ਐਡਵੋਕੇਟ ਅਸ਼ੋਕ ਸਰੀਨ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਖੱਬੇਪੱਖੀ ਜਥੇਬੰਦੀਆਂ ਘੇਰਣਗੀਆਂ ਨਿਹਾਲ ਸਿੰਘ ਵਾਲਾ ਪੁਲਿਸ ਸਟੇਸ਼ਨ

405

ਮੋਗਾ:- ਅੱਜ ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਤਖਾਣਵੱਧ ਵਿੱਚ ਮੀਟਿੰਗ ਕੀਤੀ ਗਈ । ਇਹ ਮੀਟਿੰਗ ਐਡਵੋਕੇਟ ਅਸ਼ੋਕ ਸਰੀਨ ਤੇ ਪਰਚਾ ਨਾ ਦਰਜ ਹੋਣ ਤੇ ਪੁਲਿਸ ਸਟੇਸ਼ਨ ਨਿਹਾਲ ਸਿੰਘ ਵਾਲਾ 1 ਜੁੂਨ 2020 ਦਿਨ ਸੋਮਵਾਰ ਨੂੰ ਲਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਤਹਿਤ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਦੀਆਂ ਧੱਕੇਸ਼ਾਹੀ ਖਿਲਾਫ ਸੀ । ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਮਾਣੂੰਕੇ  ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਵੱਖ ਵੱਖ ਮਾਈਕ੍ਰੋ ਫਾਈਨਾਂਸਰ ਕੰਪਨੀਆਂ ਨੇ ਬੀਬੀਆਂ ਦੇ ਗਰੁੱਪ ਬਣਾ ਕੇ ਕਰਜ਼ਾ ਦਿੱਤਾ ਹੋਇਆ ਹੈ  ਜਿਸ ਦਾ ਭੁਗਤਾਨ ਕਿਸ਼ਤਾਂ ਰਾਹੀਂ ਕੀਤਾ ਜਾਂਦਾ ਹੈ । ਇਹ ਕੰਪਨੀਆਂ ਲਾਕਡਾਊਨ ਦੇ ਦੌਰਾਨ ਵੀ ਜਬਰੀ ਕਿਸ਼ਤਾਂ ਭਰਾ ਰਹੀਆਂ ਹਨ, ਜਦੋਂ ਕਿ ਅਜਿਹੇ ਸਮੇਂ ਵਿੱਚ ਲੋਕਾਂ ਦੇ ਰੋਜ਼ਮਰਾ ਦੇ ਖਰਚੇ ਪੂਰੇ ਕਰਨੇ ਔਖੇ ਹੋਏ ਪਏ ਹਨ ।

ਅੱਜ ਤਖਾਣਵੱਧ ਦੀਆਂ ਬੀਬੀਆਂ ਨੇ ਇਕੱਠੇ ਹੋ ਕੇ ਲੋਕਡਾਊਨ ਦੇ ਦੌਰਾਨ ਕਿਸ਼ਤਾਂ  ਨਾ ਭਰਨ ਦਾ ਐਲਾਨ ਕੀਤਾ ਹੈ । ਬੀਬੀਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਕੰਮ ਧੰਦੇ ਚੱਲ ਪਏ ਉਦੋਂ ਕਿਸ਼ਤਾਂ ਭਰਾਂਗੇ ਅਤੇ ਵਾਧੂ ਵਿਆਜ ਵੀ ਨਹੀਂ ਭਰਾਂਗੇ । ਪਿਛਲੇ ਦਿਨੀਂ ਐਡਵੋਕੇਟ ਅਸ਼ੋਕ ਸਰੀਨ ਜਿਸ ਨੇ ਡਾਕਟਰਾਂ ਖਿਲਾਫ ਭੱਦੀ ਸ਼ਬਦਾਵਲੀ ਬੋਲੀ ਸੀ ।ਜਦੋਂ ਕਿ ਕੋਵਿਡ -19 ਦੇ ਸੰਕਟ ਦੌਰਾਨ ਇਲਾਜ ਲਈ ਜ਼ਰੂਰੀ ਸਮੱਗਰੀ ਤੋਂ ਵਾਂਝੇ  ਡਾਕਟਰਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕੀਤੀ ।ਪਰ ਅਸ਼ੋਕ ਸਰੀਨ ਨੇ ਡਾਕਟਰਾਂ ਖਿਲਾਫ ਘਟੀਆ ਸ਼ਬਦਾਵਲੀ ਵਰਤ ਕੇ ਉਨ੍ਹਾਂ ਦਾ ਮਨੋਬਲ ਨੀਵਾਂ ਕੀਤਾ ।

ਖੱਬੇਪੱਖੀ ਜਥੇਬੰਦੀਆਂ ਵੱਲੋਂ ਐਡਵੋਕੇਟ ਅਸ਼ੋਕ ਸਰੀਨ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ । ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸੇ ਕਰਕੇ ਜਥੇਬੰਦੀਆਂ ਨੇ 1ਜੂਨ 2020 ਨੂੰ ਪੁਲਸ ਸਟੇਸ਼ਨ ਨਿਹਾਲ ਸਿੰਘ ਵਾਲਾ ਧਰਨਾ ਲਾਉਣ ਦਾ ਨਿਰਣਾ ਲਿਆ ਹੈ। ਲੋਕਡਾਊਨ ਕਰਕੇ ਕਿਰਤੀ ਲੋਕਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸੇ ਕਰਕੇ ਜਥੇਬੰਦੀਆਂ ਲੋੌਕਡਾਊਨ ਖੋਲ੍ਹਣ ਦੀ ਵੀ ਮੰਗ ਕਰਦੀਆਂ ਹਨ । ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਨਛੱਤਰ ਸਿੰਘ ਤਖਾਣਵੱਧ ,ਰਾਜ ਕੌਰ, ਸਿਮਰਜੀਤ ਕੌਰ, ਗੁਰਮੀਤ ਕੌਰ ,ਕੁਲਵਿੰਦਰ ਕੌਰ ,ਚਰਨਜੀਤ ਕੌਰ ਅਤੇ ਹੋਰ ਬੀਬੀਆਂ ਸ਼ਾਮਲ ਸਨ।