ਕਵਿਤਾ: ਪਨੀਰੀ/-ਅਮੋਲਕ ਸਿੰਘ ਦੀ ਕਲਮ ਤੋਂ

187

ਛਾਂ ਮੁੱਖੜੇ ‘ਤੇ ਕਰਦੇ ਪਨੀਰੀਏ
ਥੱਕੀ ਹੋਈ ਪਨੀਰੀ ਸੌਂ ਰਹੀ
ਭੱਜ ਭੱਜ ਕੰਮ ਕੀਤਾ ਤੈਂ ਭੰਮੀਰੀਏ
ਥੱਕੀ ਹਾਰੀ ਤਾਹੀਂ ਸੌਂ ਰਹੀ ।

ਤੇਰੇ ਸੁੱਤੇ ਸੁੱਤੇ ਖੇਤ ਇਹ ਬੇਗਾਨੜੇ
ਉਹਨਾਂ ਦੇ ਵੀ ਰਹਿਣੇ ਨਾ ਧੀਏ
ਨਵੇਂ ਆਰਡੀਨੈਂਸਾਂ ਨੇ ਲੈ ਜਾਣੇ
ਪੱਕੇ ਬੈਅ, ਗਹਿਣੇ ਨਾ ਧੀਏ ।

ਕੱਦੂਕਸ ਤੇਰੇ ਚਾਵਾਂ ਦਾ ਹੋਇਆ
ਲਾਡੋ ਨੀ ਤੂੰ ਫੁੱਲ ਭਾਲਦੀ
ਖਪ ਜਾਏਂਗੀ, ਏਦਾਂ ਹੀ ਮਰ ਜਾਏਂਗੀ
ਖੇਤਾਂ ਵਿਚ ਜ਼ਿੰਦ ਗਾਲਦੀ ।

ਮਿੱਟੀ ਜਿੰਨੀ ਵੀ ਕਦਰ ਨਾ ਤੇਰੀ
ਰੇਤ, ਮਿੱਟੀ ਅੰਬਰੀਂ ਚੜ੍ਹੇ
ਇੱਕ ਅੰਬਰਾਂ ਤੇ ਮਾਰਦੇ ਉਡਾਰੀਆਂ
ਆਪਾਂ ਰਹਿ ਗਏ ਖੜ੍ਹੇ ਦੇ ਖੜ੍ਹੇ।

ਤੇਰੀ ਅੱਖ ਦੇ ਮੀਹਾਂ ਨਾ’ ਖੇਤ ਭਰ ਗੲੇ
ਪੀਣੇ ਨੂੰ ਪਰ ਤਿੱਪ ਨਾ ਜੁੜੇ
ਮਾਂ ਰੋਂਵਦੀ ਚੁੰਨੀ ਦਾ ਓਹਲਾ ਕਰਕੇ
ਪਿਛਲੇ ਵਿਆਜ਼ ਨਾ ਮੁੜੇ।

ਹੁੱਟ ਲੋਹੜੇ ਦਾ ਤੇ ਧੁੱਪ ਹੋਈ ਤਿੱਖੜੀ
ਉੱਠ ਧੀਏ ਛਿੱਟੇ ਮਾਰ ਲੈ
ਭਾਰੇ ਮਾਮਲੇ ਤੇ ਜਿੰਦੜੀ ਏ ਨਿੱਕੜੀ
ਸੁੱਕੀ ਰੋਟੀ ਨਾਲ ਸਾਰ ਲੈ।

ਸੂਰਜਾ ਵੇ ਸੂਰਜਾ ਸੁਕਾਈਂ ਨਾ
ਫੱਟੀ ਜਿਹੀ ਜਿੰਦ ਆਖਦੀ
ਚਿੱਟੀ ਧੁੱਪੇ ਹੀ ਹਨੇਰ ਕਿਤੇ ਪਾਈਂ ਨਾ
ਸੁੱਤੀ ਪਈ ਵੀ ਅੱਖ ਝਾਕਦੀ।

ਤੇਰਾ ਖੋਹਕੇ ਸਕੂਲ ਵਾਲਾ ਬਸਤਾ
ਡਾਢਿਆਂ ਦੇ ਠੰਢ ਪੈ ਗਈ
ਜੀਹਨੇ ਤੇਰੇ ਲਈ ਬਹਾਰ ਸੀ ਲਿਆਉਣੀ
ਰੁੱਤ ਉਹ ਅਧੂਰੀ ਰਹਿ ਗਈ

ਨਵੀਂ ਰੁੱਤ ਦੀ ਬਗੀਚੀ ਲਾਉਣੀ
ਨਵੀਂ ਹੀ ਪਨੀਰੀ ਲੱਗਣੀ
ਉੱਠ ਉੱਠ ਨੀ ਪਨੀਰੀਏ ਤੂੰ ਉੱਠ ਨੀ
ਨਦੀਨਾਂ ਦੀ ਹੈ ਜੜ੍ਹ ਵੱਢਣੀ

 

ਅਮੋਲਕ ਸਿੰਘ