾਂ ਸਮੁੱਚੇ ਢਾਂਚੇ ਦੀਆਂ ਚੂਲ਼ਾਂ ਹੀ ਹਿੱਲ ਗਈਆਂ ਹਨ। ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕੀਤੀ ਗਈ ਤਾਲਾਬੰਦੀ ਅਤੇ ਲਗਾਏ ਗਏ ਕਰਫਿਊ ਦੌਰਾਨ ਸਕੂਲਾਂ-ਕਾਲਜਾਂ ਦੇ ਅਧਿਆਪਕ ਘਰਾਂ ਤੋਂ ਹੀ ਵਿਦਿਆਰਥੀਆਂ ਨੂੰ ਵ੍ਹਟਸਐਪ, ਈ-ਮੇਲ, ਸਕਾਈਪ, ਈ-ਪਾਠਸ਼ਾਲਾ, ਗੂਗਲ ਕਲਾਸਰੂਮ, ਜ਼ੂਮ-ਐਪ, ਸਕੂਲਾਂ-ਕਾਲਜਾਂ ਦੇ ਯੂ-ਟਿਊਬ ਚੈਨਲਾਂ ਰਾਹੀਂ ਵਿਦਿਆਰਥੀਆਂ ਨੂੰ ਅਸਾਈਨਮੈਂਟਸ, ਪੀਪੀਟੀ, ਪੀਡੀਐੱਫ ਫਾਈਲਾਂ ਭੇਜ ਕੇ ਪੜ੍ਹਾ ਰਹੇ ਹਨ। ਭਾਵੇਂ ਨਵੀਂ ਪੀੜ੍ਹੀ ਦੇ ਅਧਿਆਪਕਾਂ ਲਈ ਇਹ ਕਾਰਜ ਸੁਖਾਲਾ ਹੋਵੇਗਾ ਪਰ ਪੁਰਾਣੇ ਅਧਿਆਪਕਾਂ ਜੋ ਇਨ੍ਹਾਂ ਨਵੀਆਂ ਤਕਨੀਕਾਂ ਦੇ ਆਦੀ ਨਹੀਂ ਹਨ, ਉਨ੍ਹਾਂ ਲਈ ਇਹ ਇਕ ਟੇਢਾ ਕੰਮ ਹੈ। ਇਕ ਚੰਗਾ ਅਧਿਆਪਕ ਹੋਣ ਦੇ ਬਾਵਜੂਦ ਆਨਲਾਈਨ ਸਿੱਖਿਆ ਦੀਆਂ ਵਿਧੀਆਂ ਰਾਹੀਂ ਪੜ੍ਹਾਉਣ ਦੇ ਮਾਮਲੇ ਵਿਚ ਉਹ ਪੂਰਾ ਨਿਆਂ ਨਹੀਂ ਕਰ ਪਾ ਰਹੇ ਜਿਸ ਕਾਰਨ ਵਿਦਿਆਰਥੀਆਂ ਦਾ ਨੁਕਸਾਨ ਹੋ ਰਿਹਾ ਹੈ। ਖ਼ਾਸ ਤੌਰ ‘ਤੇ ਪੇਂਡੂ ਇਲਾਕਿਆਂ ਦੇ ਸਕੂਲਾਂ-ਕਾਲਜਾਂ ਵਿਚ ਆਨਲਾਈਨ ਹੋ ਕੇ ਪੜ੍ਹਨ-ਪੜ੍ਹਾਉਣ ਦਾ ਕਾਰਜ ਬਹੁਤਾ ਕਾਮਯਾਬ ਸਿੱਧ ਨਹੀਂ ਹੋ ਰਿਹਾ। ਕਈ ਘਰਾਂ ਵਿਚ ਇਕ ਹੀ ਸਮਾਰਟਫੋਨ ਹੈ ਪਰ ਪੜ੍ਹਨ ਵਾਲੇ ਬੱਚੇ ਜ਼ਿਆਦਾ ਹਨ ਜਾਂ ਕਈ ਵਾਰ ਇੱਕੋ ਸਮੇਂ ਅਧਿਆਪਕ ਅਤੇ ਵਿਦਿਆਰਥੀ ਕੁਨੈਕਟ ਨਹੀਂ ਹੋ ਪਾਉਂਦੇ ਜਾਂ ਸਾਰੇ ਵਿਦਿਆਰਥੀਆਂ ਨਾਲ ਅਧਿਆਪਕ ਜੁੜ ਹੀ ਨਹੀਂ ਪਾਉਂਦਾ। ਜੇਕਰ ਵੈਸੇ ਹੀ ਅਧਿਆਪਕ ਨੇ ਕੋਈ ਸੈਲਫ ਸਟੱਡੀ ਲਈ ਲਿੰਕ ਭੇਜਿਆ ਹੈ ਤਾਂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਕਿ ਵਿਦਿਆਰਥੀ ਨੇ ਉਸ ਨੂੰ ਖੋਲ੍ਹ ਕੇ ਵੇਖਿਆ ਵੀ ਹੈ ਕਿ ਨਹੀਂ। ਇਸ ਲਈ ਅੱਜਕੱਲ੍ਹ ਸਕੂਲਾਂ-ਕਾਲਜਾਂ ਵਿਚ ਆਨਲਾਈਨ ਚੱਲ ਰਹੀਆਂ ਕਲਾਸਾਂ ਦਾ ਜਿੰਨਾ ਰੌਲਾ ਪੈ ਰਿਹਾ ਹੈ, ਜ਼ਮੀਨੀ ਸੱਚਾਈ ਇੰਨੀ ਸੁਹਾਵਣੀ ਨਹੀਂ ਹੈ।
ਸੱਚਾਈ ਦਾ ਇਕ ਪੱਖ ਇਹ ਵੀ ਹੈ ਕਿ ਕੁਝ ਕੁ ਮੁਕਾਬਲੇ ਵਾਲੀਆਂ (ਮੈਡੀਕਲ ਅਤੇ ਇੰਜੀਨੀਅਰਿੰਗ) ਕਲਾਸਾਂ ਲਈ ਟਿਊਸ਼ਨਾਂ ਨੂੰ ਛੱਡ ਕੇ ਬਾਕੀ ਟਿਊਸ਼ਨਾਂ ਪੜ੍ਹਾ ਰਹੇ ਸਕੂਲ ਅਧਿਆਪਕਾਂ ਨੇ ਬੱਚਿਆਂ ਨੂੰ ਜੁੜੇ ਰੱਖਣ ਲਈ ਆਨਲਾਈਨ ਟੀਚਿੰਗ ਦੇ ਨਾਂ ‘ਤੇ ਘਾਲਾ-ਮਾਲਾ ਕੀਤਾ ਹੈ। ਉਹ ਕਦੇ-ਕਦਾਈਂ ਦੋ-ਚਾਰ ਫੋਟੋ ਕਾਪੀਆਂ ਭੇਜ ਕੇ ਜਾਂ ਕਿਸੇ ਚੈਪਟਰ ਦੇ ਇਕ-ਦੋ ਪ੍ਰਸ਼ਨ ਹੱਲ ਕਰ ਕੇ ਫਿਰ ‘ਰੈਸਟ ਡੂ ਇਟ ਯੂਅਰਸੈਲਫ’ (ਬਾਕੀ ਆਪ ਕਰੋ) ਲਿਖ ਕੇ ਕੰਮ ਚਲਾ ਰਹੇ ਹਨ। ਇਸ ਨਾਲ ਵਿਦਿਆਰਥੀ ਨੂੰ ਅਸਲ ਵਿਚ ਕੋਈ ਲਾਭ ਹੋ ਵੀ ਰਿਹਾ ਹੈ ਕਿ ਨਹੀਂ, ਇਸ ਗੱਲ ਨਾਲ ਉਨ੍ਹਾਂ ਟਿਊਟਰਾਂ ਦਾ ਬਹੁਤਾ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਦਾ ਇੱਕੋ ਮਕਸਦ ਮੌਜੂਦਾ ਤਾਲਾਬੰਦੀ ਦੀ ਆੜ ਵਿਚ ਆਪਣਾ ਸਮਾਂ ਪੂਰਾ ਕਰ ਕੇ ਵਿਦਿਆਰਥੀਆਂ ਤੋਂ ਪੈਸੇ ਬਟੋਰਨਾ ਹੈ। ਆਨਲਾਈਨ ਪੜ੍ਹਾਈ ਦੀ ਦੌੜ ਵਿਚ ਇਹ ਹਕੀਕਤ ਵੀ ਅੱਖੋਂ-ਪਰੋਖੇ ਹੋ ਰਹੀ ਹੈ ਕਿ ਸਾਰੇ ਵਿਦਿਆਰਥੀਆਂ ਦਾ ਦਿਮਾਗੀ ਪੱਧਰ ਇੱਕੋ ਜਿਹਾ ਨਹੀਂ ਹੁੰਦਾ। ਮੋਬਾਈਲ ਜਾਂ ਕੰਪਿਊਟਰ ਸਕਰੀਨ ਤੋਂ ਪੜ੍ਹ ਕੇ ਆਪੇ ਹੀ ਗੱਲ ਨੂੰ ਸਮਝਣਾ ਹਰੇਕ ਵਿਦਿਆਰਥੀ ਦੇ ਵੱਸ ਦੀ ਗੱਲ ਨਹੀਂ ਹੁੰਦੀ। ਫਿਰ ਵੀ, ਇਸ ਮੌਕੇ ਇਹ ਸਭ ਕੁਝ ਪ੍ਰਵਾਨ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਇਹ ਅਚਾਨਕ ਆ ਪਿਆ ਸੰਕਟਕਾਲ ਹੈ। ਇੰਨੇ ਵੱਡੇ ਪੱਧਰ ‘ਤੇ ਸਿਲੇਬਸ ਦੀ ਆਨਲਾਈਨ ਪੜ੍ਹਾਈ ਕਰਨ ਬਾਰੇ ਨਾ ਤਾਂ ਅਧਿਆਪਕਾਂ ਨੇ ਸੋਚਿਆ ਸੀ, ਨਾ ਹੀ ਵਿਦਿਆਰਥੀਆਂ ਨੇ। ਇੰਜ ਪ੍ਰਤੀਤ ਹੋ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਨੇੜ ਭਵਿੱਖ ਵਿਚ ਸਾਡਾ ਖਹਿੜਾ ਨਹੀਂ ਛੱਡਣ ਵਾਲੀ। ਇਹ ਸਕੂਲਾਂ-ਕਾਲਜਾਂ ਦੀ ਪੜ੍ਹਾਈ ਨੂੰ ਲੰਬੇ ਸਮੇਂ ਤਕ ਪ੍ਰਭਾਵਿਤ ਕਰਦੀ ਦਿਸ ਰਹੀ ਹੈ। ਇਸ ਦੇ ਮੱਦੇਨਜ਼ਰ ਆਨਲਾਈਨ ਪੜ੍ਹਾਈ ਦੀ ਵਿਧੀ ਨੂੰ ਪੂਰਨ ਤੌਰ ‘ਤੇ ਸਮਝਣ ਅਤੇ ਅਪਣਾਉਣ ਤੋਂ ਝਿਜਕਣ ਵਾਲੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਹਾਂ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣਾ ਹੋਵੇਗਾ। ਹੁਣ ਇਹ ਮੰਨ ਕੇ ਚੱਲਣਾ ਹੋਵੇਗਾ ਕਿ ਆਨਲਾਈਨ ਲੈਕਚਰ ਤੋਂ ਬਿਨਾਂ ਨਾ ਤਾਂ ਅਧਿਆਪਕ ਦੀ ਖਲਾਸੀ ਹੋਵੇਗੀ, ਨਾ ਹੀ ਵਿਦਿਆਰਥੀ ਦੀ। ਆਨਲਾਈਨ ਲਰਨਿੰਗ ਕਿਸੇ ਵੀ ਵਿਸ਼ੇ ‘ਚ ਮੁਹਾਰਤ ਹਾਸਲ ਕਰਨ ਵਾਸਤੇ ਇਕ ਵਧੀਕ ਤਕਨੀਕ ਹੈ ਜਿਸ ਨੂੰ ਅਧਿਆਪਕ ਅਤੇ ਵਿਦਿਆਰਥੀ ਵਾਧੂ ਜਾਣਕਾਰੀ ਲਈ ਜ਼ਰੂਰਤ ਮੁਤਾਬਕ ਅਪਣਾ ਸਕਦੇ ਹਨ।
ਦਰਅਸਲ, ਆਨਲਾਈਨ ਸਿੱਖਿਆ ਕਲਾਸ ਵਿਚ ਪੜ੍ਹਾ ਰਹੇ ਅਧਿਆਪਕ ਦਾ ਬਦਲ ਬਿਲਕੁਲ ਨਹੀਂ ਹੈ। ਕਲਾਸ ਵਿਚ ਅਧਿਆਪਕ ਬੱਚਿਆਂ ਦੇ ਚਿਹਰੇ ਦੇ ਹਾਵ-ਭਾਵ ਪੜ੍ਹ ਕੇ ਪੜ੍ਹਾਉਂਦਾ ਹੈ ਕਿਉਂਕਿ ਉਸ ਦਾ ਹਰ ਵਿਦਿਆਰਥੀ ਨਾਲ ਅੱਖਾਂ ਰਾਹੀਂ ਤਾਲਮੇਲ ਬਣਿਆ ਹੁੰਦਾ ਹੈ। ਲੋੜ ਪੈਣ ‘ਤੇ ਉਹ ਪਾਠ ਦੁਹਰਾਉਂਦਾ ਹੈ। ਇਕੱਲੇ-ਇਕੱਲੇ ਬੱਚੇ ਨੂੰ ਸਵਾਲ-ਜਵਾਬ ਕਰਦਾ ਹੈ। ਜਿੱਥੋਂ ਤਕ ਵਿਦਿਆਰਥੀਆਂ ਦੀ ਪ੍ਰੀਖਿਆ ਲੈਣ ਦਾ ਸਬੰਧ ਹੈ, ਆਨਲਾਈਨ ਟੈਸਟਿੰਗ ਅਬਜੈਕਟਿਵ ਟਾਈਪ ਪ੍ਰਸ਼ਨਾਂ ਲਈ ਤਾਂ ਠੀਕ ਹੈ ਪਰ ਲੰਬੇ ਲੇਖ-ਕਿਸਮ ਦੇ ਜਵਾਬਾਂ ਲਈ ਵੱਖਰੀ ਤਰ੍ਹਾਂ ਦੀਆਂ ਮੁਸ਼ਕਲਾਂ ਹਨ। ਇੱਥੇ ਵੀ ਜਮਾਤ ਵਿਚ ਪੜ੍ਹਾ ਰਹੇ ਅਧਿਆਪਕ ਦਾ ਕੋਈ ਮੁਕਾਬਲਾ ਨਹੀਂ ਹੈ।
ਭਾਵੇਂ ਆਨਲਾਈਨ ਸਿੱਖਿਆ ਅਜੋਕੇ ਸਮੇਂ ਦੀ ਮੰਗ ਹੈ ਅਤੇ ਇਸ ਤਕਨੀਕ ਬਾਬਤ ਅਧਿਆਪਕ ਅਤੇ ਵਿਦਿਆਰਥੀ ਦੋਹਾਂ ਦੀ ਮੁਹਾਰਤ ਹੋਣੀ ਜ਼ਰੂਰੀ ਹੈ, ਫਿਰ ਵੀ ਪੜ੍ਹਾਉਣ ਪ੍ਰਕਿਰਿਆ ਵਿਚ ਅਧਿਆਪਕ ਨੂੰ ਕਿਸੇ ਵੀ ਹੋਰ ਵਿਗਿਆਨਕ ਵਿਧੀ ਰਾਹੀਂ ਮਨਫ਼ੀ ਕਰਨਾ ਮੁਮਕਿਨ ਨਹੀਂ। ਇਕ ਸਮਾਰਟ ਅਧਿਆਪਕ ਬਿਨਾਂ ਕਿਸੇ ਸਮਾਰਟ ਕਲਾਸਰੂਮ ਜਾਂ ਕੰਪਿਊਟਰ ਤਕਨੀਕ ਦੇ ਆਪਣੇ ਵਿਦਿਆਰਥੀ ਨੂੰ ਨੁਕਤਾ ਸਮਝਾਉਣ ਦੇ ਸਮਰੱਥ ਹੁੰਦਾ ਹੈ। ਇੱਥੋਂ ਤਕ ਕਿ ਉਹ ਵਿਗਿਆਨ ਪੜ੍ਹਾਉਂਦਾ ਹੋਇਆ ਵੀ ਜ਼ਿੰਦਗੀ ਦੀਆਂ ਕਦਰਾਂ-ਕੀਮਤਾਂ ਦੀ ਗੱਲ ਕਰ ਜਾਂਦਾ ਹੈ ਜੋ ਸਿੱਖਿਆ ਦਾ ਇਕ ਬਹੁਤ ਜ਼ਰੂਰੀ ਪੱਖ ਹੈ। ਇਸ ਲਈ ਆਨਲਾਈਨ ਲਰਨਿੰਗ ਨੂੰ ਇਕ ਸਹਾਇਕ ਤਕਨੀਕ ਵਜੋਂ ਤਾਂ ‘ਜੀ ਆਇਆਂ’ ਕਹਿਣਾ ਬਣਦਾ ਹੈ ਪਰ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਪੜ੍ਹਾ ਰਹੇ ਅਧਿਆਪਕ ਦਾ ਕੋਈ ਮੁਕਾਬਲਾ ਨਹੀਂ, ਇਹ ਵੀ ਅਟੱਲ ਸੱਚਾਈ ਹੈ।
ਡਾ. ਲਖਵਿੰਦਰ ਸਿੰਘ ਗਿੱਲ
– ਮੋਬਾਈਲ ਨੰ. 97799-44476
Punjabi jagran with thanks