ਕਈ ਸਮੱਸਿਆਵਾਂ ਦਾ ਹੱਲ ਬਣ ਸਕਦੀ ਹੈ ਝੋਨੇ ਦੀ ਸਿੱਧੀ ਬਿਜਾਈ

698

ਪੰਜਾਬ ਵਿੱਚ ਝੋਨੇ ਦੀ ਕਾਸ਼ਤ ਨਾਲ ਹਰੇਕ ਸਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਭਾਵੇਂ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਮੁਹਿੰਮ ਤਹਿਤ ਝੋਨੇ ਦੀ ਬਜਾਏ ਹੋਰ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਪਿਛਲੇ ਕਰੀਬ 10 ਸਾਲਾਂ ’ਚ ਪੰਜਾਬ ਵਿੱਚ ਝੋਨੇ ਹੇਠਲਾ ਰਕਬਾ ਘਟਣ ਦੀ ਬਜਾਏ ਵਧਿਆ ਹੈ। ਪੰਜਾਬ ਦੇ ਕਿਸਾਨ ਹਰੇਕ ਸਾਲ ਔਸਤਨ 27 ਤੋਂ 28 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕਰਕੇ ਦੇਸ਼ ਦੇ ਅੰਨ ਭੰਡਾਰ ਵਿੱਚ 50 ਫ਼ੀਸਦੀ ਯੋਗਦਾਨ ਪਾ ਰਹੇ ਹਨ। ਝੋਨਾ ਅਜਿਹੀ ਫ਼ਸਲ ਹੈ ਜਿਸ ਦਾ ਅਜੇ ਤਕ ਕੋਈ ਵੀ ਢੁਕਵਾਂ ਬਦਲ ਨਾ ਲੱਭਣ ਕਾਰਨ ਬਹੁਤੇ ਕਿਸਾਨ ਇਸ ਦੀ ਕਾਸ਼ਤ ਨੂੰ ਤਰਜ਼ੀਹ ਦੇਣ ਲਈ ਮਜਬੂਰ ਹਨ। ਇਸ ਕਾਰਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਮੇਤ ਹੋਰ ਖੇਤੀ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਝੋਨੇ ਦੀ ਫ਼ਸਲ ਵਿੱਚ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਅਪਣਾਉਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਹਿਤ ਜਿੱਥੇ ਟੈਂਸ਼ੀਓਮੀਟਰ ਅਤੇ ਲੇਜ਼ਰ ਲੈਵਲਰ ਪਾਣੀ ਦੀ ਬਚਤ ਲਈ ਵਰਦਾਨ ਸਿੱਧ ਹੋ ਰਹੇ ਹਨ, ਉਥੇ ‘ਝੋਨੇ ਦੀ ਸਿੱਧੀ ਬਿਜਾਈ’ ਵੀ ਕਈ ਸਾਲਾਂ ਤੋਂ ਪ੍ਰਚੱਲਿਤ ਹੋ ਰਹੀ ਹੈ।
ਝੋਨੇ ਦੀ ਸਿੱਧੀ ਬਿਜਾਈ ਅਜਿਹਾ ਢੰਗ ਹੈ ਜਿਸ ਨਾਲ ਬੇਸ਼ੱਕ ਕਿਸਾਨਾਂ ਨੂੰ ਸ਼ੁਰੂਆਤ ਵਿੱਚ ਆਪਣੀ ਫ਼ਸਲ ਵੇਖ ਕੇ ਕੱਦੂ ਕਰਕੇ ਲਗਾਏ ਗਏ ਝੋਨੇ ਜਿੰਨੀ ਸੰਤੁਸ਼ਟੀ ਨਹੀਂ ਮਿਲਦੀ, ਪਰ ਬਾਅਦ ਵਿੱਚ ਇਸ ਵਿਧੀ ਨਾਲ ਬੀਜਿਆ ਝੋਨਾ ਵੀ ਰਵਾਇਤੀ ਢੰਗ ਨਾਲ ਕਾਸ਼ਤ ਕੀਤੇ ਝੋਨੇ ਜਿੰਨੀ ਪੈਦਾਵਾਰ ਦੇ ਕੇ ਕਿਸਾਨਾਂ ਨੂੰ ਮਾਯੂਸ ਨਹੀਂ ਹੋਣ ਦਿੰਦਾ। ਇਸ ਵਿਧੀ ਰਾਹੀਂ ਕਾਸ਼ਤ ਕੀਤੇ ਝੋਨੇ ਵਿੱਚ ਨਦੀਨਾਂ ਦੀ ਸਮੱਸਿਆ ਕਾਰਨ ਜ਼ਿਆਦਾਤਰ ਕਿਸਾਨ ਇਸ ਵਿਧੀ ਨੂੰ ਪਸੰਦ ਨਹੀਂ ਕਰਦੇ ਸਨ। ਪਰ ਕਈ ਤਰ੍ਹਾਂ ਦੇ ਨਦੀਨਨਾਸ਼ਕ ਉਪਲਬਧ ਹੋਣ ਕਾਰਨ ਹੁਣ ਕਿਸਾਨ ਇਸ ਸਮੱਸਿਆ ਦਾ ਹੱਲ ਆਸਾਨੀ ਨਾਲ ਕਰ ਸਕਦੇ ਹਨ। ਇਸ ਵਿਧੀ ਰਾਹੀਂ ਕਾਸ਼ਤ ਕੀਤੀ ਗਈ ਬਾਸਮਤੀ ਅਤੇ ਝੋਨੇ ਦੀ ਫ਼ਸਲ ਉੱਲੀ ਆਦਿ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਵੀ ਕਾਫ਼ੀ ਹੱਦ ਤਕ ਰੋਗਮੁਕਤ ਰਹਿੰਦੀ ਹੈ ਕਿਉਂਕਿ ਦੂਜੇ ਤਰੀਕਿਆਂ ਨਾਲ ਕਾਸ਼ਤ ਕਰਨ ਲਈ ਪਨੀਰੀ ਪੁੱਟਣ ਵੇਲੇ ਪਨੀਰੀ ਦੀਆਂ ਜੜ੍ਹਾਂ ਟੁੱਟ ਜਾਂਦੀਆਂ ਹਨ ਜਿਨ੍ਹਾਂ ਨੂੰ ਉੱਲੀ ਆਦਿ ਤੋਂ ਝਟਪਟ ਹੀ ਇਨਫੈਕਸ਼ਨ ਹੋ ਜਾਂਦੀ ਹੈ। ਮਾਹਿਰਾਂ ਅਨੁਸਾਰ ਇਸ ਵਿਧੀ ਰਾਹੀਂ ਬਿਜਾਈ ਕਰਨ ’ਤੇ ਪ੍ਰਤੀ ਏਕੜ ਖੇਤ ਵਿੱਚ 3 ਲੱਖ ਤੋਂ ਵੀ ਜ਼ਿਆਦਾ ਬੂਟੇ ਉੱਗਦੇ ਹਨ ਜਦੋਂਕਿ ਰਵਾਇਤੀ ਤਰੀਕੇ ਨਾਲ ਲਗਾਏ ਗਏ ਝੋਨੇ ਦੇ ਪ੍ਰਤੀ ਏਕੜ ਵਿੱਚ 70-75 ਹਜ਼ਾਰ ਦੇ ਕਰੀਬ ਹੀ ਬੂਟੇ ਹੁੰਦੇ ਹਨ। ਹਰੇਕ ਬੂਟੇ ਦੀ ਮੁੱਖ ਸ਼ਾਖਾ ’ਤੇ ਬਣੇ ਦਾਣਿਆਂ ਦਾ ਆਕਾਰ ਅਤੇ ਸਿਹਤ ਦੂਜੀਆਂ ਸ਼ਾਖਾਵਾਂ ਦੇ ਮੁਕਾਬਲੇ ਕਾਫ਼ੀ ਵਧੀਆ ਹੁੰਦੀ ਹੈ। ਇਸ ਲਈ ਸਿਹਤਮੰਦ ਬੂਟਿਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਵਿਧੀ ਰਾਹੀਂ ਬੀਜੇ ਗਈ ਫ਼ਸਲ ਦੀ ਪ੍ਰਤੀ ਏਕੜ ਪੈਦਾਵਾਰ ਵੀ ਚੰਗੀ ਨਿਕਲਦੀ ਹੈ। ਇਸ ਤੋਂ ਇਲਾਵਾ ਇਸ ਢੰਗ ਨੂੰ ਅਪਣਾਉਣ ਨਾਲ 30 ਫ਼ੀਸਦੀ ਦੇ ਕਰੀਬ ਪਾਣੀ ਅਤੇ ਹੋਰ ਕਈ ਤਰ੍ਹਾਂ ਦੇ ਖ਼ਰਚਿਆਂ ਦੀ ਵੀ ਬੱਚਤ ਹੁੰਦੀ ਹੈ।
ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਕਰਨੀ ਚਾਹੀਦੀ ਹੈ। ਇਸ ਮਕਸਦ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਾਫ਼ੀ ਲਾਹੇਵੰਦ ਰਹਿੰਦੀ ਹੈ। ਝੋਨੇ ਦੀਆਂ ਕਿਸਮਾਂ ਦੀ ਸਿੱਧੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾ ਸਕਦੀ ਹੈ ਜਦੋਂਕਿ ਬਾਸਮਤੀ ਦੀ ਸਿੱਧੀ ਬਿਜਾਈ ਇਸ ਤੋਂ ਬਾਅਦ ਕਰਨੀ ਚਾਹੀਦੀ ਹੈ। ਚੰਗੀ ਕਿਸਮ ਦੀ ਬਾਸਮਤੀ ਤਿਆਰ ਕਰਨ ਲਈ ਇਸ ਦੀ ਅਗੇਤੀ ਲਵਾਈ ਨਹੀਂ ਕਰਨੀ ਚਾਹੀਦੀ। ਇਸ ਵਿਧੀ ਨੂੰ ਅਪਣਾਉਣ ਲਈ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ ਸੁਹਾਗਾ ਮਾਰਨ ਉਪਰੰਤ ਤਿਆਰ ਕਰਨਾ ਚਾਹੀਦਾ ਹੈ ਅਤੇ ਵੱਤਰ ਵਾਲੇ ਖੇਤ ਵਿਚ ਝੋਨੇ ਦਾ 8 ਤੋਂ 10 ਕਿੱਲੋ ਬੀਜ ਛੱਟਾ ਦੇ ਕੇ ਬੀਜਣਾ ਚਾਹੀਦਾ ਹੈ। ਜੇਕਰ ਖੇਤ ਵਿੱਚ ਵੱਤਰ ਨਾ ਹੋਏ ਤਾਂ ਬੀਜ ਦਾ ਛੱਟਾ ਦੇ ਕੇ ਮਗਰੋਂ ਵੀ ਪਾਣੀ ਲਗਾਇਆ ਜਾ ਸਕਦਾ ਹੈ। ਪਰ ਅਜਿਹੀ ਸਥਿਤੀ ਵਿੱਚ ਬੀਜ ਨੂੰ ਭਿਉਂ ਕੇ ਨਹੀਂ ਬੀਜਣਾ ਚਾਹੀਦਾ ਕਿਉਂਕਿ ਭਿੱਜੇ ਬੀਜ ਨੂੰ ਛੱਟਾ ਦੇਣ ਉਪਰੰਤ ਪਾਣੀ ਨਾ ਲਗਾਏ ਜਾ ਸਕਣ ਦੀ ਸਥਿਤੀ ਵਿੱਚ ਬੀਜ ਖ਼ਰਾਬ ਵੀ ਹੋ ਸਕਦਾ ਹੈ। ਸਿਹਤਮੰਦ ਫ਼ਸਲ ਲਈ ਬੀਜ ਨੂੰ ਇੱਕ ਗਰਾਮ ਸਟ੍ਰੈਪਟੋਸਾਈਕਲੀਨ ਅਤੇ 5 ਗਰਾਮ ਸੈਰੀਸਨ ਨਾਲ 10 ਲੀਟਰ ਪਾਣੀ ਵਿੱਚ 4-5 ਘੰਟੇ ਵਿਚ ਡੁਬਾਉਣ ਉਪਰੰਤ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ। ਵੱਤਰ ਵਾਲੇ ਖੇਤ ਵਿੱਚ ‘ਸੀਡ ਡਰਿਲ’ ਨਾਲ ਵੀ ਬਿਜਾਈ ਕੀਤੀ ਜਾ ਸਕਦੀ ਹੈ।
ਇਸ ਵਿਧੀ ਰਾਹੀਂ ਕਾਸ਼ਤ ਕੀਤੇ ਗਏ ਝੋਨੇ ਵਿੱਚ ਪਾਣੀ ਖੜ੍ਹਾ ਨਾ ਰੱਖੇ ਜਾਣ ਕਾਰਨ ਨਦੀਨ ਵੀ ਕਾਫ਼ੀ ਉੱਗ ਜਾਂਦੇ ਹਨ। ਖੇਤੀ ਮਾਹਿਰਾਂ ਅਨੁਸਾਰ ਸਿੱਧੀ ਬਿਜਾਈ ਤੋਂ ਪਹਿਲਾਂ ਖੇਤ ਦੀ ਹਲਕੀ ਰੌਣੀ ਕਰ ਦੇਣੀ ਚਾਹੀਦੀ ਹੈ। ਇਸ ਨਾਲ ਨਦੀਨ ਉੱਗ ਜਾਣਗੇ ਤੇ ਬਾਅਦ ਵਿੱਚ ਖੇਤ ਨੂੰ ਵਾਹ ਕੇ ਤਿਆਰ ਕਰ ਲੈਣਾ ਚਾਹੀਦਾ ਹੈ, ਇਸ ਨਾਲ ਨਦੀਨ ਖ਼ਤਮ ਹੋ ਜਾਣਗੇ। ਇਸ ਤੋਂ ਇਲਾਵਾ ਨਦੀਨਾਂ ਦੀ ਅਗਾਊਂ ਰੋਕਥਾਮ ਕਰਨ ਲਈ ਬਿਜਾਈ ਦੇ ਦੋ ਦਿਨਾਂ ਅੰਦਰ ਇੱਕ ਲੀਟਰ ਸਟੌਂਪ 30 ਈਸੀ (ਪੈਂਡੀਮੈਥਾਲੀਨ) ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਖੇਤ ਵਿੱਚ ਸਪਰੇਅ ਕੀਤੀ ਜਾ ਸਕਦੀ ਹੈ। ਲੋੜ ਅਨੁਸਾਰ 20-25 ਦਿਨਾਂ ਬਾਅਦ ਜੇਕਰ ਫ਼ਸਲ ਵਿੱਚ ਸਵਾਂਕ ਅਤੇ ਝੋਨੇ ਦੇ ਮੋਥੇ ਹੋਣ ਤਾਂ 100 ਮਿਲੀਲਿਟਰ ਨੌਮਨੀ ਗੋਲਡ/ ਵਾਸ਼ਆਊਟ/ਤਾਰਕ/ਮਾਚੋ 10 ਐਸਸੀ ਦਾ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਜਦੋਂ ਫ਼ਸਲ ਵਿੱਚ ਝੋਨੇ ਦੇ ਮੋਥੇ, ਗੰਢੀ ਵਾਲਾ ਮੋਥਾ ਅਤੇ ਚੌੜੀ ਪੱਤੀ ਵਾਲੇ ਨਦੀਨ ਹੋਣ ਤਾਂ 16 ਗ੍ਰਾਮ ਸੈਗਮੈਟ 50 ਡੀਐਫ ਪ੍ਰਤੀ ਏਕੜ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਫ਼ਸਲ ਵਿੱਚ ਗੁੜਤ ਮਧਾਣਾ, ਲੈਪਟੋਕਲੋਆ ਘਾਹ, ਚਿੜੀ ਘਾਹ ਅਤੇ ਤੱਕੜੀ ਘਾਹ ਹੋਵੇ ਤਾਂ ਬਿਜਾਈ ਤੋਂ 20 ਦਿਨਾਂ ਬਾਅਦ 400 ਮਿਲੀਲਿਟਰ ਪ੍ਰਤੀ ਏਕੜ ਰਾਈਸ ਸਟਾਰ 6.7 ਈਸੀ ਨੂੰ 150 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਣਾ ਚਾਹੀਦਾ ਹੈ।

ਜੇਕਰ ਝੋਨੇ ਦੀ ਸਿੱਧੀ ਬਿਜਾਈ ਸੁੱਕੇ ਖੇਤ ਵਿੱਚ ਕੀਤੀ ਹੈ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਜਾਈ ਕਰਨੀ ਚਾਹੀਦੀ ਹੈ ਅਤੇ ਦੂਜੀ ਸਿੰਜਾਈ 4-5 ਦਿਨਾਂ ਦੇ ਵਕਫ਼ੇ ਮਗਰੋਂ ਕਰਨੀ ਚਾਹੀਦੀ ਹੈ। ਜੇਕਰ ਬਿਜਾਈ ਰੌਣੀ ਕੀਤੇ ਖੇਤ ਵਿੱਚ ਕੀਤੀ ਹੈ ਤਾਂ ਪਹਿਲੀ ਸਿੰਜਾਈ 5 ਤੋਂ 7 ਦਿਨਾਂ ਦੇ ਵਕਫ਼ੇ ਮਗਰੋਂ ਕਰਨੀ ਚਾਹੀਦੀ ਹੈ। ਇਸ ਦੇ ਬਾਅਦ ਜ਼ਮੀਨ ਦੀ ਕਿਸਮ ਦੇ ਆਧਾਰ ’ਤੇ ਪਾਣੀ ਲਗਾਉਣਾ ਚਾਹੀਦਾ ਹੈ। ਆਖ਼ਰੀ ਪਾਣੀ ਝੋਨਾ ਕੱਟਣ ਤੋਂ 10 ਦਿਨ ਪਹਿਲਾਂ ਲਗਾਉਣਾ ਚਾਹੀਦਾ ਹੈ। ਇਸ ਤਰ੍ਹਾਂ ਬੀਜੇ ਗਏ ਝੋਨੇ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਪਰ ਕਿਸਾਨ ਇਸ ਗੱਲ ਦਾ ਧਿਆਨ ਰੱਖਣ ਕਿ ਪਾਣੀ ਦੀ ਘਾਟ ਨਾਲ ਖੇਤ ਵਿੱਚ ਤਰੇੜਾਂ ਨਾ ਪੈਣ। ਇਸ ਵਿਧੀ ਰਾਹੀਂ ਬੀਜੇ ਗਏ ਝੋਨੇ ਵਿੱਚ ਬਿਜਾਈ ਦੇ ਕਰੀਬ 25 ਦਿਨਾਂ ਉਪਰੰਤ 25 ਕਿੱਲੋ ਯੂਰੀਆ ਖਾਦ ਪਾਉਣੀ ਚਾਹੀਦੀ ਹੈ। ਫਿਰ 10 ਦਿਨ ਦੇ ਵਕਫ਼ੇ ਉਪਰੰਤ 25 ਕਿੱਲੋ ਯੂਰੀਆ ਦਾ ਛੱਟਾ ਦੇਣ ਤੋਂ ਇਲਾਵਾ ਲੀਫ ਕਲਰ ਚਾਰਟ ਦੀ ਵਰਤੋਂ ਕਰਕੇ ਯੂਰੀਆ ਖਾਦ ਦੀ ਲੋੜ ਪੂਰੀ ਕਰਨੀ ਚਾਹੀਦੀ ਹੈ। ਮੋਟੇ ਤੌਰ ’ਤੇ ਕਿਸਾਨ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਮੁਤਾਬਿਕ ਬਿਜਾਈ ਤੋਂ ਦੂਜੇ, ਚੌਥੇ, ਸੱਤਵੇਂ ਅਤੇ ਦਸਵੇਂ ਹਫ਼ਤੇ ਖਾਦਾਂ ਪਾ ਸਕਦੇ ਹਨ। ਇਸ ਦੇ ਇਲਾਵਾ ਲਘੂ ਤੱਤਾਂ ਦੀ ਘਾਟ ਪੂਰੀ ਕਰਨ ਲਈ ਵੀ ਸਿਫ਼ਾਰਸ਼ ਕੀਤੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।


ਹਰਮਨਪ੍ਰੀਤ ਸਿੰਘ