ਈਦ ਦੇ ਦਿਹਾੜੇ ਤੇ ਵਿਸ਼ੇਸ਼:- ਇਤਇਸਲਾਮ ਚ ਈਦ-ਉਲ-ਫਿਤਰ ਦਾ ਮਹੱਤਵ”

701

ਸੰਸਾਰ ਵਿੱਚ ਵੱਖ-ਵੱਖ ਧਰਮਾਂ ‘ਚ ਵਿਸ਼ਵਾਸ ਰੱਖਣ ਵਾਲੇ ਕਰੋੜਾਂ ਲੋਕ ਵੱਸਦੇ ਹਨ ਜਿਨ੍ਹਾਂ ਦੇ ਆਪਣੇ ਅਲੱਗ ਅਲੱਗ ਰੀਤੀ ਰਿਵਾਜ ਹਨ। ਇਸੇ ਤਰ੍ਹਾਂ ਜਦੋਂ ਅਸੀਂ ਉਨ੍ਹਾਂ ਦੇ ਧਾਰਮਿਕ ਤਿਉਹਾਰਾਂ ਦੀ ਗੱਲ ਕਰਦੇ ਹਾਂ ਤਾਂ ਉਹ ਹਰ ਇੱਕ ਦੇ ਵੰਨ ਸੁਵੰਨੇ ਹਨ। ਵੱਖ ਵੱਖ ਧਰਮਾਂ ‘ਚ ਮਨਾਏ ਜਾਂਦੇ ਤਿਉਹਾਰ ਦਾ ਪਿਛੋਕੜ ਕਿਸੇ ਨਾ ਕਿਸੇ ਰੂਪ ਵਿਚ ਉਸ ਧਰਮ ‘ਚ ਵਾਪਰੀ ਕਿਸੇ ਮੁੱਖ ਘਟਨਾ ਨਾਲ ਜੁੜਿਆ ਹੁੰਦਾ ਹੈ।
ਦਰਅਸਲ ਹਰ ਧਰਮ ਵਿੱਚ ਮਨਾਏ ਜਾਣ ਵਾਲੇ ਤਿਉਹਾਰ ਉਨ੍ਹਾਂ ਧਰਮਾਂ ਦੇ ਅਨੁਆਈਆਂ ਨੂੰ ਖ਼ੁਸ਼ੀਆਂ ਪ੍ਰਦਾਨ ਕਰਨ ਦਾ ਇਕ ਵੱਡਾ ਸਾਧਨ ਹਨ।
ਜਦੋਂ ਗੱਲ ਇਸਲਾਮ ਧਰਮ ਦੀ ਟੁਰਦੀ ਹੈ ਤਾਂ ਇਸ ਧਰਮ ਦੇ ਦੇ ਅਨੁਯਾਈ ਅਰਥਾਤ ਮੁਸਲਮਾਨ ਮੁੱਖ ਤੌਰ ‘ਤੇ ਦੋ ਤਿਉਹਾਰ ਈਦ-ਉਲ-ਫ਼ਿਤਰ ਤੇ ਈਦ-ਉਲ-ਜੁਹਾ ਨੂੰ ਬਹੁਤ ਸ਼ਾਨਦਾਰ ਤਰੀਕੇ ਨਾਲ ਮਨਾਉਂਦੇ ਹਨ।
ਜਦੋਂ ਸ਼ਬਦ ਈਦ-ਉਲ-ਫ਼ਿਤਰ ਦੀ ਉਤਪਤੀ ਦੀ ਪੜਚੋਲ ਕਰਦੇ ਹਾਂ ਤਾਂ ਇਸ ਦੇ ਵਿਚਲਾ ਸ਼ਬਦ ‘ਈਦ’ ਅਰਬੀ ਭਾਸ਼ਾ ਦੇ ਸ਼ਬਦ ‘ਊਦ’ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੁੰਦਾ ਹੈ ਵਾਪਸ ਆਉਣਾ ਜਾਂ ਵਾਰ-ਵਾਰ ਆਉਣਾ। ਈਦ ਕਿਉਂਕਿ ਹਰ ਸਾਲ ਆਉਂਦੀ ਹੈ, ਇਸ ਲਈ ਇਸ ਦਾ ਨਾਂ ਈਦ ਪੈ ਗਿਆ, ਦੂਜੇ ਅਰਥਾਂ ਵਿਚ ਈਦ ਦੇ ਅਰਥ ‘ਖ਼ੁਸ਼ੀ’ ਹਨ।
ਜਦੋਂ ਕਿ ਫਿਤਰ ਦਾ ਅਰਥ ਹੈ ਰੋਜ਼ਾ ਖੋਲ੍ਹਣਾ, ਭਾਵ ਈਦ ਦੇ ਦਿਨ ਰਮਜ਼ਾਨ ਦਾ ਮਹੀਨਾ ਸਮਾਪਤ ਹੋ ਜਾਂਦਾ ਹੈ, ਅਰਥਾਤ ਸ਼ਵਾਲ ਮਹੀਨੇ ਦੀ ਪਹਿਲੀ ਤਰੀਕ ਨੂੰ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਈਦ–ਉਲ–ਫ਼ਿਤਰ ਮਨਾਉਣ ਦਾ ਫ਼ੈਸਲਾ ਕਈ ਵਾਰ 29ਵਾਂ ਰੋਜ਼ਾ ਖੋਲ੍ਹਣ ਤੋਂ ਬਾਅਦ ਚੰਦਰਮਾ ਨਜ਼ਰ ਆਉਣ ਉਪਰੰਤ ਹੀ ਕਰ ਦਿੱਤਾ ਜਾਂਦਾ ਹੈ। ਜੇ ਚੰਦਰਮਾ ਉਨੱਤੀਆਂ ਦਾ ਨਹੀਂ ਵਿਖਾਈ ਦਿੰਦਾ ਤਾਂ 30 ਰੋਜ਼ੇ ਪੂਰੇ ਕਰ ਲੈਣ ਤੋਂ ਬਾਅਦ ਈਦ–ਉਲ–ਫ਼ਿਤਰ ਮਨਾਈ ਜਾਂਦੀ ਹੈ।
ਈਦ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਇਕ ਥਾਂ ਇਹ ਵੀ ਰਵਾਇਤ ਹੈ ਕਿ ਜਦੋਂ ਹਜ਼ਰਤ ਆਦਮ (ਅਲੈਹ ਅਲਸਾਮ) ਦੀ ਤੋਬਾ ਕਬੂਲ ਹੋਈ ਤਾਂ ਉਸ ਦਿਨ ਦੁਨੀਆ ਵਿਚ ਪਹਿਲੀ ਈਦ ਮਨਾਈ ਗਈ। ਇਸੇ ਤਰ੍ਹਾਂ ਹਜ਼ਰਤ ਇਬਰਾਹੀਮ (ਅਲੈਹ ਅਸਲਾਮ) ਨੂੰ ਜਦੋਂ ਨਮਰੂਦ ਦੁਆਰਾ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਅੱਗ ਨੇ ਉਨ੍ਹਾਂ ਨੂੰ ਜਲਾਉਣ ਦੀ ਥਾਂ ਫੁੱਲਾਂ ਦੇ ਬਗ਼ੀਚੇ ਦਾ ਰੂਪ ਧਾਰਨ ਕਰ ਲਿਆ ਤਾਂ ਇਬਰਾਹੀਮ ਦੀ ਕੌਮ ਨੇ ਇਸ ਖ਼ੁਸ਼ੀ ‘ਚ ਈਦ ਮਨਾਈ। ਇਸੇ ਤਰ੍ਹਾਂ ਜਦ ਹਜ਼ਰਤ ਯੂਨਸ (ਅਲੈਹ ਅਸਲਾਮ) ਨੂੰ ਮੱਛੀ ਦੇ ਪੇਟ ‘ਚੋਂ ਰਿਹਾਈ ਮਿਲੀ ਤਾਂ ਉਨ੍ਹਾਂ ਦੀ ਉਮਤ ਨੇ ਉਸ ਦਿਨ ਈਦ ਮਨਾਈ। ਜਦੋਂ ਅਲ੍ਹਾ ਪਾਕ ਨੇ ਹਜ਼ਰਤ ਮੂਸਾ (ਅਲੈਹ ਅਸਲਾਮ) ਦੀ ਕੌਮ, ਭਾਵ ਬਨੀ ਇਸਰਾਈਲ ਨੂੰ ਫਿਰੌਨ ਦੇ ਜ਼ੁਲਮਾਂ ਤੋਂ ਛੁਟਕਾਰਾ ਦਿਵਾਇਆ ਤਾਂ ਉਨ੍ਹਾਂ ਵਾਸਤੇ ਉਹੀ ਦਿਨ ਈਦ ਸਮਾਨ ਸੀ।

ਅਜੌਕੇ ਸਮੇਂ ਜੋ ਈਦ ਉਲ ਫਿਤਰ ਦਾ ਇਸਲਾਮ ਵਿਚ ਮਨਾਇਆ ਜਾਂਦਾ ਹੈ ਇਸ ਦਾ ਆਰੰਭ 624 ਈਸਵੀ ਤੋਂ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਹਿਜਰਤ ਕਰ ਕੇ ਆਉਣ ਤਕ ਮਦੀਨੇ ਦੇ ਲੋਕ ਸਾਲ ‘ਚ ਦੋ ਦਿਨ ਮੇਲੇ ਦੀ ਸ਼ਕਲ ‘ਚ ਖ਼ੁਸ਼ੀਆਂ ਮਨਾਉਂਦੇ ਸਨ। ਇਸ ਦੌਰਾਨ ਉਹ ਲੋਕ ਤਰ੍ਹਾਂ-ਤਰ੍ਹਾਂ ਦੇ ਖੇਡ ਤਮਾਸ਼ਿਆਂ ‘ਚ ਲੱਗੇ ਰਹਿੰਦੇ ਸਨ ਤੇ ਹੁੱਲੜਬਾਜ਼ੀ ਕਰਨ ਨੂੰ ਹੀ ਈਦ ਸਮਝਦੇ ਸਨ। ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਇਸ ਸੰਦਰਭ ‘ਚ ਉਕਤ ਦਿਨਾਂ ਨੂੰ ਮਨਾਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਸ਼ੁਰੂ ਤੋਂ ਇਸੇ ਤਰ੍ਹਾਂ ਸਾਲ ‘ਚ ਦੋ ਵਾਰ ਇਹ ਦਿਨ ਮਨਾਉਂਦੇ ਆ ਰਹੇ ਹਾਂ।
ਤਾਂ ਹਜ਼ਰਤ ਮੁਹੰਮਦ ਸਾਹਿਬ ਨੇ ਉਨ੍ਹਾਂ ਦੇ ਉਕਤ ਜੁਆਬ ਦੇ ਸੰਦਰਭ ਆਖਿਆ ਕਿ ਇਸ ਨਾਲੋਂ ਬਿਹਤਰ ਦੋ ਦਿਨ ਤਹਾਨੂੰ ਅੱਲ੍ਹਾ ਪਾਕ ਦੁਆਰਾ ਦਿੱਤੇ ਗਏ ਹਨ, ਇੱਕ ਈਦ-ਉਲ–ਫ਼ਿਤਰ ਤੇ ਦੂਜਾ ਈਦ-ਉਲ-ਜੁਹਾ। ਬਿਨਾਂ ਸ਼ੱਕ ਅੱਲ੍ਹਾ ਪਾਕ ਦੁਆਰਾ ਖ਼ੁਸ਼ੀ ਦੇ ਇਹ ਦਿਨ ਉਦੇਸ਼ਾਂ ਤੇ ਮਕਸਦ ਭਰੇ ਹਨ।

ਇਸਲਾਮ ਹਰ ਮੌਕੇ ਗ਼ਰੀਬਾਂ ਨਾਲ ਭਲਾਈ ਤੇ ਹੁਸਨ-ਏ-ਸਲੂਕ ਕਰਨ ਦੀ ਪ੍ਰੇਰਣਾ ਦਿੰਦਾ ਹੈ। ਬੇਸਹਾਰਾ, ਕਮਜ਼ੋਰ ਤੇ ਆਰਥਿਕ ਤੌਰ ‘ਤੇ ਪੱਛੜੇ ਲੋਕਾਂ ਦੀ ਸਹਾਇਤਾ ਕਰਨ ਦੇ ਨਿਰਦੇਸ਼ ਦਿੰਦਾ ਹੈ। ਇਸ ਦੀ ਪ੍ਰਤੱਖ ਝਲਕ ਸਾਨੂੰ ਈਦ-ਉਲ-ਫ਼ਿਤਰ ਦੇ ਨਾਲ ਜੁੜੇ ਸਦਕਾ-ਏ-ਫਿਤਰ ਦੇ ਤੋਂ ਭਲੀਭਾਂਤ ਮਿਲਦੀ ਹੈ। ਇਹ ਕਿ ਰੋਜ਼ਿਆਂ ਦੌਰਾਨ ਰੋਜ਼ਾਦਾਰ ਤੋਂ ਜੋ ਕੋਤਾਹੀਆਂ ਹੋ ਜਾਂਦੀਆਂ ਹਨ, ਉਨ੍ਹਾਂ ਦੀ ਤਲਾਫ਼ੀ ਲਈ ਹਜ਼ਰਤ ਮੁਹੰਮਦ ਸਾਹਿਬ ਨੇ ਗ਼ਰੀਬਾਂ ਵਿਚਕਾਰ ਸਦਕਾ-ਏ-ਫ਼ਿਤਰ ਤਕਸੀਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਦਕਾ-ਏ-ਫ਼ਿਤਰ ਘਰ ਦੇ ਹਰ ਜੀਅ ਵੱਲੋਂ (ਨਾਬਾਲਿਗ ਦੇ ਮਾਂ-ਬਾਪ ਜਾਂ ਵਾਰਿਸ) ਵੱਲੋਂ ਦਿੱਤਾ ਜਾਂਦਾ ਹੈ, ਭਾਵ ਈਦ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਕਿਸੇ ਬੱਚੇ ਨੇ ਜਨਮ ਲਿਆ ਹੈ ਤਾਂ ਉਸ ਦੀ ਤਰਫ਼ੋਂ ਵੀ ਇਹ ਸਦਕਾ-ਏ-ਫ਼ਿਤਰ ਉਸ ਦੇ ਮਾਂ-ਬਾਪ ਵੱਲੋਂ ਕੱਢਿਆ ਜਾਣਾ ਵਾਜ਼ਿਬ ਹੈ। ਸਦਕਾ-ਏ-ਫ਼ਿਤਰ ਦਾ ਜੋ ਪ੍ਰਤੀ ਜੀਅ ਦੇ ਹਿਸਾਬ ਨਾਲ ਜੋ ਹਿੱਸਾ ਬਣਦਾ ਹੈ ਉਹ ਦੋ ਕਿੱਲੋ ਕਣਕ, ਜਾਂ ਸਾਢੇ ਤਿੰਨ ਕਿਲੋ ਜੌਂ ਜਾਂ ਖਜੂਰ ਕਿਸ਼ਮਿਸ਼, ਕਣਕ ਜਿਸ ਦੀ ਕੀਮਤ ਅੱਜ ਭਾਰਤੀ ਕਰੰਸੀ ਮੁਤਾਬਿਕ ਲਗਪਗ 40 ਰੁਪਏ ਹੈ, ਇਹ ਜ਼ਕਾਤ ਦੇ ਪੈਸਿਆਂ ਦੀ ਤਰ੍ਹਾਂ ਗ਼ਰੀਬ ਲੋਕਾਂ ਵਿਚ ਤਕਸੀਮ ਕਰਨ ਦਾ ਹੁਕਮ ਹੈ ਤਾਂ ਜੋ ਉਹ ਵੀ ਅਪਣੇ ਬੱਚਿਆਂ ਸਮੇਤ ਈਦ ਦੀਆਂ ਖ਼ੁਸ਼ੀਆਂ ‘ਚ ਸ਼ਾਮਲ ਹੋ ਸਕਣ।

ਇਕ ਵਾਕਿਆ ਬਹੁਤ ਮਸ਼ਹੂਰ ਹੈ ਕਿ ਇਕ ਈਦ ਮੌਕੇ ਹਜ਼ਰਤ ਮੁਹੰਮਦ ਸਲੱਲਾਹੋ ਅਲੈਵਸਲੱਮ ਆਪਣੇ ਦੋਵੇਂ ਦੋਹਤਿਆਂ ਹਜ਼ਰਤ ਹਸਨ ਤੇ ਹੁਸੈਨ ਨਾਲ ਈਦ ਦੀ ਨਮਾਜ਼ ਪੜ੍ਹਨ ਜਾ ਰਹੇ ਸਨ ਕਿ ਰਸਤੇ ਵਿਚ ਕੁੱਝ ਬੱਚੇ ਖੇਡਦੇ ਵਿਖਾਈ ਦਿੱਤੇ। ਉਨ੍ਹਾਂ ਬੱਚਿਆਂ ‘ਚੋਂ ਇਕ ਬੱਚਾ ਬਹੁਤ ਨਿਰਾਸ਼ ਤੇ ਪਰੇਸ਼ਾਨ ਵਿਖਾਈ ਦਿੱਤਾ ਤਾਂ ਆਪ ਨੇ ਉਸ ਪਾਸੋਂ ਦੁਖੀ ਹੋਣ ਦਾ ਕਾਰਨ ਪੁੱਛਿਆ। ਉਸ ਨੇ ਕਿਹਾ ਕਿ ਮੇਰਾ ਬਾਪ ਮਰ ਚੁੱਕਾ ਹੈ ਤੇ ਮਾਂ ਨੇ ਦੂਜਾ ਵਿਆਹ ਕਰ ਲਿਆ ਹੈ ਇਸ ਲਈ ਹੁਣ ਮੇਰੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਬੱਚੇ ਨੂੰ ਤਸੱਲੀ ਦਿੱਤੀ ਤੇ ਕਿਹਾ ਕਿ ਕੀ ਤੂੰ ਪਸੰਦ ਕਰੇਂਗਾ ਕਿ ਮੁਹੰਮਦ (ਸ) ਤੇਰਾ ਬਾਪ ਹੋਵੇ ਤੇ ਆਇਸ਼ਾ (ਰਜ਼ੀ ਅਲਾਹ ਅਨਹਾਂ) ਤੇਰੀ ਮਾਂ ਤੇ ਹਜ਼ਰਤ ਫ਼ਾਤਿਮਾ (ਰਜ਼ੀ ਅਲਾਹ ਅਨਹਾਂ) ਤੇਰੀ ਭੈਣ ਹੋਵੇ? ਜ਼ਿਕਰਯੋਗ ਹੈ ਕਿ ਆਇਸ਼ਾ (ਰ) ਹਜ਼ਰਤ ਮੁੰਹਮਦ ਸਲੱਲਾਹੋ ਅਲੈਵਸਲੱਮ ਦੀ ਪਤਨੀ ਤੇ ਫ਼ਾਤਿਮਾ ਆਪ ਦੀ ਲਾਡਲੀ ਧੀ ਸਨ । ਆਪ ਉਸ ਬੱਚੇ ਨੂੰ ਅਪਣੇ ਘਰ ਲੈ ਆਏ ਅਤੇ ਅਪਣੀ ਪਤਨੀ ਆਇਸ਼ਾ ਨੂੰ ਫਰਮਾਇਆ ਕਿ ਤੈਨੂੰ ਪੁੱਤਰ ਦੀ ਖ਼ਵਾਹਿਸ਼ ਸੀ, ਇਹ ਤੇਰਾ ਬੇਟਾ ਹੈ ਤੇ ਫ਼ਾਤਿਮਾ ਨੂੰ ਕਿਹਾ ਕਿ ਤੈਨੂੰ ਭਰਾ ਚਾਹੀਦਾ ਸੀ, ਇਹ ਤੇਰਾ ਭਰਾ ਹੈ ਤੇ ਫਿਰ ਕਿਹਾ ਹਸਨ ਅਤੇ ਹੁਸੈਨ ਦੇ ਕੱਪੜੇ ਲਿਆ ਕੇ ਉਨ੍ਹਾਂ ‘ਚੋਂ ਇਕ ਵਧੀਆ ਜੋੜਾ ਉਸ ਬੱਚੇ ਨੂੰ ਪਹਿਨਾਇਆ ਤੇ ਉਸ ਨੂੰ ਆਪਣੇ ਨਾਲ ਲੈ ਕੇ ਈਦ ਦੀ ਨਮਾਜ਼ ਪੜ੍ਹਨ ਲਈ ਤਸ਼ਰੀਫ਼ ਲੈ ਗਏ।

ਈਦ ਦੀਆਂ ਸੁੰਨਤਾਂ ਵਿਚ ਗ਼ੁਸਲ (ਨਹਾਉਣਾ), ਅਪਣੀ ਹੈਸੀਅਤ ਮੁਤਾਬਿਕ ਫ਼ਜ਼ੂਲ ਖ਼ਰਚੀ ਤੋਂ ਪਰਹੇਜ਼ ਕਰਦੇ ਹੋਏ ਨਵੇਂ ਕੱਪੜੇ ਪਹਿਨਣਾ, ਖਜੂਰ ਖਾਣਾ, ਈਦ ਪੜ੍ਹਨ ਲਈ ਪੈਦਲ ਜਾਣਾ, ਇਕ ਰਸਤੇ ਜਾਣਾ ਤੇ ਦੂਜੇ ਰਸਤੇ ਘਰ ਵਾਪਸ ਆਉਣਾ, ਰਸਤੇ ਵਿਚ ਜਾਂਦੇ-ਆਉਂਦੇ ਧੀਮੀ ਆਵਾਜ਼ ਵਿਚ ਇਹ ਤਕਬੀਰਾਂ ਪੜ੍ਹਨਾ, ਜਿਵੇਂ ਅਲ੍ਹਾ ਹੂ ਅਕਬਰ, ਅਲ੍ਹਾ ਹੂ ਅਕਬਰ, ਲਾ-ਇਲਾਹਾ ਇਲਲਾਹ ਹੂ ਵਲਾਹ ਹੋ ਅਕਬਰ, ਅਲਾਹ ਹੂ ਅਕਬਰ, ਵਾਲਿਲਾਹ ਹਿਲ ਹਮਦ, ਵੀ ਸੁੰਨਤ ਹੈ।

ਈਦ ਦੀ ਨਮਾਜ਼ ਉਪਰੰਤ ਇਮਾਮ ਵੱਲੋਂ ਜੋ ਖੁਤਬਾ (ਪ੍ਰਵਚਨ) ਦਿੱਤਾ ਜਾਂਦਾ ਹੈ, ਜਿਸ ਵਿਚ ਰੱਬ ਦੀ ਵਡਿਆਈ ਤੇ ਉਸਤਤ ਦੇ ਨਾਲ-ਨਾਲ ਸੰਸਾਰ ਦੀ ਸੁੱਖ-ਸ਼ਾਂਤੀ ਲਈ ਦੁਆ ਤੇ ਆਪਣੇ ਗ਼ੁਨਾਹਾਂ ਦੀ ਮਾਫ਼ੀ ਮੰਗੀ ਜਾਂਦੀ ਹੈ, ਉਸ ਨੂੰ ਸੁਨਣਾ ਹਰ ਈਦ ਦੀ ਨਮਾਜ਼ ਪੜ੍ਹਨ ਵਾਲੇ ਮੁਸਲਮਾਨ ਤੇ ਵਾਜ਼ਿਬ ਹੈ। ਇਕ ਰਵਾਇਤ ਵਿੱਚ ਆਇਆ ਹੈ ਕਿ ਹਜ਼ਰਤ ਮੁਹੰਮਦ ਸਲੱਲਾਹੋ ਅਲੈਵਸਲੱਮ ਨੇ ਫਰਮਾਇਆ ਹੈ ਕਿ ਈਦ ਦੀ ਨਮਾਜ਼ ਤੋਂ ਫਾਰਿਗ਼ ਹੋ ਕੇ ਜਦ ਬੰਦੇ ਆਪਣੇ ਘਰੀਂ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਦੇ ਗੁਨਾਹ ਮਾਫ਼ ਹੋ ਚੁੱਕੇ ਹੁੰਦੇ ਹਨ।

ਲੇਖਕ :ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ ।
Abbasdhaliwal72@gmail.com
ਸੰਪਰਕ :98552-59650