ਕਵਿਤਾ:- ਵੇਖ ਕੁਦਰਤ ਦੇ ਰੰਗ ਓ ਬੰਦਿਆ, ਵੇਖ ਕੁਦਰਤ ਦੇ ਰੰਗ….ਸਿਮਰਜੀਤ ਕੌਰ ਦੀ ਕਲਮ ਤੋ

494
ਵੇਖ ਕੁਦਰਤ ਦੇ ਰੰਗ ਓ ਬੰਦਿਆ, ਵੇਖ ਕੁਦਰਤ ਦੇ ਰੰਗ।
ਘਰਾਂ ਚ ਕੀਤਾ ਬੰਦ ਓ ਬੰਦਿਆ, ਘਰਾਂ ਚ ਕੀਤਾ ਬੰਦ।
ਹਰ ਇਕ ਚੀਜ਼ ਮਿਲਾਵਟ ਖੋਰੀ,
ਕਰਦਾ ਰੇਹਨੈ ਠੱਗੀ ਚੋਰੀ।
ਨਿਤ ਨਵੇ ਤਜ਼ਰਬੇ ਕਰਦੈਂ,
ਕੁਦਰਤ ਨਾਲ ਵੀ ਮੱਲੋ ਜ਼ੋਰੀ।
ਕਰਦਾ ਨਾ ਤੂ ਸੰਗ ਓ ਬੰਦਿਆ, ਕਰਦਾ ਨਾ ਤੂ ਸੰਗ,
ਵੇਖ ਕੁਦਰਤ ਦੇ ਰੰਗ ਓ ਬੰਦਿਆ ਵੇਖ ਕੁਦਰਤ ਦੇ ਰੰਗ।
ਜੰਗਲ ਬੇਲੇ ਵੱਢ ‘ਤੇ ਸਾਰੇ,
ਬੇਜ਼ੁਬਾਨ ਵੀ ਬਹੁਤੇ ਮਾਰੇ।
ਕੀਤੇ ਅਨਮਨੁੱਖੀ ਕਾਰੇ,
ਹੱਦਾਂ ਬੰਨੇ ਟੱਪ ਗਿਆ ਸਾਰੇ।
ਵੇਚੇ ਮਨੁੱਖੀ ਅੰਗ ਓ ਬੰਦਿਆ, ਵੇਚੇ ਮਨੁੱਖੀ ਅੰਗ।
ਹੁਣ ਵੇਖ ਕੁਦਰਤ ਦੇ ਰੰਗ ਓ ਬੰਦਿਆ ਵੇਖ ਕੁਦਰਤ ਦੇ ਰੰਗ।
ਧੀਆਂ ਭੈਣਾਂ ਤੂ ਨਾ ਛੱਡੀਆਂ,
ਫਰਜ਼ ਭੁਲਾ ਕੇ ਲੈਂਦਾ ਵੱਢੀਆਂ।
ਨਸ਼ਿਆਂ ਵਿਚ ਜਵਾਨੀ ਗਾਲੀ,
ਚਿੱਟਾ ਲਾਵਣ ਨੱਢੇ ਨੱਢੀਆਂ।
ਕੀ ਛੇੜਾਂ ਪ੍ਰਸੰਗ ਓ ਬੰਦਿਆ, ਕੀ ਛੇੜਾਂ ਪ੍ਰਸੰਗ।
ਵੇਖ ਕੁਦਰਤ ਦੇ ਰੰਗ ਓ ਬੰਦਿਆ ਵੇਖ ਕੁਦਰਤ ਦੇ ਰੰਗ।
ਕੁੱਖ ਵਿਚ ਧੀਆਂ ਮਾਰੀ ਜਾਵੇਂ,
ਨੂਹਾਂ ਨੂੰ ਤੂ ਸਾੜੀ ਜਾਵੇਂ।
ਝੂਠ ਫਰੇਬ ਤੇ ਧੋਖਾ ਕਰਕੇ,
ਦੁਨੀਆ ਨੂੰ ਤੂ ਚਾਰੀਂ ਜਾਵੇਂ।
ਰੱਬ ਵੀ ਤੈਥੋਂ ਤੰਗ ਓ ਬੰਦਿਆ, ਰੱਬ ਵੀ ਤੈਥੋਂ ਤੰਗ।
ਵੇਖ ਕੁਦਰਤ ਦੇ ਰੰਗ ਓ ਬੰਦਿਆ ਵੇਖ ਕੁਦਰਤ ਦੇ ਰੰਗ।
ਲਾਲਚ ਤੇਰਾ ਵਧਦਾ ਜਾਵੇ,
ਪੈਸਾ ਤੈਨੂੰ ਦਬਦਾ ਜਾਵੇ।
ਸੋਚਦਾ ਰੇਹਨੈ ਕਿਧਰੋਂ ਕਿਧਰੋਂ,
ਹੋਰ ਵੀ ਆਵੇ, ਹੋਰ ਵੀ ਆਵੇ।
ਉਲਝੀ ਪਈ ਏ ਤੰਦ ਓ ਬੰਦਿਆ, ਉਲਝੀ ਪਈ ਏ ਤੰਦ।
ਵੇਖ ਕੁਦਰਤ ਦੇ ਰੰਗ ਓ ਬੰਦਿਆ ਵੇਖ ਕੁਦਰਤ ਦੇ ਰੰਗ।
ਵੇਖ ਕਰੋਨਾ ਵਾਇਰਸ ਆਇਆ,
‘ਸਿਮਰ’ ਸਾਰੇ ਜੱਗ ਨੂੰ ਖੂੰਜੇ ਲਾਇਆ।
ਸਿਰ ਤੇ ਲੈ ਕੇ ਕਾਲ ਦਾ ਸਾਇਆ,
ਕਲਯੁਗ ਆਇਆ, ਕਲਯੁਗ ਆਇਆ।
ਦਾਤੇ ਤੋਂ ਸੁੱਖ ਮੰਗ ਓ ਬੰਦਿਆ, ਦਾਤੇ ਤੋਂ ਸੁੱਖ ਮੰਗ।
ਵੇਖ ਕੁਦਰਤ ਦੇ ਰੰਗ ਓ ਬੰਦਿਆ ਵੇਖ ਕੁਦਰਤ ਦੇ ਰੰਗ।
ਘਰਾਂ ਚ ਕੀਤਾ ਬੰਦ ਓ ਬੰਦਿਆ, ਵੇਖ ਕੁਦਰਤ ਦੇ ਰੰਗ।
ਸਿਮਰਜੀਤ ਕੌਰ