ਆਜ਼ਾਦ ਭਾਰਤ ‘ਚ, ਕਿਰਤੀ ਹਾਲੇ ਵੀ ਗੁਲਾਮ.!!

422

ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਹੋਇਆ ਨੂੰ ਕਰੀਬ 73 ਵਰ੍ਹੇ ਹੋ ਚੁੱਕੇ ਹਨ, ਪਰ ਹਾਲੇ ਵੀ ਸਾਡੇ ਦੇਸ਼ ਦੇ ਬਹੁਤ ਸਾਰੇ ਵਰਗ ਗੁਲਾਮ ਹਨ। ਜਿਨ੍ਹਾਂ ਨੂੰ ਸਮੇਂ ਸਮੇਂ ‘ਤੇ ਸਰਕਾਰਾਂ ਦੇ ਵਲੋਂ ਨਵੇਂ ਨਵੇਂ ਕਾਨੂੰਨ ਬਣਾ ਕੇ ਗੁਲਾਮ ਬਣਾਇਆ ਜਾ ਰਿਹਾ ਹੈ। ਭਾਵੇਂ ਹੀ ਅੱਜ ਕਿਰਤੀ ਦਿਵਸ ਪੂਰੇ ਵਿਸ਼ਵ ਵਿਚ ਮਨਾਇਆ ਜਾ ਰਿਹਾ ਹੈ, ਪਰ ਭਾਰਤ ਦੇ ਕਿਰਤੀਆਂ ਦੀ ਇਹ ਤਰਾਸਦੀ ਹੈ ਕਿ ਭਾਰਤ ਦੇ ਅੰਦਰ ਹੀ ਉਨ੍ਹਾਂ ਨਾਲ ਗੁਲਾਮੀ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜੇਕਰ ਕੋਈ ਕਿਰਤੀ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਦਾ ਹੈ ਤਾਂ ਹਕੂਮਤ ਦੇ ਵਲੋਂ ਉਸ ਨੂੰ ਜੇਲ੍ਹਾਂ ਅੰਦਰ ਸੁੱਟ ਦਿੱਤਾ ਜਾਂਦਾ ਹੈ।

ਸੱਚ ਬੋਲਣ ਦੀ ਆਜ਼ਾਦੀ ਨਹੀਂ ਹੈ ਭਾਰਤ ਦੇ ਅੰਦਰ। ਵੇਖਿਆ ਜਾਵੇ ਤਾਂ ਦੇਸ਼ ਦੇ ਅੰਦਰ ਭਾਵੇਂ ਹੀ ਖੱਬੇਪੱਖੀ ਧਿਰਾਂ ਦੇ ਵਲੋਂ ਅੱਜ ਕਿਰਤੀ ਦਿਵਸ ‘ਤੇ ਕਈ ਜਗ੍ਹਾਵਾਂ ‘ਤੇ ਪ੍ਰੋਗਰਾਮ ਕਰਵਾਏ ਗਏ, ਪਰ ਸਰਕਾਰ ਦੇ ਵਲੋਂ ਇਕ ਵੀ ਪ੍ਰੋਗਰਾਮ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਕਿਰਤੀਆਂ ਨੂੰ ਇਸ ਦਿਵਸ ਸਬੰਧੀ ਕੋਈ ਸੰਦੇਸ਼ ਦਿੱਤਾ ਗਿਆ। ਸਿਆਸੀ ਧਿਰਾਂ ਦੀ ਇਹ ਚੁੱਪ ਸਾਬਤ ਕਰਦੀ ਹੈ ਕਿ ਕਿਰਤੀ ਉਨ੍ਹਾਂ ਦੇ ਗੁਲਾਮ ਬਣੇ ਰਹਿਣ। ਦੱਸ ਦਈਏ ਕਿ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਦੇ ਵਲੋਂ ਕਥਿਤ ਤੌਰ ‘ਤੇ ਮੁਲਾਜ਼ਮਾਂ, ਮਜ਼ਦੂਰਾਂ ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਸਮੇਂ ਸਮੇਂ ‘ਤੇ ਰੋਕਿਆ ਜਾਂਦਾ ਰਿਹਾ ਹੈ।

ਵੇਖਿਆ ਜਾਵੇ ਤਾਂ ਸਾਡੇ ਦੇਸ਼ ਦੇ ਅੰਦਰ ਜਿਹੜਾ ਵੀ ਸੰਘਰਸ਼ ਲਈ ਅੱਗੇ ਆਉਂਦਾ ਹੈ, ਉਸ ਨੂੰ ਦੇਸ਼ ਵਿਰੋਧੀ ਅਤੇ ਹੋਰ ਕਈ ਨਾਵਾਂ ਦੇ ਨਾਲ ਪੁਕਾਰਿਆ ਜਾਂਦਾ ਹੈ। ਦੋਸਤੋਂ, ਅੱਜ ਕਿਰਤੀ ਦਿਵਸ ਮੌਕੇ ‘ਤੇ ਅਸੀਂ ਕੁਝ ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵਿਸੇਸ਼ ਤੌਰ ‘ਤੇ ਗੱਲਬਾਤ ਕੀਤੀ। ਮੁਲਾਜ਼ਮਾਂ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਜੋ ਕੁਝ ਸਾਹਮਣੇ ਆਇਆ, ਉਸ ਤੋਂ ਸਾਫ ਹੁੰਦਾ ਹੈ ਕਿ ਸਾਡੇ ਦੇਸ਼ ਦੇ ਅੰਦਰ ਮੁਲਾਜ਼ਮਾਂ ਅਤੇ ਕਿਸਾਨਾਂ ਨੂੰ ਸਮੇਂ ਦੀਆਂ ਸਰਕਾਰਾਂ ਦੇ ਵਲੋਂ ਗੁਲਾਮ ਬਣਾਉਣ ਦੇ ਮਕਸਦ ਤਹਿਤ ਉਨ੍ਹਾਂ ਉਪਰ ਨਵੇਂ ਨਵੇਂ ਕਾਨੂੰਨ ਥੋਪੇ ਜਾ ਰਹੇ ਹਨ।

ਪੰਜਾਬ ਸੁਬਾਰਡੀਨੇਟ ਸਰਵਿਸ਼ਿਜ ਫੈਡਰੇਸ਼ਨ (ਵਿਗਿਆਨਕ) ਦੇ ਪੰਜਾਬ ਪ੍ਰਧਾਨ ਸਾਥੀ ਰਵਿੰਦਰ ਲੂਥਰਾ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਦੱਸਦਿਆ ਕਿਹਾ ਕਿ 1 ਮਈ 1886 ਨੂੰ ਅਮਰੀਕਾ ਦੇ ਸ਼ਹਿਰ ਸਿਕਾਂਗੋ ਵਿਖੇ ਮਜ਼ਦੂਰਾਂ ਨੇ ਆਪਣੀ 8 ਘੰਟੇ ਕੰਮ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਸੀ ਤਾਂ ਉਸ ਵੇਲੇ ਦੀ ਹਕੂਮਤ ਦੇ ਵਲੋਂ ਮਜ਼ਦੂਰਾਂ ਦੇ ਸੰਘਰਸ਼ ਨੂੰ ਦਬਾਉਂਦਿਆ ਹੋਇਆ, ਉਨ੍ਹਾਂ ‘ਤੇ ਅੱਤਿਆਚਾਰ ਕੀਤਾ ਸੀ।

ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਮਜ਼ਦੂਰਾਂ ‘ਤੇ ਉਸ ਵੇਲੇ ਦੀ ਹਕੂਮਤ ਨੇ ਏਨਾ ਤਸ਼ੱਦਦ ਕੀਤਾ ਗਿਆ ਕਿ ਮਜ਼ਦੂਰਾਂ ਦੇ ਹੱਥਾਂ ਵਿਚ ਫੜੇ ਚਿੱਟੇ ਝੰਡਿਆਂ ਦਾ ਰੰਗ ਮਜ਼ਦੂਰਾਂ ਦੇ ਖੂਨ ਨਾਲ ‘ਲਾਲ’ ਹੋ ਗਿਆ। ਅੱਜ ਵੀ ਮਜ਼ਦੂਰਾਂ, ਮੁਲਾਜ਼ਮਾਂ ਸਾਹਮਣੇ ਢੇਰ ਸਾਰੀਆਂ ਚੁਣੌਤੀਆਂ ਹਨ, ਸਭ ਤੋਂ ਵੱਡੀ ਚੁਣੌਤੀ ਰੁਜ਼ਗਾਰ ਦੀ ਹੈ। ਸਾਥੀ ਰਵਿੰਦਰ ਲੂਥਰਾ ਨੇ ਕਿਹਾ ਕਿ ਅੱਜ ਵੀ ਮਜ਼ਦੂਰ ਭਾਵੇਂ ਕੰਮ ਤਾਂ ਅੱਠ ਘੰਟੇ ਹੀ ਕਰਦਾ ਹੈ, ਪਰ ਉਨ੍ਹਾਂ ਦਾ ਆਰਥਿਕ ਤੌਰ ‘ਤੇ ਬਹੁਤ ਸੋਸ਼ਣ ਹੋ ਰਿਹਾ ਹੈ। 

ਜਿਵੇਂ ਕਿ ਸਰਕਾਰੀ ਅਦਾਰਿਆਂ ਵਿਚ ਹੀ ਨਹੀਂ ਕਾਰਖਾਨਿਆਂ ਵਿਚ ਅਤੇ ਹੋਰ ਪ੍ਰਾਈਵੇਟ ਅਦਾਰਿਆਂ ਵਿਚ ਵੀ ਬਹੁਤ ਨਿਗੂਣੀਆਂ ਤਨਖਾਹਾਂ ‘ਤੇ ਠੇਕੇ ‘ਤੇ ਰੱਖ ਕੇ ਮਜ਼ਦੂਰਾਂ ਕੋਲੋਂ ਕੰਮ ਲਿਆ ਜਾ ਰਿਹਾ ਹੈ। ਜਿਸ ਨਾਲ ਉਨ੍ਹਾਂ ਆਰਥਿਕ ਸੋਸ਼ਣ ਹੋ ਹੀ ਰਿਹਾ ਹੈ। ਇਸ ਨਾਲ ਸਾਡੀ ਆਉਣ ਵਾਲੀ ਪੀੜੀ ਦਾ ਵੀ ਭਵਿੱਖ ਬਹੁਤ ਧੁੰਦਲਾ ਹੁੰਦਾ ਵਿਖਾਈ ਦੇ ਰਿਹਾ ਹੈ। ਅੱਜ ਲੋੜ ਹੈ ਕਿ ਸਰਮਾਏਦਾਰ ਦੀਆਂ ਸੋਸ਼ਣ ਕਰਨ ਵਾਲੀਆਂ ਆਰਥਿਕ ਨੀਤੀਆਂ ਵਿਰੁੱਧ ਮੁਲਾਜ਼ਮਾਂ, ਮਜ਼ਦੂਰਾਂ, ਕਿਸਾਨਾਂ ਨੂੰ ਇਕੱਠੇ ਹੋ ਕੇ ਲੜਣ ਦੀ।

ਦੋਸਤੋਂ, ਅੱਜ ਸਰਮਾਏਦਾਰਾਂ ਅਤੇ ਸਰਕਾਰ ਦੀਆਂ ਕਥਿਤ ਮੁਲਾਜ਼ਮਾਂ, ਕਿਸਾਨ ਅਤੇ ਮਜ਼ਦੂਰ ਵਿਰੋਧੀਆਂ ਨੀਤੀਆਂ ਨੂੰ ਮੂੰਹ-ਤੋੜਵਾਂ ਜਵਾਬ ਦੇਣ ਦੀ ਬਹੁਤ ਲੋੜ ਹੈ। ਜਿਹੜੇ ਹੱਕ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ, ਉਨ੍ਹਾਂ ਨੂੰ ਅੱਜ ਦੀਆਂ ਮੌਜ਼ੂਦਾ ਸਰਕਾਰਾਂ ਦੁਆਰਾ ਖਤਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸੋ ਦੋਸਤੋਂ, ਅੱਜ ਲੋੜ ਹੈ ਕਿ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ, ਮਜ਼ਦੂਰ ਵਿਰੋਧੀ ਨੀਤੀਆਂ ਨੂੰ ਮੋੜਾ ਦੇਣ ਵਾਸਤੇ ਇੱਕ ਜੁੱਟ ਹੋ ਕੇ ਲੜਿਆ ਜਾਵੇ।