ਹਰ ਇਨਸਾਨ ਕੁਦਰਤ ਵੱਲੋਂ ਘੜਿਆ ਸਾਜਿਆ ਗਿਆ ਹੈ, ਪਰ ਬਿਨਾ ਸ਼ੱਕ ਇੱਕ ਔਰਤ ਕੁਦਰਤ ਵੱਲੋਂ ਇਸ ਧਰਤੀ ਤੇ ਇੱਕ ਫ਼ਰਿਸ਼ਤਾ ਬਣਾ ਕੇ ਭੇਜੀ ਗਈ ਹੈ, ਜੋ ਨਿਰਸਵਾਰਥ ਹੋ ਕੇ ਹਰ ਰਿਸ਼ਤੇ ਲਈ ਆਪਣੇ ਫ਼ਰਜ਼ ਖ਼ੁਸ਼ੀ ਨਾਲ ਨਿਭਾਉਂਦੀ ਹੈ। ਇੱਥੇ ਮੇਰਾ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਹਰ ਔਰਤ ਪਹਿਲਾ ਬੇਟੀ , ਭੈਣ , ਪਤਨੀ ਤੇ ਫਿਰ ਮਾਂ ਦਾ ਰੁਤਬਾ ਪ੍ਰਾਪਤ ਕਰਦੀ ਹੈ ਅਤੇ ਆਪਣੇ ਹਰ ਰਿਸ਼ਤੇ ਨੂੰ ਆਪਣਾ ਆਪਾ ਭੁੱਲ ਕੇ ਸਭ ਕੁੱਝ ਤਿਆਗ ਕੇ ਮਜ਼ਬੂਤ ਬਣਾਈ ਰੱਖਣ ਦੀ ਸਮਰੱਥਾ ਰੱਖਦੀ ਹੈ । ਇੱਕ ਬੇਟੀ ਇਸ ਲਈ ਤਾਂ ਪਾਪਾ ਦੀ ਪਰੀ , ਭਰਾ ਦੀ ਲਾਡਲੀ ਰੱਖੜੀ), ਪਤੀ ਅਰਧਾਂਗਨੀ ਅਤੇ ਆਪਣੇ ਬੱਚਿਆਂ ਲਈ ਰੱਬ ਦਾ ਰੂਪ ਬਣ ਜਾਂਦੀ ਹੈ । ਜਦੋਂ ਇੱਕ ਬੇਟੀ ਬਾਬਲ ਦੇ ਘਰ ਹੁੰਦੀ ਹੈ ਤਾਂ ਬਚਪਨ ਤੋਂ ਲੈ ਕੇ ਜਵਾਨ ਹੋਣ ਦੇ ਸਫ਼ਰ ਤੱਕ ਲੱਖਾਂ ਹੀ ਖੁਵਾਇਸ਼ਾਂ ਦਾ ਤਾਣਾ ਬਾਣਾ ਬੁਣਦੀ ਹੈ ਤੇ ਬਹੁਤ ਸਾਰੇ ਸ਼ੌਕ ਤੇ ਖੁਵਾਇਸਾ ਤਾਂ ਬਾਬਲ ਦੇ ਘਰ ਪੂਰੀਆਂ ਕਰ ਹੀ ਲੈਂਦੀ ਹੈ । ਪਰ ਜਦੋਂ ਲੜਕੀ ਵਿਆਹ ਕੇ ਸਹੁਰੇ ਘਰ ਜਾਂਦੀ ਹੈ ਤਾਂ ਨਵਾਂ ਘਰ , ਨਵੇਂ ਲੋਕ , ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਜਾਂਦੀ ਹੈ । ਨਵੇਂ ਮਾਹੌਲ ਵਿੱਚ ਸਾਰੇ ਘਰ ਦੇ ਮੈਂਬਰਾਂ ਨੂੰ ਸਮਝਣਾ ਇੱਕ ਅੱਲਣ ਕੁੜੀ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ। ਫਿਰ ਕੁੜੀ ਆਪਣੇ ਸ਼ੌਕ ਤੇ ਖੁਵਾਇਸ਼ਾਂ ਨੂੰ ਭੁੱਲ ਕੇ ਸਾਰੇ ਪਰਵਾਰ ਲਈ ਜ਼ਿੰਮੇਵਾਰੀਆਂ ਨਿਭਾਉਣੀਆਂ ਸ਼ੁਰੂ ਕਰ ਦਿੰਦੀ ਹੈ । ਇਸੇ ਤਰਾ ਹੀ ਹਫ਼ਤੇ , ਮਹੀਨੇ , ਸਾਲ ਗੁਜ਼ਰਦੇ ਜਾਂਦੇ ਹਨ ਤੇ ਕੰਮਾਂ ਧੰਦਿਆਂ ਦਾ ਬੋਝ ਵਧਦਾ ਜਾਂਦਾ ਹੈ । ਫਿਰ ਵਾਰੀ ਆਉਂਦੀ ਹੈ, ਪਤਨੀ ਤੋ ਮਾਂ ਬਣਨ ਦੀ ਜਦੋਂ ਇੱਕ ਲੜਕੀ ਮਾਂ ਬਣਦੀ ਹੈ ਤਾਂ ਉਸ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਅਤੇ ਉਹ ਆਪਣੇ ਆਪ ਵਿੱਚ ਇੱਕ ਸੰਪੂਰਨਤਾ ਮਹਿਸੂਸ ਕਰਨ ਲੱਗ ਜਾਂਦੀ ਹੈ। ਪਰ ਬੱਚੇ ਦੀਆਂ ਜਿਮੇਵਾਰੀਆਂ ਤੇ ਘਰ ਦੇ ਕੰਮ ਹੋਰ ਵੀ ਵੱਧ ਜਾਂਦੇ ਹਨ । ਫਿਰ ਵੀ ਕਦੇ ਨਾ ਕਦੇ ਅਧੂਰੇ ਸ਼ੌਕ ਯਾਦ ਆ ਹੀ ਜਾਂਦੇ ਹਨ । ਮੇਰੇ ਹਿਸਾਬ ਨਾਲ ਹਰੇਕ ਬੰਦੇ ਨੂੰ ਆਪਣੇ ਸ਼ੌਕ ਪੂਰੇ ਕਰਨ ਦਾ ਪੂਰਾ ਹੱਕ ਹੋਵੇ ਕਦੇ ਵੀ ਅਧੂਰੇ ਸ਼ੋਕ ਮਰਨੇ ਨਹੀਂ ਚਾਹੀਦੇ ਤਮੰਨਾ ਹੋਵੇ ਕਿ ਮੈਂ ਵੀ ਅਧੂਰੇ ਕੰਮ ਪੂਰੇ ਕਰਨੇ ਹਨ । ਕਦੇ ਤਾਂ ਬੂਰ ਪੈ ਹੀ ਜਾਂਦਾ ਹੈ । ਜਦੋਂ ਬੱਚੇ ਪਾਲ ਪਲੋਸ ਕੇ ਜ਼ਿੰਦਗੀ ਵਿੱਚੋਂ ਕਦੇ ਦੋ ਪਲ ਫ਼ੁਰਸਤ ਮਿਲੇ ਤਾਂ ਸਮਾ ਆਪਣੇ ਅਧੂਰੇ ਸ਼ੌਕ ਪੂਰੇ ਕਰਨ ਲਈ ਅਕਸਰ ਕੱਢ ਹੀ ਲਿਆ ਜਾਂਦਾ ਹੈ। ਇਹ ਸਭ ਇਕੱਲਾ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਹੈ, ਹਰ ਔਰਤ ਦੀ ਸਚਾਈ ਇਹ ਹੀ ਹੈ। ਮੈਨੂੰ ਵੀ ਸ਼ੁਰੂ ਤੋਂ ਲਿਖਣ ਦਾ ਸ਼ੌਕ ਸੀ ਮੇਰੇ ਬੱਚੇ ਮੈਨੂੰ ਫਰੀ ਟਾਇਮ ਲਿਖਦੀ ਨੂੰ ਅਕਸਰ ਹੀ ਵੇਖਦੇ ਤੇ ਮੈਂ ਕਈ ਵਾਰ ਆਪਣੇ ਬੱਚਿਆ ਨੂੰ ਸਕੂਲ ਵਿੱਚ ਬੋਲਣ ਲਈ ਕੁੱਝ ਆਪਣੇ ਵਿਚਾਰ, ਸਪੀਚ ਵਗ਼ੈਰਾ ਲਿਖ ਦੇਣਾ ਜਦੋਂ ਬੱਚਿਆਂ ਨੇ ਆ ਕੇ ਖ਼ੁਸ਼ੀ-ਖ਼ੁਸ਼ੀ ਦੱਸਣਾ ਕਿ ਸਾਰੇ ਟੀਚਰਾਂ ਵੱਲੋਂ ਸਾਬਾਸ਼ੀ ਮਿਲੀ ਤਾਂ ਮੇਰੀ ਖ਼ੁਸ਼ੀ ਦੁੱਗਣੀ ਹੋ ਜਾਂਦੀ ਤੇ ਮੇਰਾ ਲਿਖਣ ਦਾ ਸ਼ੌਕ ਮੇਰੇ ਬੱਚਿਆਂ ਨੇ ਪੂਰਾ ਕੀਤਾ। ਇੱਕ ਦਿਨ ਮੇਰੇ ਬੇਟੇ ਨੇ ਮੇਰਾ ਆਰਟੀਕਲ ਆਪਣੇ ਲੈਪਟਾਪ ਤੇ ਟਾਈਪ ਕੀਤਾ ਤੇ ਪੰਜਾਬ ਦੇ ਇੱਕ ਪੰਜਾਬੀ ਅਖ਼ਬਾਰ ਨੂੰ ਭੇਜ ਦਿੱਤਾ। ਮੇਰਾ ਪਹਿਲਾ ਆਰਟੀਕਲ ਸੀ “ਔਰਤਾਂ ਲਈ (ਇਹੋ ਹਮਾਰਾ ਜੀਵਣਾ)” ਜੋ ਕਿ ਅਖ਼ਬਾਰ ਵਿਚ ਛਪਿਆ । ਜਦੋਂ ਇੱਕ ਦਿਨ ਸਵੇਰੇ ਉੱਠਦੇ ਸਾਰ ਪੇਪਰ ਦੇਖਿਆ ਅਤੇ ਨਾਰੀ ਸੰਸਾਰ ਅੰਕ ਵਿੱਚ ਆਪਣਾ ਆਰਟੀਕਲ ਦੇਖਿਆ ਤਾਂ ਬਹੁਤ ਜ਼ਿਆਦਾ ਖ਼ੁਸ਼ੀ ਹੋਈ । ਬਸ ਫਿਰ ਕਹੀ ਜਾਣਾ ਬੇਟਾ ਪੜਾਈ ਤੋ ਫ਼ਰੀ ਹੋ ਕੇ ਇੱਕ ਆਰਟੀਕਲ ਤਾਂ ਟਾਈਪ ਕਰੋ ਤਾਂ ਟਾਈਮ ਕੱਢ ਬੇਟੇ ਨੇ ਆਰਟੀਕਲ ਲਿਖ ਅਖ਼ਬਾਰ ਨੂੰ ਲਈ ਭੇਜ ਦੇਣਾ। ਇਸੇ ਤਰਾ ਮੇਰੇ ਅਧੂਰੇ ਸ਼ੌਕ ਨੂੰ ਪੂਰਾ ਕਰਨ ਲਈ ਮੇਰੇ ਬੱਚਿਆਂ ਨੇ ਮੇਰਾ ਸਾਥ ਦਿੱਤਾ। ਪਰ ਹੁਣ ਮੈਂ ਟਾਈਪ ਵੀ ਆਪ ਹੀ ਕਰਦੀ ਹਾਂ ਤੇ ਮੇਲ ਵੀ ਆਪ ਹੀ ਕਰਦੀ ਹਾਂ ਮੇਰੇ ਬੱਚਿਆਂ ਨੇ ਮੈਨੂੰ ਸਭ ਸਿਖਾ ਦਿੱਤਾ । ਹੁਣ ਤੱਕ ਮੇਰੇ ਆਰਟੀਕਲ ਤਕਰੀਬਨ 150 ਦੇ ਕਰੀਬ ਲੱਗ ਚੁੱਕੇ ਹਨ, ਬਹੁਤ ਸਾਰੇ ਮੈਗਜ਼ੀਨ ਅਤੇ ਬਹੁਤ ਸਾਰੇ ਨਿਊਜ਼ ਪੇਪਰਾਂ ਵਿੱਚ। ਮੇਰੇ ਸਾਰੇ ਵੀਰਾ ਭੈਣਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜੇਕਰ ਤੁਹਾਡਾ ਵੀ ਕੋਈ ਸ਼ੌਕ ਅਧੂਰਾ ਰਹਿ ਗਿਆ ਹੋਵੇ ਤਾਂ ਆਪਣੇ ਬੱਚਿਆ ਨਾਲ ਜ਼ਰੂਰ ਸ਼ੇਅਰ ਕਰੋ, ਮਿਹਨਤ ਨੂੰ ਫਲ ਜ਼ਰੂਰ ਲੱਗਦਾ ਹੈ।
ਪਰਮਜੀਤ ਕੌਰ ਸੋਢੀ
ਭਗਤਾ ਭਾਈ ਕਾ
94786-58384