ਆਵਾਮ ਦੇ “ਮਨ ਕੀ ਬਾਤ” ਵੀ ਸੁਣ ਲਿਆ ਕਰੋ ਮੋਦੀ ਜੀ

418

ਭਾਰਤ ਦਾ ਪ੍ਰਧਾਨ ਮੰਤਰੀ ਜਦੋਂ ਤੋਂ ਨਰਿੰਦਰ ਮੋਦੀ ਬਣਿਆ ਹੈ, ਉਦੋਂ ਤੋਂ ਹੀ ਮੋਦੀ ਦੇ ਵੱਲੋਂ ਹਰ ਐਤਵਾਰ ਵਾਲੇ ਦਿਨ ਨੂੰ ‘ਮਨ ਕੀ ਬਾਤ’ ਵਾਲਾ ਐਤਵਾਰ ਵਾਲਾ ਬਣਾ ਦਿੱਤਾ ਹੈ ਅਤੇ ਮਨ ਕੀ ਬਾਤ ਪ੍ਰੋਗਰਾਮ ਰੱਖਿਆ ਗਿਆ ਹੈ। ਮਨ ਕੀ ਬਾਤ ਵਿੱਚ ਨਰਿੰਦਰ ਮੋਦੀ ਆਪਣੇ ਮਨ ਦੀਆਂ ਗੱਲਾਂ ਕਰਦੇ ਹਨ ਅਤੇ ਕੁਝ ਜਨਤਾ ਮਸਲਿਆਂ ‘ਤੇ ਵੀ ਬੋਲਦੇ ਹਨ। ਵੈਸੇ ਤਾਂ ਮਨ ਕੀ ਬਾਤ ਵਿੱਚ ਨਰਿੰਦਰ ਮੋਦੀ ਦੇ ਦਿਮਾਗ ਵਿੱਚ ਜੋ ਕੁਝ ਚੱਲਦਾ ਹੁੰਦਾ ਹੈ, ਉਹ ਉਸ ਨੂੰ ਹੀ ਬਿਆਨ ਕਰਦੇ ਹਨ। ਪਰ ਉਹ ਕਦੇ ਵੀ ਲੋਕਾਂ ਦੀਆਂ ਸਮੱਸਿਆਵਾਂ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਕਦੀ ਵੀ ਆਪਣੀ ਮਨ ਕੀ ਬਾਤ ਵਿੱਚ ਸ਼ਾਮਲ ਨਹੀਂ ਕਰਦੇ। ਪਤਾ ਨਹੀਂ ਕਿਉਂ ਮੋਦੀ ਨੂੰ ਇੰਝ ਲੱਗਦਾ ਹੈ ਕਿ ਉਸ ਦੀ ਮਨ ਕੀ ਬਾਤ ਨੂੰ ਸਾਰੇ ਲੋਕ ਹੀ ਪਸੰਦ ਕਰਦੇ ਹੋਣਗੇ। ਵੇਖਿਆ ਜਾਵੇ ਤਾਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ ਮਨ ਕੀ ਬਾਤ ਸੁਣਾ ਕੇ ਕੁਝ ਲੋਕਾਂ ਦਾ ਦਿਲ ਤਾਂ ਪ੍ਰਚਾ ਦਿੱਤਾ ਜਾਂਦਾ ਹੈ, ਪਰ ਉਨ੍ਹਾਂ ਦੀ ਮਨ ਕੀ ਬਾਤ ਸਿਰਫ਼ ਤੇ ਸਿਰਫ਼ ਮਨ ਦੇ ਵਿੱਚ ਹੀ ਰਹਿ ਜਾਂਦੀ ਹੈ, ਉਸ ਉਪਰ ਕਦੇ ਵੀ ਕੋਈ ਕਾਰਵਾਈ ਵਗ਼ੈਰਾ ਨਹੀਂ ਹੁੰਦੀ ਦਿੱਤਾ ਜਾਂਦਾ ਅਤੇ ਨਾ ਹੀ ਉਸ ਤੇ ਕੋਈ ਕਾਂਗਰਸੀ ਭਾਜਪਾਈ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੇ ਆਗੂ ਬੋਲਦੇ ਹਨ। ਇੱਥੇ ਦੱਸ ਦਈਏ ਕਿ ਹਮੇਸ਼ਾਂ ਸੱਚ ਦਾ ਸਾਥ ਦੇਣ ਵਾਲੇ ਕਾਮਰੇਡਾਂ ਵੱਲੋਂ ਹਮੇਸ਼ਾਂ ਹੀ ਮੋਦੀ ਦੀ ਮਨ ਕੀ ਬਾਤ ਉਪਰ ਸਵਾਲ ਚੁੱਕੇ ਜਾਂਦੇ ਰਹੇ ਹਨ। ਇੱਥੇ ਤੁਹਾਨੂੰ ਇਹ ਵੀ ਦੱਸੀਏ ਕਿ ਦੇਸ਼ ਤੋਂ ਇਲਾਵਾ ਦੁਨੀਆਂ ਭਰ ਦੇ 192 ਦੇਸ਼ ਇਸ ਵੇਲੇ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਹੋਏ ਪਏ ਹਨ, ਮੌਤਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ, ਪਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਿਰਫ ਤੇ ਸਿਰਫ ਆਪਣੇ ਮਨ ਕੀ ਬਾਤ ਹੀ ਹਰ ਐਤਵਾਰ ਸੁਣਾ ਕੇ ਸਾਰੇ ਲੋਕ ਮੁੱਦਿਆਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਕਰੋਨਾ ਵਾਇਰਸ ਦੇ ਚਲਦਿਆਂ ਜਨਤਾ ਕਰਫਿਊ ਮੋਦੀ ਦੇ ਵੱਲੋਂ 24 ਮਾਰਚ ਨੂੰ ਪੂਰੇ ਦੇਸ਼ ਦੇ ਅੰਦਰ ਲਗਾਇਆ ਗਿਆ ਸੀ, ਜਿਸ ਤੋਂ ਬਾਅਦ ਕਿਸੇ ਵੀ ਦੇਸ਼ ਦੇ ਨਾਗਰਿਕ ਨੂੰ ਬਾਹਰ ਸੜਕ ‘ਤੇ ਘੁੰਮਣ ਵਗੈਰਾ ਜਾਂ ਫਿਰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਜਨਤਾ ਕਰਫਿਊ ਲੱਗਣ ਤੋਂ ਬਾਅਦ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋ ਗਏ। ਬੇਰੁਜ਼ਗਾਰੀ ਦੇ ਕਾਰਨ ਉਨ੍ਹਾਂ ਦਾ ਚੁੱਲਾ ਵੀ ਠੰਡਾ ਪੈ ਗਿਆ। ਗ਼ਰੀਬ ਮਜ਼ਦੂਰ ਲੋਕ ਕਿਸਾਨ ਮੁਲਾਜ਼ਮ ਆਦਿ ਸਭ ਘਰ ਬੈਠ ਗਏ। ਪਰ ਹਰ ਵਾਰ ਦੀ ਤਰਾਂ ਇਸ ਵਾਰ ਵੀ ਆਪਣੀ ਮਨ ਕੀ ਬਾਤ ਵਿੱਚ ਨਰਿੰਦਰ ਮੋਦੀ ਗਰੀਬ ਮਜ਼ਦੂਰ ਕਿਸਾਨਾਂ ਮੁਲਾਜ਼ਮਾਂ ਅਤੇ ਆਮ ਲੋਕਾਂ ਦੀ ਗੱਲ ਕਰਨਾ ਭੁੱਲ ਗਏ। ਬੇਸ਼ੱਕ ਉਹ ਗਰੀਬਾਂ ਦੇ ਨਾਲ ਮਾਰੀ ਮੋਟੇ ਹਮਦਰਦੀ ਕਰਦੇ ਨਜ਼ਰ ਆਏ, ਪਰ ਉਨ੍ਹਾਂ ਦੀ ਰੋਟੀ ਦਾ ਜਗਾੜ ਕਿਵੇਂ ਹੋਵੇ, ਇਸ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੀ ਮਨ ਕੀ ਬਾਤ ਵਿੱਚ ਆਪਣੇ ਮਨ ਕੀ ਬਾਤ ਰੱਖੀ ਗਈ, ਜਦੋਂ ਕਿ ਜਨਤਾ ਦੀ ਬਾਤ ਤਾਂ ਉਨਾਂ ਵੱਲੋਂ ਆਪਣੀ ਮਨ ਕੀ ਬਾਤ ਵਿੱਚ ਕੀਤੀ ਹੀ ਨਹੀਂ ਗਈ। ਵੈਸੇ ਤਾਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਅਤੇ ਨਰਿੰਦਰ ਮੋਦੀ ਪੱਕੇ ਯਾਰ ਹਨ। ਆਪਸ ਵਿੱਚ ਇਹ ਬਹੁਤ ਸਾਰੀਆਂ ਗੱਲਾਂ ਕਰਦੇ ਹਨ, ਪਰ ਟਰੰਪ ਤੇ ਮੋਦੀ ਦਾ ਕਾਰ ਵਿਹਾਰ ਇੱਕੋਂ ਜਿਹਾ ਹੋ ਗਿਆ ਹੈ। ਅਮਰੀਕਾ ਦੇ ਵਿੱਚ ਟਰੰਪ ਲੋਕਾਂ ਨੂੰ ਸਤਾਈ ਖੜ੍ਹਾ ਹੈ ਅਤੇ ਭਾਰਤ ਦੇ ਵਿੱਚ ਮੋਦੀ ਦੇ ਵੱਲੋਂ ਤਾਂ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਦੀਆਂ ਲੋਕ ਮੰਗਾਂ ਨੂੰ ਪਾਸੇ ਰੱਖ ਕੇ ਹਮੇਸ਼ਾ ਹੀ ਉਹ ਗੱਲਾਂ ਕੀਤੀਆਂ ਹਨ, ਜਿਨ੍ਹਾਂ ਦਾ ਧਨਾਡ ਲੋਕਾਂ ਨੂੰ ਫਾਇਦਾ ਮਿਲ ਸਕੇ।ਮੋਦੀ ਦੇ ਨਾਲ ਯਾਰੀਆਂ ਪਾ ਕੇ ਧਨਾਢ ਲੋਕਾਂ ਵਲੋਂ ਦੇਸ਼ ਨੂੰ ਜਿੱਥੇ ਬਰਬਾਦ ਕੀਤਾ ਜਾ ਰਿਹਾ ਹੈ, ਉੱਥੇ ਹੀ ਦੇਸ਼ ਦੀ ਗਰੀਬ ਜਨਤਾ ਨੂੰ ਵੀ ਕੁਚਲਿਆ ਜਾ ਰਿਹਾ ਹੈ। ਜਿਹੜੀ ਜਨਤਾ ਦੀ ਆਵਾਜ਼ ਮੋਦੀ ਨੂੰ ਚੁੱਕਣੀ ਚਾਹੀਦੀ ਹੈ, ਉਹ ਜਨਤਾ ਦੀ ਆਵਾਜ਼ ਸਿਰਫ ਤੇ ਸਿਰਫ ਰੇਡੀਓ ਤੇ ਹੀ ਰੱਖੀ ਜਾ ਰਹੀ ਹੈ। ਕਿਉਂਕਿ ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਆਪਣੇ ਹੀ ਵਿਚਾਰ ਪੇਸ਼ ਕਰਦੇ ਹਨ।ਜਦੋਂ ਕਿ ਜਨਤਾ ਦੇ ਵੱਲੋਂ ਭੇਜੇ ਗਏ ਸੁਝਾਵਾਂ ਵੱਲ ਕਦੇ ਵੀ ਮੋਦੀ ਖਿਆਲ ਨਹੀਂ ਕਰਦੇ। ਇੱਥੇ ਦੱਸ ਦਈਏ ਕਿ ਗਰੀਬ ਮਜ਼ਦੂਰ ਹੁਣ ਤੱਕ ਕਰੋਨਾ ਵਾਇਰਸ ਦੇ ਨਾਲ ਬੇਸ਼ੱਕ ਨਹੀਂ ਮਰਿਆ, ਪਰ ਭੁੱਖ ਦੇ ਨਾਲ ਗ਼ਰੀਬ ਮਜ਼ਦੂਰ ਲੋਕ ਜ਼ਰੂਰ ਮਰ ਜਾਣਗੇ। ਕਿਉਂਕਿ ਉਨ੍ਹਾਂ ਦੇ ਕੋਲ ਤਾਂ ਦੋ ਵੇਲੇ ਦਾ ਆਟਾ ਵੀ ਨਹੀਂ। ਜਨਤਾ ਭੁੱਖੀ ਮਰ ਰਹੀ ਹੈ, ਨਰਿੰਦਰ ਮੋਦੀ ਨੇ ਮਨ ਕੀ ਬਾਤ ਦੀ ਪਈ ਹੈ। ਮਨ ਕੀ ਬਾਤ ਵਿੱਚ ਨਰਿੰਦਰ ਮੋਦੀ ਪਿਛਲੇ ਛੇ ਸੱਤ ਸਾਲਾਂ ਤੋਂ ਜਨਤਾ ਨੂੰ ਮੂਰਖ ਬਣਾ ਰਹੇ ਹਨ। ਮੋਦੀ ਤੋਂ ਇਲਾਵਾ ਹੋਰ ਵੀ ਜਿੰਨੀਆਂ ਸਰਕਾਰਾਂ ਦੇਸ਼ ਦੀ ਸੱਤਾ ਵਿੱਚ ਆਈਆਂ ਹਨ, ਹਰ ਸਰਕਾਰ ਦੇ ਵੱਲੋਂ ਹੀ ਜਨਤਾ ਦੇ ਮੁੱਦਿਆਂ ਨੂੰ ਖਤਮ ਕਰਕੇ ਆਪਣੇ ਹੀ ਬਿਆਨਾਂ ਅਤੇ ਕਾਨੂੰਨਾਂ ਨੂੰ ਜਨਤਾ ਦੇ ਉਪਰ ਥੋਪਿਆ ਜਾਂਦਾ ਰਿਹਾ ਹੈ। ਸਰਕਾਰ ਵੱਲੋਂ ਕਰੋਨਾ ਵਾਇਰਸ ਦਾ ਡਰ ਪਾ ਕੇ ਜਨਤਾ ਨੂੰ ਇਸ ਪ੍ਰਕਾਰ ਗੁੰਮਰਾਹ ਕੀਤਾ ਜਾ ਰਿਹਾ ਹੈ, ਕਿ ਜਿਵੇਂ ਇਹ ਵਾਇਰਸ ਉਨ੍ਹਾਂ ਤੋਂ ਵੀ ਵੱਧ ਖ਼ਤਰਨਾਕ ਹੋਵੇ, ਜੋ ਸੱਤਾ ਦੇ ਵਿੱਚ ਬਿਰਾਜਮਾਨ ਹਨ। ਜੇਕਰ ਧਿਆਨ ਮਾਰੀਏ ਤਾਂ ਕਰੋਨਾ ਵਾਇਰਸ ਤੋਂ ਇਲਾਵਾ ਕੈਂਸਰ ਟੀਬੀ ਅਤੇ ਹੋਰ ਭਿਆਨਕ ਬਿਮਾਰੀਆਂ ਦੇ ਨਾਲ ਲੋਕ ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਮਰ ਰਹੇ ਹਨ, ਪਰ ਸਾਡੇ ਦੇਸ਼ ਦੀਆਂ ਸਰਕਾਰਾਂ ਤੋਂ ਇਲਾਵਾ ਬਾਹਰਲੇ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਉਨ੍ਹਾਂ ਮੌਤਾਂ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਜਾਂਦਾ। ਇੱਥੇ ਦੱਸ ਦਈਏ ਕਿ ਜਨਤਾ ਦੀ ਮਨ ਕੀ ਬਾਤ ਨਰਿੰਦਰ ਮੋਦੀ ਦੇ ਵੱਲੋਂ ਨਾ ਪਿਛਲੇ ਪੰਜ ਛੇ ਸਾਲਾਂ ਵਿੱਚ ਕੀਤੀ ਗਈ ਹੈ ਅਤੇ ਨਾ ਹੀ ਹੁਣ ਕੀਤੀ ਗਈ ਹੈ। ਜਿਸ ਦੇ ਕਾਰਨ ਇਹ ਮਨ ਕੀ ਬਾਤ ਸਿਰਫ ਤੇ ਸਿਰਫ ਮੋਦੀ ਮਨ ਕੀ ਬਾਤ ਬਣ ਕੇ ਰਹਿ ਗਈ ਹੈ। ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਰਿੰਦਰ ਮੋਦੀ ਅਜਿਹੀ ਹੀ ਆਪਣੇ ਮਨ ਕੀ ਬਾਤ ਚਲਾਉਂਦੇ ਰਹੇ ਤਾਂ ਲੱਗਦਾ ਨਹੀਂ ਕਿ ਦੇਸ਼ ਅੱਗੇ ਵੱਲ ਸਕੇਗਾ। ਜੇਕਰ ਬਾਹਰਲੇ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਤੇ ਨਿਗਾਹ ਮਾਰੀ ਜਾਵੇ ਤਾਂ ਕੋਈ ਵੀ ਅਜਿਹਾ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਨਹੀਂ ਹੋਣਾ, ਜੋ ਆਪਣੇ ਮਨ ਕੀ ਬਾਤ ਜਨਤਾ ਮੂਹਰੇ ਇਸ ਪ੍ਰਕਾਰ ਰੱਖਦਾ ਹੋਵੇ ਜਿਵੇਂ ਨਰਿੰਦਰ ਮੋਦੀ ਰੱਖਦਾ ਹੈ। ਮੋਟੀ ਗੱਲ ਇਹ ਹੈ ਕਿ ਇਸ ਵੇਲੇ ਕਰੋਨਾ ਵਾਇਰਸ ਦੇ ਕਾਰਨ ਜਿੱਥੇ ਗ਼ਰੀਬ ਮਜ਼ਦੂਰ ਆਪਣੇ ਘਰਾਂ ਨੂੰ ਪੈਦਲ ਹੀ ਪਰਤ ਰਹੇ ਹਨ, ਉੱਥੇ ਉਨ੍ਹਾਂ ਦੇ ਖਾਣ ਪੀਣ ਅਤੇ ਰਹਿਣ ਸਹਿਣ ਦਾ ਕੋਈ ਇੰਤਜ਼ਾਮ ਸਰਕਾਰ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ। ਸਰਕਾਰ ਸਿਰਫ ਤੇ ਸਿਰਫ ਖਾਲੀ ਭਾਸ਼ਣਾਂ ਦੇ ਵਿੱਚ ਹੀ ਵੱਡੇ ਵੱਡੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ, ਜਦੋਂ ਕਿ ਜ਼ਮੀਨੀ ਹਕੀਕਤਾਂ ਕੁਝ ਹੋ ਰਹੀ ਹੈ। ਗਰੀਬਾਂ ਦੇ ਚੁੱਲ੍ਹਿਆਂ ਵਿਚ ਅੱਗ ਬੁਝੀ ਪਈ ਹੈ, ਪਰ ਮੋਦੀ ਨੂੰ ਮਨ ਕੀ ਬਾਤ ਦੀ ਪਈ ਹੈ। ਦੂਜੇ ਪਾਸੇ ਕਰੋਨਾ ਵਾਇਰਸ ਕਾਰਨ ਦੇਸ਼ ਦੇ ਮੌਜੂਦਾ ਹਾਲਾਤਾਂ ਅਤੇ ਹੋਈਆਂ ਲਾਕ-ਡਾਊਨ ਕਾਰਨ ਮੌਤਾਂ ‘ਤੇ ਨਿਗਾਹ ਮਾਰੀਏ ਤਾਂ ਇਨਕਲਾਬੀ ਕਹਿੰਦੇ ਹਨ ਕਿ ਦੇਸ਼ ਵਿੱਚ ਕਰੋਨਾ ਕਾਰਨ ਲੱਗੇ ਜਨਤਾ ਕਰਫਿਊ ਦੇ ਚਲਦਿਆਂ 39 ਸਾਲਾ ਵਿਅਕਤੀ, ਤਿੰਨ ਬੱਚਿਆਂ ਦਾ ਪਿਤਾ ਜੋ ਕਿ ਦਿੱਲੀ ਵਿੱਚ ਇੱਕ ਨਿੱਜੀ ਰੈਸਟੋਰੈਂਟ ਵਿੱਚ ਹੋਮ ਡਿਲਿਵਰੀ ਕਰਨ ਵਾਲੇ ਕਾਮੇ ਵਜੋਂ ਕੰਮ ਕਰਦਾ ਸੀ, ਦੀ ਆਗਰਾ ਵਿੱਚ ਲਗਭਗ 200 ਕਿਲੋਮੀਟਰ ਦਾ ਪੈਦਲ ਸਫਰ ਤੈਅ ਕਰਨ ਤੋਂ ਬਾਅਦ ਮੌਤ ਹੋ ਗਈ। ਇਹ ਸ਼ਖਸ ਮੱਧ ਪ੍ਰਦੇਸ਼ ਵਿਖੇ ਮੋਰੇਨਾ ਜ਼ਿਲ੍ਹੇ ਵਿਚ ਆਪਣੇ ਘਰ ਨੂੰ ਪਰਤ ਰਿਹਾ ਸੀ, ਪਰ 200 ਕਿਲੋਮੀਟਰ ਦਾ ਲੰਮਾ ਪੈਦਲ ਸਫਰ, ਆਗਰੇ ਤੱਕ ਹੀ ਉਹ ਚੱਲ ਸਕਿਆ ਅਤੇ ਉਥੇ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ। ਲਾਕ-ਡਾਉਨ ਕਾਰਨ ਪੈਦਲ ਘਰ ਪਰਤ ਰਹੇ 2 ਬੱਚਿਆਂ ਤੇ 3 ਮਜਦੂਰਾਂ (ਜਿਹਨਾਂ ਵਿਚ ਇਕ ਔਰਤ ਸੀ) ਦੀ ਕੈਂਟਰ ਵੱਲੋਂ ਟੱਕਰ ਮਾਰਨ ਕਾਰਨ ਸੜਕ ਤੇ ਹੀ ਮੌਤ ਹੋ ਗਈ। ਇਸੇ ਤਰਾਂ 18 ਮਹੀਨੇ ਦੇ ਬੱਚੇ ਸਮੇਤ ਘਰ ਪਰਤ ਰਹੇ 7 ਪ੍ਰਵਾਸੀ ਮਜਦੂਰਾਂ ਦੀ ਸੜਕ ਹਾਦਸੇ ਵਿਚ ਮੌਤ, ਇਹ ਮਜਦੂਰ ਕਰਨਾਟਕਾ ਆਪਣੇ ਘਰ ਜਾ ਰਹੇ ਸਨ, ਪਰ ਰਸਤੇ ਵਿਚ ਹੀ ਮਾਰੇ ਗਏ। ਦੇਸ਼ ਵਿਆਪੀ ਤਾਲਾਬੰਦੀ ਦੇ ਮੱਦੇਨਜ਼ਰ, ਤੇਲੰਗਾਨਾ ਦੇ ਸੂਰੀਪੇਟ ਜ਼ਿਲੇ ਵਿੱਚ ਇੱਕ ਉਸਾਰੀ ਫਰਮ ਵਿਖੇ ਕੰਮ ਕਰਦੇ 31 ਪ੍ਰਵਾਸੀ ਮਜ਼ਦੂਰ ਇੱਕ ਬੋਲੇਰੋ ਮੈਕਸ ਖੁੱਲੇ ਟਰੱਕ ਵਿੱਚ ਸਵਾਰ ਹੋ ਕੇ ਜਾ ਰਹੇ ਸਨ, ਜਦੋਂ ਉਨ੍ਹਾਂ ਦੇ ਵਾਹਨ ਵਿਚ ਅੰਬਾਂ ਨਾਲ ਭਰੇ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਘਟਨਾ ਰਾਤ ਕਰੀਬ ਸਾਢੇ 10 ਵਜੇ ਹੈਦਰਾਬਾਦ ਵੱਲ ਆਉਟਰ ਰਿੰਗ ਰੋਡ (ਓਆਰਆਰ) ‘ਤੇ ਪੈੱਡਾ ਗੋਲਕੌਂਡਾ ਵਿਖੇ ਵਾਪਰੀ। ਇਨ੍ਹਾਂ ਵਿਚ ਨੌ ਸਾਲਾ ਬੱਚੀ, ਇਕ ਲੜਕਾ ਅਤੇ 3 ਮਜਦੂਰ ਤਾਂ ਮੌਕੇ ਤੇ ਹੀ ਦਮ ਤੋੜ ਗਏ ਅਤੇ ਬਾਕੀਆਂ ਨੂੰ ਨੇੜੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਮੋਦੀ ਸਰਕਾਰ ਵੱਲੋਂ ਲਗਾਈ ਗਈ ਤਾਲਾਬੰਦੀ ਕਾਰਨ ਬਿਹਾਰ ਵਿਚ, ਜਵਾਹਰ ਟੋਲਾ ਭੋਜਪੁਰ ਵਿਖੇ 11 ਸਾਲਾ ਬੱਚੇ ਰਾਹੁਲ ਮੁਸਹਰ ਦੀ ਭੁੱਖ ਕਾਰਨ ਮੌਤ ਹੋ ਗਈ, ਪਰ ਭੁਖਮਰੀ ਦੀ ਸਥਿਤੀ ਬਾਰੇ ਡਿਸਟਿਕ ਮੈਜਿਸਟ੍ਰੇਟ, ਸਬਡਵੀਜਨਲ ਮੈਜਿਸਟ੍ਰੇਟ ਆਦਿ ਸਭ ਤੱਕ ਸੁਨੇਹੇ ਭੇਜਣ ਦੇ ਬਾਵਜੂਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਬਹੌੜਿਆ। ਘਰ ਨੂੰ ਵਾਪਸ ਪਰਤ ਰਹੇ ਚਾਰ ਪ੍ਰਵਾਸੀ ਮਜਦੂਰ ਮੁੰਬਈ-ਅਹਮਦਾਬਾਦ ਹਾਈਵੇ ਵਿਖੇ ਸੜਕ ਤੇ ਹੀ ਟਰੱਕ ਹੇਠ ਕੁਚਲੇ ਗਏ। ਇਹ ਮਜਦੂਰ ਮੁੰਬਈ ਵਿਖੇ ਚਾਹ ਦੀ ਦੁਕਾਨ ਤੇ ਕੰਮ ਕਰਦੇ ਸਨ ਅਤੇ ਲਾਕ-ਡਾਉਨ ਕਾਰਨ ਉਥੋਂ ਪੈਦਲ ਹੀ ਰਾਜਸਥਾਨ ਵਿਖੇ ਆਪਣੇ ਪਿੰਡ ਵੱਲ ਨੂੰ ਪਰਤ ਰਹੇ ਸਨ। ਇਸੇ ਤਰਾਂ ਹੀ ਸੂਰਤ ਵਿਖੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਪਰਤਣ ਲਈ, ਲਾਕਡਾਉਨ ਦੇ ਚੱਲਦੇ ਸੜਕ ਤੇ ਕੋਈ ਵੀ ਸਾਧਨ ਨਾ ਹੋਣ ਕਾਰਨ, ਘਰ ਵੱਲ ਨੂੰ 8 ਕਿਲੋਮੀਟਰ ਪੈਦਲ ਹੀ ਚੱਲ ਕੇ ਜਾਣ ਨੂੰ ਮਜਬੂਰ 62 ਸਾਲਾ ਬਜੁਰਗ ਗੰਗਾਰਾਮ, ਘਰ ਤੋਂ ਥੋੜੀ ਹੀ ਦੂਰ, ਰਸਤੇ ਵਿਚ ਹੀ ਦਮ ਤੋੜ ਗਿਆ। ਦੇਸ਼ ਵਿੱਚ ਲੱਗੇ ਜਨਤਾ ਕਰਫਿਊ ਕਾਰਨ ਕਲਕੱਤਾ ਵਿਖੇ ਘਰ ਤੋਂ ਦੁੱਧ ਲੈਣ ਲਈ ਨਿਕਲੇ 32 ਸਾਲਾ ਵਿਅਕਤੀ ਦੀ ਪੁਲਸ ਵੱਲੋਂ ਕੁੱਟਣ ਤੋਂ ਬਾਅਦ ਮੌਤ ਹੋ ਗਈ। ਗੰਭੀਰ ਰੂਪ ਵਿਚ ਬੀਮਾਰ ਇਕ ਬਜੁਰਗ ਔਰਤ ਦੀ ਐਂਬੂਲੈਂਸ ਵਿਚ ਮੈਂਗਲੌਰ ਲਿਜਾਂਦੇ ਸਮੇਂ, ਲਾਕ-ਡਾਉਨ ਕਾਰਨ ਸੜਕ ਬਲੌਕ ਕੀਤੇ ਜਾਣ ਕਾਰਨ ਹੋਈ ਦੇਰੀ ਕਰਕੇ ਰਸਤੇ ਵਿਚ ਹੀ ਮੌਤ ਹੋ ਗਈ। 60 ਸਾਲਾ ਅਬਦੁਲ ਹਮੀਦ ਦੀ ਸਿਰਫ ਇਸ ਕਾਰਨ ਹੀ ਮੌਤ ਹੋ ਗਈ, ਕਿ ਦਿਲ ਦਾ ਦੌਰਾ ਪੈਣ ਤੋਂ ਬਾਅਦ ਵੀ, ਉਸਦੇ ਭਤੀਜੇ ਵੱਲੋਂ ਬੇਨਤੀ ਕਰਨ ਦੇ ਬਾਵਜੂਦ ਪੁਲਸ ਨੇ ਉਸ ਨੂੰ ਹਸਪਤਾਲ ਨਹੀਂ ਲਿਜਾਣ ਦਿੱਤਾ। ਲਾਕ-ਡਾਉਨ ਦੇ ਚੱਲਦੇ ਮੁੱਖ ਸੜਕ ਨੂੰ ਬੰਦ ਕਰਕੇ, ਪੁਲਸ ਵੱਲੋਂ ਜੰਗਲ ਵਿਚਲੇ ਰਸਤੇ ਥਾਣੀ ਜਾਣ ਲਈ ਮਜਬੂਰ ਕੀਤੇ ਤਾਮਿਲਨਾਡੂ ਦੇ ਚਾਰ ਲੋਕਾਂ ਦੀ ਰਸਤੇ ਵਿਚ ਜੰਗਲ ਵਿਚ ਲੱਗੀ ਅੱਗ ਵਿਚ ਝੁਲਸਣ ਨਾਲ ਮੌਤ ਹੋ ਗਈ। ਹੁਣ ਸਵਾਲ ਉੱਠਦਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਕ ਡਾਊਨ ਕਾਰਨ ਮਾਰੇ ਗਏ ਇਨ੍ਹਾਂ ਲੋਕਾਂ ਦੇ ਬਾਰੇ ਆਪਣੀ “ਮਨ ਕੀ ਬਾਤ” ਵਿਚ ਜ਼ਿਕਰ ਕਰਨਗੇ? ਦੇਖਣਾ ਹੁਣ ਇਹ ਵੀ ਹੋਵੇਗਾ ਕਿ ਮੋਦੀ ਸਾਹਬ ਆਖਿਰ ਕਦੋਂ ਤੱਕ ਅਜਿਹੀਆਂ ਮਨ ਕੀਆਂ ਬਾਤਾਂ ਕਰਦੀ ਰਹੇਗੀ? ਸਵਾਲ ਉੱਠਦਾ ਹੈ ਕਿ ਮਨ ਕੀ ਬਾਤ ਕਰਨ ਵਾਲੇ ਨਰਿੰਦਰ ਮੋਦੀ ਕੀ ਕਦੇ ਜਨਤਾ ਦੀ ਮਨ ਕੀ ਬਾਤ ਸੁਣਨਗੇ?

ਗੁਰਪ੍ਰੀਤ