ਇਕ ਕਾਮਰੇਡ ਹੋਣ ਦਾ ਅਰਥ…

597

12 ਅਪ੍ਰੈਲ 1973 ਨੂੰ ਦਿੱਲੀ ਸ਼ਹਿਰ ਵਿੱਚ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਚਾਨਕ ਮੌਤ ਹੋਈ ਸੀ। ਸੰਸਦ ਵਿੱਚ ਲੋਕ ਸਭਾ ਦਾ ਇਜਲਾਸ ਚੱਲ ਰਿਹਾ ਸੀ “ਕਾਮਰੇਡ ਸੁਤੰਤਰ ਕਿਸੇ ਮਤੇ ਉੱਤੇ ਬਹਿਸ ਕਰਕੇ ਹਟੇ ਸਨ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਤਾ ਵੀ ਮਜ਼ਦੂਰਾਂ ਕਿਸਾਨਾਂ ਨਾਲ ਸਬੰਧਿਤ ਸੀ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਵੀ ਪਾਰਲੀਮੈਂਟ ਵਿੱਚ ਮੌਜੂਦ ਸੀ। ਸਾਥੀ ਐਮ ਪੀ ਉਨ੍ਹਾਂ ਦੀ ਦੇਹ ਨੂੰ ਸੰਭਾਲਣ ਲੱਗੇ ਕਿਸੇ ਐੱਮ ਪੀ ਨੇ ਜਦੋਂ ਸੀਟ ਉੱਤੇ ਪਿਆ ਕਾਮਰੇਡ ਜੀ ਦਾ ਝੋਲਾ ਫਰੋਲਿਆ ਤਾਂ ਉਸ ਵਿੱਚੋਂ…ਕੁਝ ਫਾਈਲਾਂ, ਸ਼ੂਗਰ ਦੀ ਦਵਾਈ, ਕੰਮ ਦੇ ਕਾਗਜ਼ ਅਤੇ ਪੋਣੇ ਵਿੱਚ ਲਪੇਟੀਆਂ ਹੋਈਆਂ ਦੋ ਰੋਟੀਆਂ ਅਤੇ ਆਚਾਰ ਦੀ ਫਾੜੀ ਮਿਲੀ ਜੋ ਉਨ੍ਹਾਂ ਦੇ ਸਾਥੀ ਮੈਂਬਰ ਪਾਰਲੀਮੈਂਟਾਂ ਨੇ ਤੁਰੰਤ ਇੰਦਰਾ ਗਾਂਧੀ ਨੂੰ ਦਿਖਾਈਆਂ। ਕਾਮਰੇਡ ਬੂਟਾ ਸਿੰਘ ਜੀ ਦੇ ਦੱਸਣ ਅਨੁਸਾਰ ਜਦੋਂ ਪਾਰਲੀਮੈਂਟ ਵਿੱਚ ਕਾਮਰੇਡ ਜੀ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਤਾਂ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਮੈਂ ਦੁਨੀਆ ਦੇ ਪਾਰਲੀਮੈਂਟ ਦੇ ਇਤਿਹਾਸ ਵਿੱਚ ਅਜਿਹੀ ਸਾਦਗੀ ਪਹਿਲੀ ਵਾਰ ਦੇਖੀ ਹੈ। Copied from Nachattar Singh Kheeva’s Wall

1971 ਵਿਚ ਲੋਕ ਸਭਾ ਹਲਕਾ ਸੰਗਰੂਰ ਤੋਂ ਸੀਪੀਆਈ ਤੇ ਕਾਂਗਰਸ ਪਾਰਟੀ ਦੇ ਸਾਂਝੇ ਉਮੀਦਵਾਰ ਤੇਜਾ ਸਿੰਘ ਸੁਤੰਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਸਿੰਘ ਮਾਨ ਵਿੱਚ ਕਾਂਟੇ ਦੀ ਟੱਕਰ ਸੀ। ਵੋਟਾਂ ਦੀ ਗਿਣਤੀ ਦੌਰਾਨ ਮੁਕਾਬਲਾ ਐਨਾ ਕਰੀਬ ਆ ਗਿਆ ਕਿ ਫਰਕ ਸਿਰਫ 210 ਵੋਟਾਂ ਦਾ ਰਹਿ ਗਿਆ। ਉਸ ਸਮੇਂ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਹੋਣ ਕਰਕੇ ਅੰਦਰਖਾਤੇ ਡਿਪਟੀ ਕਮਿਸ਼ਨਰ ਚਰਨ ਦਾਸ ਤੇ ਦਬਾਅ ਬਣ ਗਿਆ ਕਿ ਉਹ 210 ਵੋਟਾਂ ਨਾਲ ਬਲਦੇਵ ਸਿੰਘ ਮਾਨ ਨੂੰ ਜੇਤੂ ਐਲਾਨ ਦੇਵੇ। ਇਸ ਗੱਲ ਦਾ ਪਤਾ ਸੁਤੰਤਰ ਨੂੰ ਵੀ ਲੱਗ ਗਿਆ। ਉਹ ਡਿਪਟੀ ਕਮਿਸ਼ਨਰ ਚਰਨ ਦਾਸ ਦੇ ਕੋਲ ਬੈਠੇ ਸਨ। ਮੌਕਾ ਹੱਥੋਂ ਜਾਂਦਾ ਦੇਖ ਕੇ ਉਨ੍ਹਾਂ ਨੇ ਆਪਣਾ ਰਿਵਾਲਵਰ ਕੱਢਿਆ ਤੇ ਡੀਸੀ ਚਰਨ ਦਾਸ ਦੀ ਬੱਖੀ ਨਾਲ ਲਾ ਲਿਆ ਤੇ ਸਪੱਸ਼ਟ ਸ਼ਬਦਾਂ ਵਿਚ ਕਹਿ ਦਿੱਤਾ, ”ਮੈਂ ਬਹੁਤ ਬੁੱਢਾ ਹੋ ਗਿਆ ਹਾਂ।

ਤੁਸੀਂ ਮੈਨੂੰ ਸਿਆਸੀ ਤੌਰ ‘ਤੇ ਮਾਰ ਰਹੇ ਹੋ, ਇਸ ਲਈ ਮੈਂ ਇਹ ਮੌਤ ਮਰਨ ਦੀ ਬਜਾਏ ਜੇਲ੍ਹ ਵਿਚ ਸੜ ਗਲ ਕੇ ਮਰਨਾ ਬਿਹਤਰ ਸਮਝਾਂਗਾ ਪਰ ਮੈਂ ਕਾਮਰੇਡ ਹਾਂ, ਦਿਨ-ਦਿਹਾੜੇ ਆਪਣੇ ਹੱਕਾਂ ‘ਤੇ ਡਾਕਾ ਨਹੀਂ ਮਾਰਨ ਦੇਵਾਂਗਾ।” ਡਿਪਟੀ ਕਮਿਸ਼ਨਰ ਬੱਖੀ ਨਾਲ ਰਿਵਾਲਵਰ ਲਗਦਿਆਂ ਹੀ ਪਾਣੀ ਪਾਣੀ ਹੋ ਗਿਆ ਤੇ ਉਸ ਨੇ ਆਪਣੇ ਅੱਗੇ ਪਏ ਮਾਈਕ ‘ਤੇ ਐਲਾਨ ਕਰ ਦਿੱਤਾ ਕਿ 210 ਵੋਟਾਂ ਦੇ ਫ਼ਰਕ ਨਾਲ ਤੇਜਾ ਸਿੰਘ ਸੁਤੰਤਰ ਚੋਣ ਜਿੱਤ ਗਏ ਹਨ ਤੇ ਬਲਦੇਵ ਸਿੰਘ ਮਾਨ ਨੂੰ ਹਾਰਿਆ ਹੋਇਆ ਉਮੀਦਵਾਰ ਕਰਾਰ ਦਿੰਦਾ ਹਾਂ। ਗੱਲ ਇੱਥੇ ਹੀ ਬੱਸ ਨਹੀਂ ਤੇਜਾ ਸਿੰਘ ਸੁਤੰਤਰ ਆਪਣੀ ਜਿੱਤ ਦਾ ਸਰਟੀਫਿਕੇਟ ਲੈ ਕੇ ਗਿਣਤੀ ਕੇਂਦਰ ਵਿੱਚੋਂ ਬਾਹਰ ਆਏ। ਬਾਹਰ ਸੀ ਪੀ ਆਈ ਦੇ ਆਗੂ ਤੇ ਵਰਕਰ ਹਜ਼ਾਰਾਂ ਦੀ ਗਿਣਤੀ ਵਿਚ ਖੜ੍ਹੇ ਸਨ, ਜਿਹੜੇ ਜੇਤੂ ਤੇਜਾ ਸਿੰਘ ਸੁਤੰਤਰ ਨੂੰ ਨਾਲ ਲੈ ਕੇ ਨਾਅਰੇ ਮਾਰਦੇ ਹੋਏ ਚਲੇ ਗਏ Copied From Punjabi Jagran by Buta Singh Choahan

ਮਾਝੇ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਅਲੂਣਾ ਦਾ ਜੰਮਿਆ ਕਿਰਤੀ ਜਿਊੜਾ ਤੇਜਾ ਸਿੰਘ ਸਤੁੰਤਰ ਬਚਪਨ ਤੋਂ ਹੀ ਲੋਕ ਹਿਤੈਸ਼ੀ ਰੰਗਾਂ ਵਿੱਚ ਰੰਗਿਆ ਗਿਆ ਸੀ। ਸਿਰਫ 18 ਸਾਲ ਦੀ ਉਮਰ ਵਿੱਚ ਕਾਲਜ ਦੀ ਪੜਾਈ ਛੱਡ ਕੇ ਜ਼ਲਿਆਂਵਾਲਾ ਬਾਗ਼ ਦੇ ਕਤਲੇਆਮ ਖਿਲਾਫ ਐਸਾ ਉਸ ਨੇ ਘਰ ਦੀਆਂ ਬਰੂਹਾਂ ਨੂੰ ਅਲਵਿਦਾ ਕਹੀ ਕਿ ਆਖ਼ਰੀ ਸਾਹ ਵੀ ਉਸ ਨੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦਿਆਂ ਘਰ ਤੋਂ ਬਹੁਤ ਦੂਰ ਦਿੱਲੀ ਦੇ ਸੰਸਦ ਭਵਨ ਵਿੱਚ ਲਿਆ। ਕਾਲਜ ਛੱਡਣ ਤੋਂ ਬਾਅਦ ਤੇਜਾ ਸਿੰਘ ਨੇ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਗੁਰਦੁਆਰਾ ਸੁਧਾਰ ਅੰਦੋਲਨ ਵਿਚ ਹਿੱਸਾ ਲਿਆ । ਸਤੰਬਰ 1921 ਈ. ਵਿਚ ਇਸ ਨੇ ਆਪਣਾ ‘ਸੁਤੰਤਰ ਜੱਥਾ’ ਬਣਾਇਆ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ‘ਤੇਜਾ ਵੀਹਲਾ’ ਪਿੰਡ ਦਾ ਗੁਰਦੁਆਰਾ ਉਦਾਸੀਆਂ ਤੋਂ ਮੁਕਤ ਕਰਾਇਆ।

ਇਸ ਕਾਮਯਾਬੀ ਕਾਰਣ ਇਸ ਦੇ ਮਿਤਰਾਂ ਨੇ ਇਸ ਦਾ ਨਾਂ ‘ਤੇਜਾ ਸਿੰਘ ਸੁਤੰਤਰ’ ਰਖ ਦਿੱਤਾ ਅਤੇ ਜੀਵਨ ਭਰ ਇਸੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਤੋਂ ਬਾਦ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਠੀਆਂ ਦਾ ਗੁਰਦੁਆਰਾ ਆਜ਼ਾਦ ਕਰਵਾਇਆ ਅਤੇ ‘ਗੁਰੂ ਕਾ ਬਾਗ਼’ ਮੋਰਚੇ ਵਿਚ ਹਿੱਸਾ ਲਿਆ। ਅਕਾਲੀ ਲਹਿਰ ਵਿੱਚ ਸ਼ਮੂਲੀਅਤ ਤੋਂ ਬਾਅਦ ਉਹ ਬਹੁਤ ਛੋਟੀ ਉਮਰ ਵਿੱਚ ਇਸਦੇ ਕਾਰਜਕਾਰੀ ਮੈਂਬਰ ਵੀ ਚੁਣੇ ਗਏ ਸਨ, ਪਰ ਜਲਦੀ ਹੀ ਉਸ ਨੇ ਭਾਂਪ ਲਿਆ ਕਿ ਦੇਸ਼ ਦੀ ਮੁਕਤੀ ਦੀ ਲੜਾਈ ਬਹੁਤ ਵੱਡੀ ਹੈ। ਇਹ ਜੰਗ ਸਿਰਫ਼ ਗੋਲਕਾਂ ਅਤੇ ਗੁਰਧਾਮਾਂ ਦੇ ਪ੍ਰਬੰਧਕੀ ਕਬਜ਼ੇ ਤੱਕ ਸੀਮਤ ਨਹੀਂ ਹੋ ਸਕਦੀ। ਤੇਜਾ ਸਿੰਘ ਸਤੁੰਤਰ ਦੀ ਮੁਲਾਕਾਤ ਕਾਬਲ ਵਿੱਚ ਸਿੱਖੀ ਦਾ ਪ੍ਰਚਾਰ ਕਰਦਿਆਂ ਗ਼ਦਰ ਲਹਿਰ ਦੇ ਆਗੂ ਭਾਈ ਰਤਨ ਸਿੰਘ ਰਾਏਪੁਰ ਡੱਬਾ, ਊਧਮ ਸਿੰਘ ਕਸੇਲ, ਭਾਈ ਸੰਤੋਖ ਸਿੰਘ ਧਰਦਿਓ ਤੇ ਗੁਰਮੁੱਖ ਸਿੰਘ ਆਦਿ ਨਾਲ ਹੋਈ।

ਇਸ ਤੋਂ ਬਾਅਦ ਉਹ ਤੁਰਕੀ ਚਲੇ ਗਏ। ਉਸ ਨੇ ਆਜ਼ਾਦ ਬੇਗ ਦੇ ਨਾਮ ਤਹਿਤ ਤੁਰਕੀ ਵਿੱਚ ਤਿੰਨ ਸਾਲ ਮਿਲਟਰੀ ਵਿੱਦਿਆ ਪ੍ਰਾਪਤ ਕੀਤੀ। 31 ਜਨਵਰੀ, 1926 ਵਿੱਚ ਉਨ੍ਹਾਂ ਨੇ ‘ਪੰਜਾਬੀ ਸਭਾ’ ਦੀ ਨੀਂਹ ਰੱਖੀ। 1931 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਵਿਦਵਾਨੀ ਪਹਿਲੇ ਦਰਜੇ ਵਿੱਚ ਅਤੇ ਫਿਰ ਗਿਆਨੀ ਦੂਜੇ ਦਰਜੇ ਵਿੱਚ ਪਾਸ ਕੀਤੀ। ਮਗਰੋਂ ਖਿੱਲਰ ਚੁੱਕੀ ਗ਼ਦਰ ਪਾਰਟੀ ਦਾ ਸੰਗਠਨ ਕਰਨ ਲਈ ਅਮਰੀਕਾ ਚੱਲੇ ਗਏ। ਸੰਨ 1932 ਵਿੱਚ ਉੱਤਰੀ ਅਮਰੀਕਾ ਛੱਡ ਕੇ ਮੈਕਸੀਕੋ, ਕਿਊਬਾ, ਪਾਨਾਮਾ, ਅਰਜਨਟੀਨਾ, ਊਰਗਵੇ, ਬਰਾਜ਼ੀਲ ਅਤੇ ਇਟਲੀ ਵੀ ਗਏ ਜਿੱਥੇ ਉਹ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲੇ। 1931 ਵਿੱਚ ਤੇਜਾ ਸਿੰਘ ਪੁਰਤਗਾਲ ਪਹੁੰਚੇ ਤੇ ਫ਼ਰਾਂਸ ਹੁੰਦੇ ਹੋਏ ਜਰਮਨੀ ਚਲੇ ਗਏ, ਜਿੱਥੇ ਉਨ੍ਹਾਂ ਦੀ ਮੁਲਾਕਾਤ ਹਿਟਲਰ ਨਾਲ ਹੋਣ ’ਤੇ ਉਸ ਦੇ ਨਾਜ਼ੀ ਵਿਚਾਰ ਪਸੰਦ ਨਾ ਆਏ।

ਮਗਰੋਂ ਉਹ ਰੂਸ ਦੇ ਸ਼ਹਿਰ ਮਾਸਕੋ ਤੇ ਲੈਨਿਨਗਰਾਡ ਸ਼ਹਿਰ ਵਿੱਚ ਪਹੁੰਚੇ ਅਤੇ ਜੁਲਾਈ 1934 ਵਿੱਚ ਮਾਸਕੋ ਦੀ ਕੁਤਬ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਕੇ ਮਾਰਕਸਵਾਦ-ਲੈਨਿਨਵਾਦ ਦਾ ਡੂੰਘਾ ਅਧਿਐਨ ਦਿਲ ਲਾ ਕੇ ਕੀਤਾ। ਇੱਥੇ ਉਨ੍ਹਾਂ ਦੀ ਮੁਲਾਕਾਤ ‘ਹੋਚੀ ਮਿੰਨ੍ਹ’ ਨਾਲ ਵੀ ਹੋਈ ਜੋ ਬਾਅਦ ਵਿੱਚ ‘ਵੀਅਤਨਾਮ’ ਦਾ ਪ੍ਰਸਿੱਧ ਸੁਤੰਤਰਤਾ ਸੰਗ੍ਰਾਮੀਆ ਬਣਿਆ। ਰੂਸ ਤੋਂ ਸਿੱਖਿਆ ਹਾਸਲ ਕਰਕੇ ਉਹ ਭਾਰਤ ਵਿੱਚ ਸਮਾਜਵਾਦੀ ਕਵਿਤਾ ਲਿਖਣ ਲੱਗ ਪਏ। ਜਿਸ ਦੇ ਸਿੱਟੇ ਵਜੋਂ 10 ਜਨਵਰੀ, 1936 ਈ: ਵਿੱਚ ਉਨ੍ਹਾਂ ਨੂੰ ਕਾਮਰੇਡ ਸੋਮਨਾਥ ਲਹਿਰੀ ਤੇ ਇਕਬਾਲ ਸਿੰਘ ਹੁੰਦਲ ਸਮੇਤ ਗ੍ਰਿਫ਼ਤਾਰ ਕਰ ਕੇ ਸ਼ਾਹ ਕੈਦੀ ਵਜੋਂ ਕੈਂਬਲਪੁਰ ਜੇਲ੍ਹ (ਹੁਣ ਜ਼ਿਲ੍ਹਾ ਅਟਕ ਪਾਕਿਸਤਾਨ ’ਚ) ਵਿੱਚ 6 ਸਾਲ ਲਈ ਨਜ਼ਰਬੰਦ ਕਰ ਦਿੱਤਾ ਗਿਆ। ਸੁਤੰਤਰ ਜੀ 1937 ਈ: ਵਿੱਚ ਕੈਦ ਦੌਰਾਨ ਕਾਂਗਰਸ ਪਾਰਟੀ ਦੇ ਨਾਮਜ਼ਦ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ।

ਦੂਜੀ ਸੰਸਾਰ ਜੰਗ (1939-1945) ਤੋਂ ਪੰਜ ਮਹੀਨੇ ਮਗਰੋਂ ਭਾਰਤੀ ਕਮਿਊਨਿਸਟ ਪਾਰਟੀ ਨੇ ਉਸੇ ਸੇਧ ਵਿੱਚ ਆਪਣੀ ਨੀਤੀ ਨੂੰ ਬਦਲ ਕੇ ਸਾਮਰਾਜੀ ਜੰਗ ਦੀ ਥਾਂ ਜਨਤਾ ਦੀ ਜੰਗ (People War) ਦਾ ਨਵਾਂ ਨਾਅਰਾ ਦਿੱਤਾ। ਉਨ੍ਹਾਂ ਨੇ ਜੁਲਾਈ 1941 ਵਿੱਚ ਕਮਿਊਨਿਸਟ ਏਕਤਾ ਲਈ ਇੱਕ ਲੇਖ ਆਪਣੇ ਜਨਵਰੀ 1942 ਈ: ਦੇ ‘ਲਾਲ ਝੰਡਾ’ ਉਰਦੂ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕੀਤਾ। ਬਾਅਦ ਵਿੱਚ ਪੰਜਾਬੀ ਵਿੱਚ ‘ਲਾਲ ਸਵੇਰਾਸ ਹਫ਼ਤਾਵਾਰੀ ਵੀ ਸੰਪਾਦਿਤ ਕੀਤਾ। ਉਨ੍ਹਾਂ ਭਾਰਤ 5 ਜਨਵਰੀ 1948 ਨੂੰ ‘ਲਾਲ ਕਮਿਊਨਿਸਟ ਪਾਰਟੀ’ ਦੀ ਸਥਾਪਨਾ ਕੀਤੀ ਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਉਠਾਈ। ਤੇਜਾ ਸਿੰਘ ਸੁਤੰਤਰ ਦੇ ਪੰਜਾਬ ਕਿਸਾਨ ਸਭਾ ਤੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਨੇੜੇ ਦੇ ਸਬੰਧ ਸਨ। ਪੈਪਸੂ ਦੀ ਮੁਜ਼ਾਹਰਾ ਲਹਿਰ ਦੇ ਮੋਢੀ ਆਗੂਆਂ ’ਚੋਂ ਵੀ ਉਹ ਇੱਕ ਸਨ।

ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪੜ੍ਹਾਈ ਨੂੰ ਮੁੱਖ ਹਥਿਆਰ ਸਮਝਦਿਆਂ ਉਨ੍ਹਾਂ ਨੇ ਜ਼ਿਲ੍ਹਾ ਪਟਿਆਲਾ ਦੇ ਪਾਤੜਾਂ ਇਲਾਕੇ ਵਿੱਚ ਕਿਰਤੀ ਕਾਲਜ ਦੀ 1968 ਈ: ਵਿੱਚ ਨੀਂਹ ਰੱਖੀ। 1971 ਈ: ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਤੰਤਰ ਜੀ ਸੰਗਰੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਕਾਮਰੇਡ ਤੇਜਾ ਸਿੰਘ ਸੁਤੰਤਰ ਵਰਗੇ ਮਸਕੀਨ, ਮਿਹਨਤੀ ਅਤੇ ਸਾਦਾ ਕਮਿਊਨਿਸਟ ਆਗੂ ਦੀ ਜੀਵਨੀ ਪੜਦਿਆਂ ਮਨ ਮਾਯੂਸ ਹੋਇਆ ਕਿ ਪੰਜਾਬ ਬੌਧਿਕ ਤੌਰ ਤੇ ਕਿਥੇ ਪਹੁੰਚ ਗਿਆ ਹੈ। ਅਸੀਂ ਉਨਾ ਦਰਵੇਸ਼ ਬੰਦਿਆਂ ਦੀ ਘਾਲਣਾ ਅਤੇ ਤਿਆਗ ਨੂੰ ਅਹਿਸਾਨਫਰਾਮੋਸ਼ੀ ਦੀ ਗਰਦ ਨਾਲ ਢੱਕ ਦਿੱਤਾ, ਜਿਨਾ ਨੇ ਤਾਅ ਉਮਰ ਟੁੱਟੀਆਂ ਚੱਪਲ਼ਾਂ ਨਾਲ ਸੰਗਰਾਮ ਜ਼ਾਰੀ ਰੱਖੇ, ਜਿਨਾ ਨੇ ਮੈਲੇ-ਕੁਚੈਲੇ ਕੱਪੜਿਆਂ ਨਾਲ ਵੀ ਸੰਘਰਸ਼ ਦੀ ਸੁੱਚਤਾ ਤੇ ਦਾਗ ਨਹੀਂ ਆਉਣ ਦਿੱਤਾ।

ਪਿਛਲੇ ਕੁੱਝ ਸਮੇਂ ਤੋਂ ਭਾਰਤੀ ਮਹਾਂਦੀਪ ਵਿੱਚ ਖਾਸਕਰ ਪੰਜਾਬੀ ਖ਼ਿੱਤੇ ਵਿੱਚ ਕਾਮਰੇਡ ਦੇ ਅਰਥ ਸਿਰਫ ਧਰਮ ਦੇ ਵਿਰੋਧ ਵਿੱਚ ਜਾਂ ਇਕ ਨਾਸਤਿਕ ਵਰਗ ਵਜੋਂ ਲੈ ਜਾ ਰਹੇ ਹਨ। ਕਾਮਰੇਡ ਹੋਣ ਦੇ ਪਵਿੱਤਰ ਅਰਥ ਹਲਕੀਆਂ ਬਹਿਸਾਂ ਵਿੱਚੋਂ ਬਿਲਕੁਲ ਮਨਫ਼ੀ ਹੋ ਗਏ ਹਨ। ਸ਼ਾਇਦ ਸ਼ੋਸਲ ਮੀਡੀਆ ਦੇ ਯੁੱਗ ਵਿੱਚ ਹੋਏ ਵਿਚਾਰਾਂ ਦੇ ਧਰੁਵੀਕਰਨ ਅਤੇ ਖਪਤੀ ਸਭਿਆਚਾਰ ਵਿੱਚ ਬਦਲਦੀਆਂ ਰੁਚੀਆਂ ਨੇ ਸਮਾਜ ਵਿਚ ਵਿਚਾਰਧਾਰਿਕ ਵਿਰੋਧ ਦੇ ਬਾਵਜੂਦ ਵੀ ਸਿਦਕ ਅਤੇ ਕੁਰਬਾਨੀ ਦੇ ਜਜ਼ਬੇ ਦਾ ਸਨਮਾਨ ਕਰਨ ਦੀ ਬਜਾਏ ਸਿਰਫ਼ ਆਪੋ ਆਪਣੀ ਧਿਰ ਦੇ ਹੱਕ ਵਿੱਚ ਭੁਗਤਣ ਦਾ ਰੁਝਾਣ ਪੈਦਾ ਕਰ ਦਿੱਤਾ ਹੈ। ਮਾਓ ਅਤੇ ਲੈਨਿਨ ਵਰਗੇ ਮਹਾਨ ਨਾਇਕਾਂ ਪ੍ਰਤੀ ਟਿੱਪਣੀਆਂ ਅਤੇ ਹੋਰ ਘਟੀਆ ਪੱਧਰ ਦੀ ਲਤੀਫ਼ੇਬਾਜ਼ੀ ਨੇ ਪੰਜਾਬੀਆਂ ਦੇ ਜ਼ਿਹਨੀ ਨੰਗਪੁਣੇ ਦਾ ਭਰਪੂਰ ਮੁਜ਼ਾਹਰਾ ਕੀਤਾ ਹੈ।

ਬੇਸ਼ੱਕ ਅਜਿਹੇ ਲੋਕ ਮੁੱਠੀ-ਭਰ ਹੀ ਹੋਣਗੇ, ਪਰ ਸਮਾਜ ਦਾ ਵੱਡਾ ਸਹਿਜ ਮਨੋਭਾਵੀ ਹਿੱਸਾ ਜੋ ਸ਼ੋਸਲ ਮੀਡੀਆ ਤੇ ਸਦਾਚਾਰਿਕ ਕਦਰਾਂ ਕੀਮਤਾਂ ਅਤੇ ਵਿਵੇਕਸ਼ੀਲ ਹੋ ਕੇ ਵਿਚਰਦਾ ਉਹਨਾਂ ਨੂੰ ਜਬਰਨ ਅਜਿਹੇ ਕੂੜੇ-ਕਬਾੜੇ ਨਾਲ ਬਾਵਾਸਤਾ ਕਰਵਾ ਦਿਤਾ ਜਾਂਦਾ ਹੈ। ਆਓ ਆਪੋ ਆਪਣੇ ਰਾਜਨੀਤਕ ਖੇਮੇ ਦੇ ਹਾਸ਼ੀਏ ਤੋਂ ਬਾਹਰ ਨਿਕਲ ਕੇ, ਵਿਚਾਰਧਾਰਕ ਲਕੀਰਾਂ ਨੂੰ ਉਲ਼ੰਘ ਕੇ ਲੋਕ ਲਹਿਰਾਂ ਦੇ ਲੇਖੇ ਜੀਵਨ ਲਾਉਣ ਵਾਲੇ ਨਾਇਕਾਂ ਨੂੰ ਨਮਨ ਕਰੀਏ। ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਮੌਤ ਵੇਲੇ ਫਰੋਲੇ ਗਏ ਝੋਲੇ ਦਾ ਸੀਨ ਅੱਜ ਵੀ ਦੇਸ਼ ਦੇ ਹਰ ਰਾਜਨੀਤਕ ਆਗੂ ਲਈ ਇਕ ਸ਼ੀਸਾ ਹੈ…

ਸਰਬਜੀਤ ਸੋਹੀ, ਆਸਟਰੇਲੀਆ