ਜਦ ਮੈਂ ਸੋਚਾਂ ਵਿਚ ਡੁੱਬ ਜਾਵਾਂ, ਅੰਦਰੋਂ ਅੰਦਰੀ ਝੁਰਦੀ ਜਾਵਾਂ,
ਤਦ ਦਿਆਂ ਹਲੂਣਾ ਆਪੇ ਤਾਈਂ, ਹੰਜਝੂਆਂ ਨੂੰ ਮੈਂ ਢਾਲ ਬਣਾਵਾਂ,
ਤੈਥੋਂ ਝੱਲਿਆ ਰੀਸ ਨੀ ਹੋਣੀ, ਅੰਦਰ ਤੇਰੇ ਟੀਸ ਨੀ ਹੋਣੀ,
ਜਿਸ ਦਿੱਤੀ ਮੈਨੂੰ ਪੀੜ ਕਲੇਜੀਂ, ਓਹਦੇ ਤਾਈਂ ਗੱਲ ਪਹੁੰਚਾਵਾਂ ।
ਫੇਰ ਕੀ ਹੋਇਆ ਉੱਜੜ ਗਈ ਹਾਂ, ਪਹਿਲਾਂ ਨਾਲੋਂ ਸੁਘੜ ਗਈ ਹਾਂ,
ਬੇਫਿਕਰੀ ਹੋ ਪੋਲੀਂ ਪੈਰੀਂ, ਅਪਨੀ ਧੁਨ ਵਿੱਚ ਤੁਰਦੀ ਜਾਵਾਂ ।
ਭਾਵੇਂ ਝੱਖੜ ਝੁੱਲੇ ਬਹੁਤੇ, ਢਹਿ ਗਈ ਹਿੰਮਤ ਖੜੇ ਖਲੋਤੇ ।
ਦੁੱਖ ਦਰਿਆ ਦੇ ਗਹਿਰੇ ਗੋਤੇ, ਪਰ ਨਾ ਸਦਮੇ ਦੇ ਵਿਚ ਜਾਵਾਂ ।
ਨਾ ਮੈਂ ਕਿਸੇ ਦੀ ਨਿਸਬਤ ਕਰਦੀ, ਜੋ ਚਾਹਾਂ ਮਨ ਭਾਉਂਦਾ ਕਰਦੀ,
ਅੰਦਰੋਂ ਨਾਰੀ ਸ਼ਕਤੀ ਆਖੇ, ਕਿਓਂ ਮੈਂ ਅਪਣਾ ਆਪ ਗਵਾਵਾਂ ?
ਵਕਤ ਨੇ ਮਾਰੀਆਂ ਗ਼ੁੱਝੀਆਂ ਮਾਰਾਂ, ਵਿੱਚ ਲੇਖਾਂ ਦੇ ਹਾਰਾਂ ਹੀ ਹਾਰਾਂ,
ਡੁੱਲੀ ਖਿੱਲਰੀ ਖੁਸ਼ੀ ਸੰਵਾਰਾਂ, ਲੱਭ ਕੇ ਭੁੱਲੀਅਾਂ ਭਟਕੀਅਾਂ ਰਾਹਵਾਂ ।
ਕਈ ਮਰਤਬਾ ਮਨ ਵੀ ਡੋਲੇ, ਲੁੱਕ ਲੁੱਕ ਰੋਵੇ ਕੰਧਾਂ ਓਹਲੇ,
ਫਿਰ ਕਰ ਹੌਸਲਾ ਉੱਠਦੀ ਆਪੇ, ਹਿਜਰ ਓਹਦੇ ਦੇ ਟੁੱਕਰ ਖਾਵਾਂ।
ਹਸਰਤ ਜੀਂਦੀ ਮੁੜ ਮਰ ਮਰ ਕੇ, ਦੇਖ ਲਿਆ ਬਥੇਰਾ ਕਰਕੇ,
ਅਪਨੀ ਮੁਸੀਬਤ ਆਪੇ ਸਹਿਣੀ, ਕਿਓਂ ਮੈਂ ਦੁੱਖ ਦਾ ਰਾਗ ਸੁਣਾਵਾਂ
ਕਲਮ ਉਤਾਵਲੀ ਹੋਈ ਰਹਿੰਦੀ, ਲਿਖਣੇ ਨੂੰ ਕੁਝ ਕਹਿੰਦੀ ਰਹਿੰਦੀ, ‘ਸਿਮਰ’ ਹਾਵ ਭਾਵ ਨੂੰ ਸ਼ਬਦਾਂ ਤਾਈਂ, ਲਿੱਖਤਾਂ ਲਿਖ ਕੇ ਮਨ ਪਰਚਾਵਾਂ ।
ਸਿਮਰਜੀਤ ਕੌਰ
ਦਰਦ ਜੋ ਕਿਸੇ ਬਗਾਨੇ ਨਹੀਂ ਆਪਣਿਆਂ ਨੇ ਦਿੱਤੇ ।