ਵਿਸ਼ਵ ਪੁਸਤਕ ਦਿਵਸ ਜਾਂ ਵਿਸ਼ਵ ਪੁਸਤਕ ਅਤੇ ਕਾਪੀਰਾਈਟ ਦਿਵਸ ਹਰ ਸਾਲ 23 ਅਪਰੈਲ ਨੂੰ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਸਿੱਖਿਆ ਸੰਗਠਨ ‘ਯੂਨੈਸਕੋ’ ਵੱਲੋਂ ਪੜ੍ਹਨ ਅਤੇ ਪ੍ਰਕਾਸ਼ਨ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਬੌਧਿਕ ਸੰਪਤੀ ਨੂੰ ਕਾਪੀਰਾਈਟ ਰਾਹੀਂ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਦਿਨ ਮਨਾਇਆ ਜਾਂਦਾ ਹੈ। ਇਹ ਦਿਨ ‘ਯੂਨੈਸਕੋ’ ਦੇ ਫੈਸਲੇ ਦੇ ਅਨੁਸਾਰ ਪਹਿਲੀ ਵਾਰ 1995 ਵਿੱਚ ਮਨਾਇਆ ਗਿਆ। 23 ਅਪਰੈਲ ਵਿਸ਼ਵ ਸਾਹਿਤ ਦੀ ਦੁਨੀਆ ਵਿੱਚ ਕਈ ਹੋਰ ਪ੍ਰਸਿੱਧ ਪ੍ਰਤੀਨਿਧ ਲੇਖਕਾਂ ਦੇ ਜਨਮ ਅਤੇ ਮੌਤ ਦੀ ਤਾਰੀਖ ਨਾਲ ਵੀ ਜੁੜਿਆ ਹੋਇਆ ਹੈ। ਵਿਲੀਅਮ ਸ਼ੈਕਸਪੀਅਰ ਦੀ ਜਨਮ ਅਤੇ ਮੌਤ (1564-1616 ਈ:) ਵੀ ਇਸੇ ਦਿਨ ਹੋਈ ਸੀ। ਮਿਗੈਲ ਦੇ ਸਰਵਾਂਤੇਸ, ਇੰਕਾ ਗਾਰਸੀਲਾਸੋ ਡੀ ਲਾ ਵੇਗਾ, ਜੌਸੇਪ ਪਲਾ ਅਤੇ ਭਾਰਤ ਦੇ ਪ੍ਰਸਿੱਧ ਸੰਗੀਤਕਾਰ ਉਸਤਾਦ ਬੜੇ ਗੁਲਾਮ ਅਲੀ ਖਾਂ ਦੇ ਦਿਹਾਂਤ ਦਾ ਵੀ ਇਹੋ ਦਿਨ ਹੈ। ਮਾਰੀਸ ਦਰੂਓਂ, ਵਲਾਦੀਮੀਰ ਨਾਬੋਕੋਵ, ਮੈਨੁਇਲ ਮੇਜ਼ੀਆ ਵਲੇਜ਼ੋ ਅਤੇ ਹਾਲਦਾਰ ਲੈਕਸਨੈਸ ਜਿਹੇ ਕਈ ਹੋਰ ਮਹੱਤਵਪੂਰਨ ਲੇਖਕਾਂ ਦਾ ਜਨਮ ਇਸੇ ਦਿਨ ਹੋਇਆ ਸੀ। ਯੂਨੈਸਕੋ’ ਦੀ ਆਮ ਸਭਾ ਵੱਲੋਂ ਪੁਸਤਕ ਅਤੇ ਲੇਖਕਾਂ ਨੂੰ ਇਸ ਦਿਨ ਉੱਤੇ ਯਾਦ ਕਰਨ ਅਤੇ ਆਮ ਲੋਕਾਂ, ਖਾਸ ਕਰ ਕੇ ਯੁਵਕਾਂ ਵਿੱਚ ਪੁਸਤਕ ਪੜ੍ਹਨ ਨੂੰ ਅਨੰਦ ਦੇ ਰੂਪ ਵਿੱਚ ਲੈਣ ਨੂੰ ਉਤਸ਼ਾਹਿਤ ਕਰਨ ਦਾ ਉਦੇਸ਼ ਵੀ ਇਸ ਦਿਵਸ ਨੂੰ ਪੁਸਤਕ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਕਾਰਨ ਬਣਿਆ। ਅੱਜ ਵਿਸ਼ਵ ਪੁਸਤਕ ਦਿਵਸ ਪੂਰੀ ਦੁਨੀਆ ਵਿੱਚ ਲੇਖਕ, ਪ੍ਰਕਾਸ਼ਕ, ਪੁਸਤਕ ਵਿਕਰੇਤਾ ਅਤੇ ਪੁਸਤਕ ਪ੍ਰੇਮੀਆਂ ਵਿੱਚ ਇੱਕ ‘ਪੁਸਤਕ ਤਿਉਹਾਰ’ ਦੇ ਰੂਪ ਵਿੱਚ ਮਨਾਇਆ ਜਾਣ ਲੱਗਿਆ ਹੈ। ‘ਵਿਸ਼ਵ ਪੁਸਤਕ ਦਿਵਸ’ ਪੜ੍ਹਨ ਅਤੇ ਪੁਸਤਕ ਉਤਸ਼ਾਹਿਤ ਕਰਨ ਲਈ ਵੀ ਹੁਣ ਜਾਣਿਆ-ਪਛਾਣਿਆ ਦਿਵਸ ਬਣ ਗਿਆ ਹੈ। ਇਹ ਦਿਨ ਇੱਕ ਸੌ ਤੋਂ ਵਧੇਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਮੌਕੇ ਪੁਸਤਕਾਂ ਨਾਲ ਸਬੰਧਤ ਬਹੁਤ ਸਾਰੀਆਂ ਗਤੀਵਿਧੀਆਂ ਆਯੋਜਿਤ ਹੁੰਦੀਆਂ ਹਨ। ਇਹ ਦਿਨ ਪ੍ਰਕਾਸ਼ਕਾਂ, ਵਿਕਰੇਤਾਵਾਂ ਅਤੇ ਉਨ੍ਹਾਂ ਪੱਖਾਂ ਵਿਚਕਾਰ ਇੱਕ ਆਪਸੀ ਮੇਲਜੋਲ ਅਤੇ ਸੰਪਰਕ ਪੁਲ ਵੀ ਹੈ, ਜਿਹਨਾਂ ਦਾ ਮੂਲ ਮੰਤਵ ਪੁਸਤਕ ਪ੍ਰਗਤੀ ਅਤੇ ਪੁਸਤਕ ਪੜ੍ਹਨ ਦੀ ਰੁਚੀ ਵਿੱਚ ਵਿਸਥਾਰ ਦੇ ਨਾਲ-ਨਾਲ ਪੂਰੇ ਸੰਸਾਰ ਵਿੱਚ ਪੁਸਤਕ ਸੱਭਿਆਚਾਰ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਵੀ ਹੈ। ਆਧੁਨਿਕ ਸਮੇਂ ਵਿੱਚ ਪੁਸਤਕਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ, ਜਿਸ ਕਰ ਕੇ ਪੁਸਤਕ ਅਤੇ ਪ੍ਰਕਾਸ਼ਕ ਦਾ ਉਹ ਸਥਾਨ ਨਹੀਂ ਰਿਹਾ, ਜੋ ਕਿਸੇ ਸਮੇਂ ਹੋਇਆ ਕਰਦਾ ਸੀ। ਯੂਨੈਸਕੋ ਹਰ ਸਾਲ ਵਿਸ਼ਵ ਦੇ ਕਿਸੇ ਇੱਕ ਦੇਸ਼ ਦੇ ਸ਼ਹਿਰ ਨੂੰ ‘ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ’ ਦਾ ਦਰਜਾ ਪ੍ਰਦਾਨ ਕਰਦਾ ਹੈ। ਉਹ ਸ਼ਹਿਰ ਉਸ ਵਿਸ਼ੇਸ਼ ਸਾਲ, ਜੋ 23 ਅਪਰੈਲ ਤੋਂ ਅਗਲੇ ਸਾਲ 22 ਅਪਰੈਲ ਤੱਕ ਹੁੰਦਾ ਹੈ, ਪਿਛਲੇ ਵਰ੍ਹੇ ਵਿਸ਼ਵ ਪੁਸਤਕ ਰਾਜਧਾਨੀ ਸਲੋਵਾਨੀਆ ਦਾ ਸ਼ਹਿਰ ਲੁਬਜ਼ਾਨਾ ਸੀ। ਇਸ ਸਾਲ ਵਿਸ਼ਵ ਪੁਸਤਕ ਰਾਜਧਾਨੀ ਬਿਊਨਸ ਆਇਰਜ਼ (ਅਰਜਨਟੀਨਾ) ਹੈ। ਭਾਰਤ ਸਥਿਤ ਦਿੱਲੀ ਸ਼ਹਿਰ ਨੂੰ 2005 ਵਿੱਚ ਵਿਸ਼ਵ ਪੁਸਤਕ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ।