ਆਪਣੀ ਹੀ ਸਰਕਾਰ ਖਿਲਾਫ ਡਟੇ ਪਰਗਟ ਸਿੰਘ

442

ਜਲੰਧਰ: ਆਪਣੀ ਹੀ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਜਲੰਧਰ ਕੈਂਟ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਤਰੀਆਂ ਤੇ ਅਫਸਰਾਂ ਵਿਚਾਲੇ ਚੱਲ ਰਹੇ ਵਿਵਾਦਾਂ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਸਮਾਂ ਆਪਸ ‘ਚ ਲੜਾਈ ਕਰਨ ਦਾ ਨਹੀਂ। ਸਾਨੂੰ ਇਸ ਦੀ ਬਜਾਏ ਪੰਜਾਬ ਦੇ ਹਿੱਤ ‘ਚ ਫੈਸਲੇ ਲੈਣ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ

ਸਰਕਾਰ ਨੂੰ ਸਭ ਤੋਂ ਵੱਧ ਟੈਕਸ ਐਕਸਾਇਜ਼ ਵਿਭਾਗ ਤੋਂ ਆਉਂਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਸਾਢੇ ਤਿੰਨ ਸਾਲਾਂ ਅੰਦਰ ਸਰਕਾਰ ਤੋਂ ਐਕਸਾਇਜ਼ ਵਿਭਾਗ ਦੀ ਕਾਰਪੋਰੇਸ਼ਨ ਤੱਕ ਨਹੀਂ ਬਣੀ ਹੈ। ਮੌਜੂਦਾ ਸਥਿਤੀ ਇਹ ਹੈ ਕਿ ਰਾਜ ਨੂੰ ਸਾਢੇ ਤਿੰਨ ਸਾਲਾਂ ਅੰਦਰ ਕਰੀਬ 14.5 ਹਜ਼ਾਰ ਕਰੋੜ ਰੁਪਏ ਮਾਲੀਆ ਆਇਆ ਹੈ ਜੋ ਕਿ ਕਾਰਪੋਰੇਸ਼ਨ ਰਾਹੀਂ ਦੋ ਗੁਣਾ ਹੋ ਸਕਦਾ ਸੀ ਯਾਨੀ ਕਰੀਬ 30 ਹਜ਼ਾਰ ਕਰੋੜ ਤੱਕ ਸਕਦਾ ਸੀ।

ਕਾਂਗਰਸੀ ਵਿਧਾਇਕ ਮੁਤਾਬਕ ਰਾਜ ਨੂੰ ਮਾਈਨਿੰਗ ਸਬੰਧੀ ਵੀ ਸਹੀ ਆਮਦਨ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਹੀ ਢੰਗ ਨਾਲ ਇਨ੍ਹਾਂ ਦੋਨਾਂ ਚੀਜ਼ਾਂ ਤੇ ਧਿਆਨ ਦੇਵੇ ਤਾਂ ਸੂਬਾ ਦਾ ਮਾਲੀਆ ਕਾਫੀ ਹੱਦ ਤਕ ਵੱਧ ਸਕਦਾ ਹੈ।

ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਦੀ ਤੁਲਨਾ ਅਕਾਲੀ-ਭਾਜਪਾ ਸਰਕਾਰ ਨਾਲ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ 10 ਸਾਲਾਂ ਅਕਾਲੀ-ਭਾਜਪਾ ਸਰਕਾਰ ਨੇ ਕੰਮ ਕੀਤਾ ਉਸ ਤਰ੍ਹਾਂ ਹੁਣ ਕਾਂਗਰਸ ਸਰਕਾਰ ਵੀ ਕੰਮ ਕਰ ਰਹੀ ਹੈ। ਦੋਵਾਂ ਸਰਕਾਰਾਂ ਦੀ ਕਾਰਗੁਜ਼ਾਰੀ ‘ਚ ਕੋਈ ਬਹੁਤਾ ਫਰਕ ਨਹੀਂ।

ਉਨ੍ਹਾਂ ਕਿਹਾ

ਕਿ ਢੇਡ ਸਾਲ ਬਾਅਦ ਚੋਣ ਹੋਵੇਗੀ। ਇਸ ਤੋਂ ਪਹਿਲਾਂ ਸਾਨੂੰ ਸੀਐਲਪੀ ਦੀ ਬੈਠਕ ਬੁਲਾਣੀ ਚਾਹੀਦੀ ਹੈ। ਜਿਸ ਵਿੱਚ ਸਾਰੇ ਲੀਡਰਾਂ ਨੂੰ ਸੱਦਾ ਦੇਣਾ ਚਾਹੀਦਾ ਹੈ। ਪਰਗਟ ਸਿੰਘ ਨੇ ਕਿਹਾ ਸਾਨੂੰ ਉਨ੍ਹਾਂ ਮੁੱਦਿਆਂ ਤੇ ਧਿਆਨ ਦੇਣ ਦੀ ਸਖਤ ਲੋੜ ਹੈ ਜਿਨ੍ਹਾਂ ਮੁੱਦਿਆਂ ਤੇ ਅਸੀਂ ਸਰਕਾਰ ਬਣਾਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇੱਦਾਂ ਹੀ ਚੱਲਦਾ ਰਿਹਾ ਹੈ ਤਾਂ ਫਿਰ ਸਾਡੇ ਵਿਧਾਅਕ ਤੇ ਨੇਤਾ ਕਿਸ ਤਰ੍ਹਾਂ ਲੋਕਾਂ ਦਾ ਸਾਹਮਣਾ ਕਰਨਗੇ।

ਪੰਜਾਬ ‘ਚ ਕੋਰੋਨਾਵਾਇਰਸ ਕਰਫਿਊ ਦੌਰਾਨ ਨਜਾਇਜ਼ ਸ਼ਰਾਬ ਦੀ ਵਿਕਰੀ ਤੇ ਬੋਲਦਿਆਂ ਪਰਗਟ ਸਿੰਘ ਨੇ ਕਿਹਾ ਕਿ ਲੋਕ ਦੱਸ ਦੇ ਹਨ ਕਿ ਕੋਰੋਨਾਵਾਇਰਸ ਤੋਂ ਬਾਅਦ ਜਦੋਂ ਠੇਕੇ ਖੁੱਲ੍ਹੇ ਤਾਂ ਸਭ ਜਗ੍ਹਾਂ ਭਾਰੀ ਭੀੜ ਵੇਖਣ ਨੂੰ ਮਿਲੀ ਪਰ ਪੰਜਾਬ ‘ਚ ਇੰਝ ਨਹੀਂ ਹੋਇਆ ਜਿਸ ਨਾਲ ਇਹ ਵੀ ਸ਼ੱਕ ਹੁੰਦਾ ਹੈ ਕਿ ਲੌਕਡਾਊਨ ਦੌਰਾਨ ਪੰਜਾਬ ‘ਚ ਵਿਕਦੀ ਰਹੀ ਹੈ।