ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਪੂਰੇ ਪੰਜਾਬ ਵਿੱਚ ਕੱਲ ਤੋਂ ਪਿੰਡਾਂ ਵਿਚ ਢੋਲ ਮਾਰਚ

220

ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਪੂਰੇ ਪੰਜਾਬ ਵਿਚ ਕੱਲ ਤੋਂ ਪਿੰਡਾਂ ਵਿਚ ਢੋਲ ਮਾਰਚ ਅਤੇ 27 ਜੁਲਾਈ ਨੂੰ ਆਰਡੀਨੈਂਸ ਦੇ ਹਮਾਇਤੀ ਅਕਾਲੀ ਭਾਜਪਾ ਦੇ ਆਗੂਆਂ ਦੇ ਘਰਾਂ ਵੱਲ ਟਰੈਕਟਰ ਮਾਰਚ ਕਰਨ ਦੇ ਸੱਦੇ ਨੂੰ ਪੂਰੇ ਜ਼ੋਰ ਸ਼ੋਰ ਨਾਲ ਲਾਗੂ ਕਰਨ ਦਾ ਫ਼ੈਸਲਾ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਅਜਿੱਤਗਿਲ ਨੇ ਕਿਹਾ ਕੇ ਅਨਾਜ ਦੀ ਸਰਕਾਰੀ ਖ਼ਰੀਦ ਦਾ ਭੋਗ ਪਾਉਣ ਤੇ ਕੰਪਨੀਆਂ ਦੁਆਰਾ ਠੇਕਾ ਖੇਤੀ ਕਰਵਾਉਣ ਲਈ ਲਿਆਂਦੇ ਆਰਡੀਨੈਂਸ ਕਿਸਾਨੀ ਦੀ ਮੌਤ ਦੇ ਵਾਰੰਟ ਹਨ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੰਡੀਆਂ ਉੱਪਰ ਸੂਬਾ ਸਰਕਾਰਾਂ ਦੇ ਕਾਨੂੰਨ ਅਤੇ ਮਾਰਕੀਟ ਕਮੇਟੀ ਦੀ ਕੋਈ ਫ਼ੀਸ ਨਹੀਂ ਲਾਗੂ ਹੋਵੇਗੀ, ਜੋ ਇਸ ਸਾਲ ਦੇ ਰੇਟ ਮੁਤਾਬਿਕ ਝੋਨੇ ‘ਤੇ 155 ਤੇ ਕਣਕ ਤੇ 164 ਰੂਪੇ ਪ੍ਰਤੀ ਕੁਇੰਟਲ ਬਣਦਾ ਹੈ, ਜੋ ਕੇ ਪ੍ਰਾਈਵੇਟ ਮੰਡੀਆਂ ਵਿਚ ਲਾਗੂ ਨਾ ਹੋਣ ਕਰਕੇ ਇਹ ਪੈਸੇ ਵਪਾਰੀਆਂ ਨੂੰ ਬਚਣਗੇ। ਜੇਕਰ ਇਸ ਵਿੱਚੋਂ ਵਪਾਰੀ ਕਿਸਾਨਾਂ ਨੂੰ 50 ਰੂਪੇ ਵੀ ਵੱਧ ਦੇਣ ਤਾਂ ਕਿਸਾਨੀ ਦਾ ਝੁਕਾਅ ਪ੍ਰਾਈਵੇਟ ਮੰਡੀਆਂ ਵੱਲ ਹੋਵੇਗਾ ਤੇ ਸਰਕਾਰੀ ਮੰਡੀਆਂ ਚ ਅਨਾਜ ਦੀ ਪਹੁੰਚ ਘਟਣ ਦਾ ਬਹਾਨਾ ਬਣਾ ਕੇ ਸਰਕਾਰ ਸਰਕਾਰੀ ਖ਼ਰੀਦ ਬੰਦ ਕਰ ਦੇਵੇਗੀ ਅਤੇ ਘੱਟੋ ਘੱਟ ਸਮਰਥਨ ਮੁੱਲ ਤੇ ਖ਼ਰੀਦ ਦੀ ਗਰੰਟੀ ਵੀ ਬੰਦ ਹੋ ਜਾਵੇਗੀ।

ਇਸ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਤੇ ਵਪਾਰੀ ਮਰਜ਼ੀ ਦਾ ਰੇਟ ਲਾ ਕੇ ਲੁੱਟਣਗੇ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕਾਸਿਮ ਭੱਟੀ ਤੇ ਬਲਾਕ ਪ੍ਰਧਾਨ ਗੁਰਜੋਤ ਡੋਡ ਨੇ ਕਿਹਾ ਕਿ ”ਇੱਕ ਦੇਸ਼ ਇੱਕ ਮੰਡੀ” ਬਣਾਉਣ ਦੀ ਯੋਜਨਾ ਕਿਸਾਨਾਂ ਦੇ ਨਹੀਂ ਵਪਾਰੀਆਂ ਦੇ ਪੱਖ ਵਿੱਚ ਹੈ । ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਹਿ ਰਹੀ ਕੇ ਇਸ ਨਾਲ ਵਪਾਰੀਆਂ ਵਿਚ ਮੁਕਾਬਲੇਬਾਜ਼ੀ ਵਧੇਗੀ ਤੇ ਕਿਸਾਨਾਂ ਨੂੰ ਵੱਧ ਦਾਮ ਮਿਲਣਗੇ ਤੇ ਕਿਸਾਨ ਜਿਸ ਮੰਡੀ ਵਿਚ ਵੱਧ ਰੇਟ ਮਿਲਣਗੇ ਉੱਥੇ ਫ਼ਸਲ ਵੇਚ ਸਕੇਗਾ।

ਜੇਕਰ ਮੰਨ ਲਿਆ ਜਾਵੇ ਕੋਈ ਫ਼ਸਲ ਹਰਿਆਣਾ ਵਿਚ ਮਹਿੰਗੀ ਵਿਕ ਰਹੀ ਹੈ ਕੀ 86 ਫ਼ੀਸਦੀ ਕਿਸਾਨੀ ਜੋ 5 ਏਕੜ ਤੱਕ ਦੀ ਮਾਲਕੀ ਰੱਖਦੀ ਹੈ, ਦੂਜੇ ਸੂਬਿਆ ਵਿਚ ਫ਼ਸਲ ਵਿਚ ਲਿਜਾ ਸਕੇਗੀ ? ਦੂਸਰਾ ਜਦੋਂ ਉਸ ਮੰਡੀ ਵਿਚ ਵੀ ਫ਼ਸਲ ਵੱਧ ਪਹੁੰਚ ਗਈ, ਉੱਥੇ ਵੀ ਫ਼ਸਲ ਦਾ ਰੇਟ ਘੱਟ ਜਾਵੇਗਾ। ਕਿਸਾਨ ਆਗੂਆਂ ਕਿਹਾ ਕੇ ਇਸੇ ਤਰਾਂ ਠੇਕਾ ਖੇਤੀ ਜੋ ਕੰਪਨੀਆਂ ਦੁਆਰਾ ਕਰਵਾਈ ਜਾਣ ਦੀ ਯੋਜਨਾ ਆਰਡੀਨੈਂਸ ਰਾਹੀ ਲਿਆਂਦੀ ਹੈ। ਇਹ ਵੀ ਕਾਰਪੋਰੇਟ ਖੇਤੀ ਵੱਲ ਵਧਿਆ ਕਦਮ ਹੈ। ਜਿਸ ਤਹਿਤ ਛੋਟੀ ਕਿਸਾਨੀ ਨੂੰ ਖੇਤੀ ਵਿਚੋਂ ਬਾਹਰ ਕਰਨ ਦੀ ਯੋਜਨਾ ਹੈ, ਜਿਸ ਨਾਲ ਵੱਡੀ ਸਮਾਜਿਕ ਉਥਲ ਪੁਥਲ ਹੋਵੇਗੀ।

ਕਿਰਤੀ ਕਿਸਾਨ ਯੂਨੀਅਨ ਨੇ ਇਹਨਾਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੀ ਹਮਾਇਤ ਕਰਨ ਵਾਲੇ ਅਕਾਲੀ ਭਾਜਪਾ ਲੀਡਰਾਂ ਦੇ ਘਰਾਂ ਵੱਲ 27 ਜੁਲਾਈ ਨੂੰ ਟਰੈਕਟਰ ਮਾਰਚ ਕਰਨ ਲਈ ਤਿਆਰੀਆਂ ਸ਼ੁਰੂ ਕਰ ਲਈਆਂ ਹਨ। ਉਨ੍ਹਾਂ ਕਿਹਾ ਕੇ ਕੈਪਟਨ ਦਾ ਅਖੌਤੀ ਕਿਸਾਨੀ ਅਜੇ ਵੀ ਸਭ ਨੂੰ ਪਤਾ ਹੈ। ਜਿਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਸਾਨੀ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ, ਜੋ ਕੇ ਐਲਾਨ ਹੀ ਰਹਿ ਗਿਆ ਕਿਸਾਨੀ ਨੂੰ ਆਪਣੀ ਲੜਾਈ ਖ਼ੁਦ ਹੀ ਲੜਨੀ ਪੈਣੀ ਹੈ।