ਨਾਗਰਿਕਤਾ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਿਆ ਹੈ। ਕਿਉਂਕਿ ਇਹ ਬਿੱਲ ਭਾਰਤ ਦੇ ਜ਼ਿਆਦਾਤਰ ਲੋਕਾਂ ਨੂੰ ਪਸੰਦ ਨਹੀਂ ਹੈ। ਭਾਰਤੀ ਹਾਕਮਾਂ ਦੇ ਵੱਲੋਂ ਬਿਨਾਂ ਕਿਸੇ ਸੋਚ ਵਿਚਾਰ ਤੋਂ ਹੀ ਨਾਗਰਿਕਤਾ ਸੋਧ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕਰ ਦਿੱਤਾ ਗਿਆ। ਬਿੱਲ ਦੇ ਪਾਸ ਹੋਣ ਤੋਂ ਮਗਰੋਂ ਲੋਕਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਇਸ ਬਿੱਲ ਦਾ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਹੈ। ਭਾਰਤ ਧਰਮ ਨਿਰਪੱਖ ਦੇਸ਼ ਹੈ ਅਤੇ ਇੱਥੇ ਹਰ ਜਾਤ ਬਿਰਾਦਰੀ ਦੇ ਲੋਕਾਂ ਨੂੰ ਰਹਿਣ ਦਾ ਪੂਰਾ ਅਧਿਕਾਰ ਹੈ। ਜੇਕਰ ਕੋਈ ਸਰਕਾਰ ਸਾਡੇ ਕੋਲੋਂ ਸਾਡੇ ਅਧਿਕਾਰ ਖੋਹਣ ਦੀ ਗੱਲ ਕਰਦੀ ਹੈ ਤਾਂ ਸਾਡੇ ਕੋਲ ਵੀ ਐਨੀ ਪਾਵਰ ਹੈ ਕਿ ਅਸੀਂ ਉਕਤ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਸਕੀਏ। ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਜਿੱਥੇ ਆਮ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਉੱਥੇ ਹੀ ਵਿਦਿਆਰਥੀ ਸੰਗਠਨ ਵੀ ਇਸ ਰੋਹ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਦੱਸ ਦਈਏ ਕਿ ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਭਾਰਤ ਦੀਆਂ ਹੋਰ ਅਣਗਿਣਤ ਯੂਨੀਵਰਸਿਟੀਆਂ ਵਿੱਚ ਨਾਗਰਿਕਤਾ ਸੋਧ ਬਿੱਲ ਦਾ ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀ ਵਿਰੋਧ ਕਰ ਰਹੇ ਹਨ, ਪਰ ਸਰਕਾਰ ਦੀ ਸ਼ਹਿ ਤੇ ਪੁਲਿਸ ਵਾਲਿਆਂ ਵੱਲੋਂ ਵਿਦਿਆਰਥੀਆਂ ਉਪਰ ਕਹਿਰ ਢਾਹਿਆ ਜਾ ਰਿਹਾ ਹੈ। ਦਿੱਲੀ ਦੀ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਅੰਦਰ ਧੱਕੇ ਨਾਲ ਵੜ ਕੇ ਜਿਸ ਪ੍ਰਕਾਰ ਪੁਲਿਸ ਨੇ ਵਿਦਿਆਰਥੀਆਂ ਤੇ ਜ਼ੁਲਮ ਕੀਤਾ, ਉਹ ਜ਼ੁਲਮ ਨਾ ਸਹਿਣਯੋਗ ਹੈ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਇਕੱਲੇ ਆਮ ਲੋਕ ਹੀ ਨਹੀਂ, ਬਲਕਿ ਵਿਦਿਆਰਥੀਆਂ ਦੇ ਨਾਲ-ਨਾਲ ਬਾਲੀਵੁੱਡ ਹਸਤੀਆਂ ਅਤੇ ਲੇਖਕ, ਪੱਤਰਕਾਰ, ਇਨਕਲਾਬੀ, ਕ੍ਰਾਂਤੀਕਾਰੀ, ਕਾਮਰੇਡ ਆਦਿ ਵੀ ਕਰ ਰਹੇ ਹਨ। ਦੋਸਤੋ, ਪਿਛਲੇ ਦਿਨੀਂ ਦਿੱਲੀ ਯੂਨੀਵਰਸਿਟੀ ਵਿੱਚ ਪ੍ਰਸਿੱਧ ਲੇਖਕਾ ਅਰੁੰਧਤੀ ਰਾਏ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਨ ਲਈ ਪਹੁੰਚੀ ਅਤੇ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਮੋਦੀ ਸਰਕਾਰ ਤੇ ਜੰਮ ਕੇ ਵਾਰ ਕੀਤੇ ਅਤੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ। ਰਾਏ ਦਾ ਆਪਣੇ ਭਾਸ਼ਣ ਦੌਰਾਨ ਕਹਿਣਾ ਸੀ ਕਿ 22 ਦਸੰਬਰ ਨੂੰ ਪੀਐਮ ਮੋਦੀ ਨੇ ਰਾਮਲੀਲਾ ਮੈਦਾਨ ਦਿੱਲੀ ਵਿੱਚ ਭਾਸ਼ਣ ਕਰਦਿਆਂ ਐਨਆਰਸੀ ਬਾਰੇ ਸ਼ਰੇਆਮ ਨਜ਼ਰਬੰਦੀ ਕੈਂਪਾਂ ਬਾਰੇ ਕੂੜ ਪ੍ਰਚਾਰ ਕੀਤਾ। ਅਰੁੰਧਤੀ ਰਾਏ ਨੇ ਜਨਤਾ ਨੂੰ ਅਪੀਲ ਕਰਦਿਆਂ ਅਤੇ ਮੋਦੀ ਤੇ ਵਿਅੰਗ ਕਸਦਿਆਂ ਇਹ ਵੀ ਕਿਹਾ ਕਿ ਜੇਕਰ ਤੁਹਾਡੇ ਘਰ ਕੋਈ ਵੀ ਸਰਕਾਰੀ ਬਾਬੂ ਸਰਵੇ ਲਈ ਆਉਂਦਾ ਹੈ ਅਤੇ ਘਰ ਦੇ ਬਾਰੇ ਵਿੱਚ ਕੋਈ ਵੀ ਜਾਣਕਾਰੀ ਮੰਗਦਾ ਹੈ, ਤਾਂ ਉਕਤ ਬਾਬੂ ਨੂੰ ਆਪਣਾ ਨਾਮ “ਬਿੱਲਾ ਰੰਗਾ” ਅਤੇ ਘਰ ਦਾ ਪਤਾ ਪੀਐਮ ਮੋਦੀ ਦੇ ਘਰ ਦਾ ਲਿਖਵਾ ਦਿਓ। ਲੇਖਕਾ ਰਾਏ ਦੀਆਂ ਗੱਲਾਂ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਬਹੁਤ ਸਾਰੇ ਲੋਕਾਂ ਨੇ ਰਾਏ ਦੇ ਬਿਆਨ ਨੂੰ ਸਹੀ ਠਹਿਰਾਇਆ, ਜਦਕਿ ਆਰਐਸਐਸ ਵਾਲਿਆਂ ਅਤੇ ਬੀਜੇਪੀ ਵਾਲਿਆਂ ਨੇ ਲੇਖਕਾ ਰਾਏ ਦੇ ਬਿਆਨ ਨੂੰ ਗਲਤ ਸਾਬਤ ਕਰਦਿਆਂ ਹੋਇਆਂ, ਰਾਏ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ। ਬੇਸ਼ੱਕ ਲੇਖਕਾ ਰਾਏ ਦੇ ਖ਼ਿਲਾਫ਼ ਮਾਮਲਾ ਦਰਜ ਹੋ ਚੁੱਕਿਆ ਹੈ, ਪਰ ਉਨ੍ਹਾਂ ਦਾ ਕਹਿਣਾ ਹੈ “ਆਈਟੀ ਸੈੱਲ ਵਾਲੇ” ਸ਼ਰੇਆਮ ਜ਼ਹਿਰ ਉਗਲਾ ਰਹੇ ਹਨ, ਉਨ੍ਹਾਂ ਦੇ ਵੱਲ ਮੋਦੀ ਸਰਕਾਰ ਧਿਆਨ ਨਹੀਂ ਦੇ ਰਹੀ। ਜਦਕਿ ਹੱਕ ਸੱਚ ਲਈ ਲੜਨ ਵਾਲਿਆਂ ਦੇ ਖ਼ਿਲਾਫ਼ ਮਾਮਲੇ ਦਰਜ ਕਰਕੇ ਮੋਦੀ ਹਕੂਮਤ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਰਹੀ ਹੈ। ਜੇਲ੍ਹਾਂ ਅੰਦਰ ਡੱਕ ਕੇ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਸੱਚ ਹਮੇਸ਼ਾ ਸੱਚ ਹੀ ਰਹਿੰਦਾ ਹੈ, ਭਾਵੇਂ ਉਹ ਕਿਸੇ ਵੀ ਰੂਪ ਵਿੱਚ ਕਿਉਂ ਨਾ ਹੋਵੇ। ਦੰਗੇ ਤਾਂ ਮੋਦੀ ਭਗਤ ਅਤੇ ਸੰਘੀ ਵੀ ਭੜਕਾ ਰਹੇ ਹਨ ਉਨ੍ਹਾਂ ਦੇ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਲੇਖਕਾ ਰਾਏ ਨੇ ਸਪੱਸ਼ਟ ਕੀਤਾ ਕਿ ਜਿਹੜਾ ਮੁਸਲਮਾਨਾਂ ਦੇ ਖ਼ਿਲਾਫ਼ ਬੋਲਦਾ ਹੈ, ਮੋਦੀ ਨੂੰ ਉਹ ਬੰਦਾ ਹੀ ਦੇਸ਼ ਭਗਤ ਲਗਦਾ ਹੈ, ਬਾਕੀ ਸਭ ਦੇਸ਼ ਧ੍ਰੋਹੀ ਹੀ ਲਗਦੇ ਹਨ।