ਕਵਿਤਾ: ਨਾ ਜੋਰੀਂ ਸਾਕ ਬਣਾਈਏ ਵਈ/- ਬਲਵਿੰਦਰ ਸਿੰਘ ਰਾਜ਼ ਦੀ ਕਲਮ ਤੋਂ

173

ਨਾ ਜੋਰੀਂ ਸਾਕ ਬਣਾਈਏ ਵਈ
ਨਾ ਆਖਰ ਨੂੰ ਪਛਤਾਈਏ ਵਈ

ਉਹਨਾਂ ਜਦੋਂ ਸੱਦਿਆ ਹੈਨੀਂ
ਫੇਰ ਅਸੀਂ ਕਿਉਂ ਜਾਈਏ ਵਈ

ਸਾਨੂੰ ਹਲਕੇ ਕੁੱਤੇ ਵੱਢਿਐ
ਆਪਣੀ ਪੱਤ ਗਵਾਈਏ ਵਈ

ਜੰਝ ਬੇਗਾਨੀ ਨੱਚੀਏ ਕਾਹਤੋਂ
ਬੁਰਾ ਭਲਾ ਅਖਵਾਈਏ ਵਈ

ਸਾਡਾ ਕਿਹੜਾ ਗੱਡਾ ਅੜਿਐ
ਕਿਉਂ ਜੁੱਤੀਆਂ ਤੜਵਾਈਏ ਵਈ

ਕਰਕੇ ਪੱਲਾ ਖਰਚ ਆਪਣਾ
ਕਿਉਂ ਬਿਜ਼ਤੀ ਕਰਵਾਈਏ ਵਈ

ਰੀਸ ਨਹੀਂ ਘਰ ਵਰਗੀ ਭਾਵੇਂ
ਚਟਨੀ ਦੇ ਨਾਲ ਖਾਈਏ ਵਈ

ਦਿਲ ਮਿਲਿਆਂ ਦੇ ਮੇਲੇ ਹੁੰਦੇ
ਕਾਹਤੋਂ ਰੋਸ ਮਨਾਈਏ ਵਈ

ਰਾਜ਼ ਰਜ਼ਾ ਵਿੱਚ ਰਾਜ਼ੀ ਰਹੀਏ
ਮਨ ਆਪਣਾ ਸਮਝਾਈਏ ਵਈ

ਬਲਵਿੰਦਰ ਸਿੰਘ ਰਾਜ਼
9872097217