ਕਿਰਤੀ ਵਰਗ ਦਾ ਸ਼ੋਸ਼ਣ ਕਦੋਂ ਤੱਕ ਹੁੰਦਾ ਰਹੇਗਾ ?

454

ਕਰੋਨਾ ਮਹਾਂਮਾਰੀ ਦੇ ਚੱਲਦਿਆਂ ਦੇਸ਼ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡਗਮਗਾ ਗਈ ਹੈ । ਮਾਹਿਰਾਂ ਦੀ ਮੰਨੀਏ ਤਾਂ ਬੇਰੁਜ਼ਗਾਰੀ ਦੀ ਦਰ ਪਹਿਲਾਂ ਹੀ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਹੈ , ਅਤੇ ਇਸ ਕਰੋਨਾ ਮਹਾਮਾਰੀ ਦੇ ਸਮੇਂ ਦੌਰਾਨ ਇਸਨੇ ਹੋਰ ਵੀ ਵਿਕਰਾਲ ਰੂਪ ਧਾਰਨ ਕਰ ਲਿਆ ਹੈ । ਇਸ ਦੀ ਸਭ ਤੋਂ ਵੱਧ ਮਾਰ ਨਿਮਨ ਵਰਗ ਅਤੇ ਸਾਧਨ ਵਿਹੂਣੇ ਲੋਕਾਂ ਨੂੰ ਪਈ ਹੈ । ਇਹ ਲੋਕ ਪਹਿਲਾਂ ਹੀ ਸ਼ੋਸ਼ਣ ਦਾ ਸ਼ਿਕਾਰ ਹੁੰਦਾ ਆਇਆ ਹੈ ਅਤੇ ਹੁਣ ਭੁੱਖਮਰੀ ਦਾ ਸ਼ਿਕਾਰ ਹੋ ਰਿਹਾ ਹੈ । ਜਦਕਿ ਸਾਡਾ ਦੇਸ਼ ਭਾਰਤ ਪਹਿਲਾਂ ਹੀ ਭੁੱਖਮਰੀ ਦੇ ਮਾਮਲੇ ‘ ਚ 10 ਦੇਸ਼ਾਂ ਨੂੰ ਪਿਛਾੜ ਕੇ 102 ਵੇ ਨੰਬਰ ‘ ਤੇ ਜਾ ਰਿਹਾ ਹੈ । ਜਦਕਿ ਭਾਰਤ ਵਿਸ਼ਵ ਗੁਰੂ ਬਣਨ ਦੇ ਸੁਪਣੇ ਦੇਖ ਰਿਹਾ ਹੈ । ਕੋਰੋਨਾ ਮਹਾਂਮਾਰੀ ਦੀ ਸਭ ਤੋਂ ਵੱਧ ਮਾਰ ਕਿਰਤੀ ਵਰਗ ਨੂੰ ਪਈ ਹੈ । ਸਾਡੇ ਦੇਸ਼ ‘ ਚ ਪਰਵਾਸ ਦਾ ਮਸਲਾ ਬਹੁਤ ਹੀ ਗੰਭੀਰ ਹੈ । ਕਿਰਤੀ ਵਰਗ ਦਾ ਇਕ ਤੋਂ ਦੂਜੇ ਸੂਬੇ ‘ ਚ ਪਰਵਾਸ ਕਰਨਾ ਆਮ ਵਰਤਾਰਾ ਹੈ । ਕਰੋਨਾ ਮਹਾਂਮਾਰੀ ਨੇ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ ਦੇਸ਼ ਅਤੇ ਸੂਬਿਆਂ ਦੀਆਂ ਸਰਕਾਰਾ ਨੇ ਬਿਨਾਂ ਸੋਚੇ ਸਮਝੇ ਅਤੇ ਬਿਨਾਂ ਕਿਸੇ ਤਿਆਰੀ ਤੋਂ ਪਹਿਲਾ 21 ਦਿਨ ਦਾ ਲੌਕਡਾਉਨ ਦਾ ਐਲਾਨ ਕਰ ਦਿੱਤਾ । ਜਿਸਦੇ ਫਲਸਰੂਪ ਸਾਰੇ ਕਾਰੋਬਾਰੀ ਅਦਾਰੇ , ਆਵਾਜਾਈ ਦੇ ਸਾਧਨ ਸਭ ਬੰਦ ਹੋ ਗਏ । ਜੋ ਜਿੱਥੇ ਸੀ ਉਥੋਂ ਦਾ ਹੀ ਹੋ ਕੇ ਰਿਹ ਗਿਆ । ਜ਼ਿੰਦਗੀ ਦੀ ਰਫ਼ਤਾਰ ਇਕ ਕਿਸਮ ਨਾਲ ਰੁਕ ਹੀ ਗਈ । ਲੌਕਡਾਊਨ ਦੇ ਸ਼ੁਰੂਆਤੀ ਦਿਨਾਂ ਨੂੰ ਛੱਡ ਕੇ ਅਗਲੇ 4 – 5 ਦਿਨਾਂ ਬਾਅਦ ਹੀ ਕਿਰਤੀ ਵਰਗ ‘ ਤੇ ਮਾਰੂ ਅਸਰ ਪੈਣਾ ਸ਼ੁਰੂ ਹੋ ਗਿਆ । ਸਭ ਛੋਟੇ ਵੱਡੇ ਕਾਰੋਬਾਰੀ ਅਦਾਰਿਆ ਵਿੱਚੋਂ ਕਾਮਿਆਂ ਦੀ ਛੁੱਟੀ ਹੋਣੀ ਸ਼ੁਰੂ ਹੋ ਗਈ ਅਤੇ ਇਕ ਦੋ ਦਿਨਾਂ ‘ ਚ ਹੀ ਕਿਰਤੀ ਵਰਗ ਨੂੰ ਕੰਮ ਤੋਂ ਹੱਥ ਧੋਣੇ ਪੈ ਗਏ । ਦੇਸ਼ ਦੀ ਸਰਕਾਰ ਆਦੇਸ਼ ਦਿੰਦੀ ਰਹਿ ਗਈ ਕਿ ਕੋਈ ਵੀ ਕਾਰੋਬਾਰੀ ਅਦਾਰਾ ਅਪਣੇ ਆਪਣੇ ਮਜ਼ਦੂਰਾਂ ਨੂੰ ਕੰਮ ਤੋਂ ਨਾ ਕੱਢੇ , ਪਰ ਜ਼ਮੀਨੀ ਪੱਧਰ ‘ ਤੇ ਜਿੰਨਾ ਕੰਮ / ਅਸਰ ਹੋਇਆ , ਇਸ ਤੋਂ ਆਪਾ ਸਾਰੇ ਹੀ ਭਲੀਭਾਂਤ ਜਾਣੂ ਹਾਂ । ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋਏ , ਜਦ ਵੱਡੇ ਵੱਡੇ ਨਗਰਾਂ ਮਹਾਨਗਰਾਂ ‘ ਚ ਦੂਜੇ ਸੂਬਿਆਂ ਤੋਂ ਆਏ ਲੱਖਾਂ ਪਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਕੰਮਾਂ ਕਾਰਾਂ ਤੋਂ ਕੱਢ ਦਿੱਤਾ ਗਿਆ । ਅਤੇ ਉਹ ਭੁੱਖਮਰੀ ਤੋਂ ਬਚਣ ਲਈ ਆਪਣੇ ਘਰਾਂ ਨੂੰ ਜਾਣ ਲਈ ਮਜ਼ਬੂਰ ਹੋ ਕੇ ਸੜਕਾਂ ‘ ਤੇ ਆ ਗਏ । ਅਜਿਹੀਆਂ ਕਿੰਨੀਆਂ ਹੀ ਉਦਾਹਰਨਾ ਹਨ ਕਿ ਕਿਰਤੀ ਵਰਗ ਭੁੱਖਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਿਆ । ਯੂਪੀ , ਬਿਹਾਰ ਆਦਿ ਦੂਸਰੇ ਸੂਬਿਆਂ ਤੋਂ ਆਪਣੇ ਜੀਵਨ ਨਿਰਬਾਹ ਲਈ ਪਰਵਾਸ ਕਰਕੇ ਮਹਾਨਗਰਾਂ ‘ ਚ ਗਏ ਮਜ਼ਦੂਰ ਵਰਗ ਨੂੰ ਲੌਕਡਾਊਨ ਦੇ ਸੰਕਟਮਈ ਸਮੇਂ ਅਤੇ ਆਪਣੇ ਘਰਾਂ ਨੂੰ ਵਾਪਿਸ ਜਾਣ ਲਈ ਕੋਈ ਸਾਧਨ ਨਾ ਮਿਲਣ ਕਰਕੇ , ਪੈਦਲ ਜਾਣ ਦਾ ਜੋਖਿਮ ਭਰਿਆ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ । ਜਦ ਇਹ ਸ਼ੋਸ਼ਣ ਦਾ ਸ਼ਿਕਾਰ ਹੋਇਆ ਵਰਗ 5 , 7 ਸੌ ਕਿਲੋਮੀਟਰ ਦੂਰ ਆਪਣੇ ਘਰਾਂ ਨੂੰ ਜਾਣ ਲਈ ਪੈਦਲ ਚੱਲਿਆਂ , ਕਈ ਤਾਂ ਰਸਤੇ ‘ ਚ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ । ਉਹਨਾਂ ਪਰਿਵਾਰਾਂ ‘ ਤੇ ਕੀ ਬੀਤਦੀ ਹੋਵੇਗੀ ਜਿਸ ਪਰਿਵਾਰ ਦਾ ਜੀਅ ਘਰ ਦੀ ਦਹਿਲੀਜ਼ ‘ ਤੇ ਜਾ ਕੇ ਦਮ ਤੋੜ ਦੇਣ । ਤੇਲੰਗਾਨਾ ‘ ਚ 12 ਸਾਲ ਦੀ ਬੱਚੀ ਆਪਣੇ ਮਾਪਿਆਂ ਨਾਲ ਮਿਰਚਾਂ ਤੋੜਨ ਦੇ ਕੰਮ ‘ ਤੇ ਗਈ ਹੋਈ ਸੀ , ਜੋ ਇਸ ਅਣਕਿਆਸੀ ਤਾਲਾਬੰਦੀ ਦਾ ਸ਼ਿਕਾਰ ਹੋ ਕੇ ਘਰ ਵਾਪਸੀ ਕਰਨ ਲਈ ਪੈਦਲ ਜਾਣ ਲਈ ਮਜ਼ਬੂਰ ਹੋ ਕੇ ਚੱਲ ਪਈ । ਦੋ ਤਿੰਨ ਦਿਨ ਭੁੱਖੀ ਪਿਆਸੀ ਪੈਦਲ ਚੱਲਣ ਕਾਰਨ ਉਹ ਆਪਣੇ ਘਰ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਈ । ਇਹੋ ਜਿਹੀਆਂ ਕਿੰਨੀਆਂ ਹੀ ਉਦਾਹਰਨਾ ਸਾਡੇ ਸਾਹਮਣੇ ਹਨ , ਜਿਹੜੀਆਂ ਸਾਨੂੰ ਸ਼ਰਮਸ਼ਾਰ ਕਰਦੀਆ ਹਨ । ਖ਼ਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਬਾਲ ਮਜ਼ਦੂਰੀ ਦੇ ਨਾਂ ‘ ਤੇ ਖੇਤ ਮਾਲਕ ‘ ਤੇ ਕਾਰਵਾਈ ਸ਼ੁਰੂ ਕਰ ਦਿੱਤੀ । ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਬੱਚੀ ਅਤੇ ਉਸ ਵਰਗੇ ਹੋਰ ਕਿੰਨਿਆ ਨੂੰ ਇਹ ਰਾਹ ਚੁਣਨਾ ਪਿਆ ਅਤੇ ਕਿਓ ? ਜ਼ਾਹਿਰ ਹੈ ਕਿ ਮਜ਼ਬੂਰੀ ਵੱਸ ਹੀ ਬਚਿਆ ਨੂੰ ਇਹ ਕਦਮ ਉਠਾਓਣਾ ਪਿਆ , ਕੋਈ ਸ਼ੌਕ ਨਾਲ ਤਾਂ ਅਜਿਹਾ ਨਹੀਂ ਕਰਦਾ । ਉਹ ਪਰਿਵਾਰ ਆਪਣੀਆ ਰੋਜ਼ਮਰਾ ਦੀਆਂ ਜਰੂਰਤਾ ਵੀ ਪੂਰੀਆ ਕਰਨਦੇ ਸਮਰਥ ਨਹੀ ਸੀ । ਸਾਡੇ ਸਮਾਜ ਦੀ ਤਰਾਸਦੀ ਦੇਖੋ ਕਿ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਇੰਨਾਂ ਨਹੀਂ ਕਮਾ ਪਾਉਂਦਾ ਕਿ ਉਹ ਇਕ ਦਿਨ ਵਿਹਲਾ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਸਕੇ । ਇਕ ਪਾਸੇ ਤਾਂ ਇਹ ਲੋਕ ਹਨ ਜਿਹੜੇ ਭੁੱਖੇ ਰਹਿਣ ਲਈ ਮਜ਼ਬੂਰ ਨੇ ਅਤੇ ਦੂਜੇ ਪਾਸੇ ਉਹ ਵਰਗ ਹੈ ਜਿਹੜਾ ਸਾਰੀ ਉਮਰ ਵਿਹਲਾ ਬੈਠ ਕੇ ਖਾ ਸਕਦਾ ਹੈ । ਸਰਮਾਏਦਾਰੀ ਢਾਂਚੇ ਨਾਲ ਕੰਮ ਕਰਦੀਆ ਸਾਡੀਆਂ ਸਰਕਾਰਾ ਨੇ ਕਦੀ ਵੀ ਇਸ ਕਿਰਤੀ ਵਰਗ ਦੀ ਬਾਂਹ ਨਹੀਂ ਫੜੀ , ਸਗੋਂ ਹਮੇਸ਼ਾ ਹੀ ਉਹਨਾ ਨੂੰ ਹਾਸ਼ੀਏ ‘ ਤੇ ਧੱਕਣ ਦਾ ਹੀ ਕੰਮ ਕੀਤਾ ਹੈ । ਮੌਜੂਦਾ ਸਰਕਾਰ ਨੇ ਵੱਡੇ ਵੱਡੇ ਪੂੰਜੀਪਤੀਆ ਵਿਜੇ ਮਾਲਿਆ , ਮੇਹੁਲ ਚੌਕਸੀ , ਨੀਰਵ ਮੋਦੀ ਆਦਿ ਦੇ ਅਰਬਾਂ ਰੁਪੀਇਆ ਤੇ ਲੀਕ ਮਾਰ ਰਹੀ ਹੈ ਅਤੇ ਕਿਰਤੀ ਵਰਗ ਦੇ ਲੋਕਾ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਰਹੀ ਹੈ । ਆਜ਼ਾਦੀ ਦੇ 7 ਦਹਾਕੇ ਬੀਤ ਜਾਣ ਦੇ ਬਾਅਦ ਵੀ ਸਾਡੇ ਦੇਸ਼ ਦੀਆਂ ਸਰਕਾਰਾ ਕਿਰਤੀ ਮਜ਼ਦੂਰ ਵਰਗ ਨੂੰ ਉਹਨਾ ਦਾ ਮੁਸੀਬਤ ਦੇ ਸਮੇਂ ਖਿਆਲ ਰੱਖਣਾ ਤਾਂ ਦੂਰ ਦੀ ਗੱਲ , ਅੱਜ ਤੱਕ ਉਹਨਾ ਦਾ ਬਣਦਾ ਮਾਣ ਸਨਮਾਨ ਹੀ ਨਹੀਂ ਦੇ ਸਕੀਆ । ਕਿਰਤੀ ਵਰਗ ਨੂੰ ਉਹਨਾ ਦੇ ਹਾਲ ‘ ਤੇ ਛੱਡਣਾ ਹਰ ਸਰਕਰ ਦੇ ਹਿੱਸੇ ਆਇਆ ਹੈ । ਕਿੰਨੀ ਹਾਸੋਹੀਣੀ ਅਤੇ ਸ਼ਰਮਨਾਕ ਗੱਲ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਆਪਣੇ ਲੋਕਾ ਨੂੰ ਖਾਣ ਪੀਣ ਦੀਆਂ ਵਸਤੂਆ ਦੇਣ ਦੀ ਬਜਾਇ ਲੋਕਾਂ ਨੂੰ ਥਾਲੀਆ ਖੜਕਾਉਣ , ਮੋਮਬਤੀਆ ਜਗਾਉਣ , ਨਾਅਰੇ / ਜੈਕਾਰੇ ਲਗਾਉਣ ਲਈ ਕਿਹਾ ਜਾ ਰਿਹਾ ਹੈ । ਲੋਕਾਂ ਨੂੰ ਖਾਣ ਪੀਣ ਲਈ ਜਿਹੜੀਆ ਰਾਸ਼ਨ ਕਿੰਟਾ ਦਿੱਤੀਆ ਗਈਆ , ਉਹਨਾ ਰਾਹੀ ਸਿਆਸਤ ਕਰਨ ਦਾ ਇਕ ਵੀ ਮੌਕਾ ਨਹੀ ਗਵਾ ਰਹੀਆ , ਰਾਸ਼ਨ ਕਿਟਾ ‘ ਤੇ ਆਪੋ ਆਪਣੀ ਪਾਰਟੀ ਦਾ ਪ੍ਰਚਾਰ ਕਰਨ ਲਈ ਤਸਵੀਰਾਂ ਛਾਪ ਕੇ , ਲੋਕਾ ਨੂੰ ਵੰਡ ਰਹੀਆ ਹਨ । ਪਰ ਲੋਕਾ ਤੱਕ ਰਾਸ਼ਨ ਫਿਰ ਵੀ ਨਹੀਂ ਪਹੁੰਚ ਰਿਹਾ । ਜਿਹੜਾ ਥੋੜਾ ਬਹੁਤ ਰਾਸ਼ਨ ਲੋਕਾ ਤੱਕ ਪਹੁੰਚ ਵੀ ਰਿਹਾ ਹੈ , ਉਸ ‘ ਚ ਵੀ ਸਰਕਾਰੀ ਇਮਦਾਦ ਬਹੁਤ ਘੱਟ ਹੈ । ਸਮਾਜਸੇਵੀ ਸੰਸਥਾਵਾਂ ਆਪਣੇ ਪੱਧਰ ‘ ਤੇ ਬਹੁਤ ਯਤਨ ਕਰ ਰਹੀਆਂ ਹਨ । ਇਕ ਪਾਸੇ ਸਰਕਾਰਾ ਦਾਅਵੇ ਕਰ ਰਹੀਆ ਨੇ ਕਿ ਇਨੇ ਲੋਕਾਂ ਨੂੰ ਮੁਫ਼ਤ ਵਿੱਚ ਰਾਸ਼ਨ ਮੁਹੱਈਆ ਕਰਵਾਇਆ ਜਾ ਚੁੱਕਿਆ ਹੈ , ਪਰ ਹਰ ਰੋਜ਼ ਵਾਇਰਲ ਹੋ ਰਹੀਆ ਵੀਡੀਓਜ਼ ਕੁਝ ਹੋਰ ਈ ਹਕੀਕਤ ਬਿਆਨ ਕਰ ਰਹੀਆ ਨੇ । ਸਾਰਾ ਸਾਰਾ ਦਿਨ ਲਾਇਨ ‘ ਚ ਲੱਗਣ ਤੋਂ ਬਾਅਦ ਵੀ ਕਈਆ ਨੂੰ ਰੋਟੀ ਦੀ ਇਕ ਬੁਰਕੀ ਤੱਕ ਨਹੀਂ ਨਸੀਬ ਹੁੰਦੀ ਅਤੇ ਜੇਕਰ ਮਿਲ ਵੀ ਜਾਵੇ ਤਾਂ ਵਿਅਕਤੀਆਂ ਦਾ ਰਾਸ਼ਨ ਮਿਲਦਾ ਹੈ , ਜਿਸ ਨੂੰ ਤਕਰੀਬਨ 10 ਵਿਅਕਤੀਆਂ ਨੇ ਖਾਣਾ ਹੁੰਦਾ ਹੈ । ਹੁਣ ਅਜਿਹੇ ‘ ਚ ਵਿਅਕਤੀ ਸੰਪੂਰਨ ਖੁਰਾਕ ਤੋਂ ਬਿਨ੍ਹਾਂ ਰੋਗ ਪ੍ਰਤੀਰੋਧਕ ਸਮਰੱਥਾ ਕਿਵੇਂ ਵਧਾ ਸਕਦਾ ਹੈ । ਸਰਕਾਰ ਨੂੰ ਜ਼ਮੀਨੀ ਪੱਧਰ ‘ ਤੇ ਕੰਮ ਕਰਨ ਲਈ ਠੋਸ ਅਤੇ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ । ਚੰਡੀਗੜ ‘ ਚ ਕਰਫਿਊ ਤੋਂ ਕੁਝ ਰਾਹਤ ਮਿਲਣ ਕਰਕੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਸੜਕਾਂ ‘ ਤੇ ਆ ਗਏ । ਅਤੇ ਆਪਣੇ ਘਰ ਜਾਣ ਲਈ ਪੈਦਲ ਹੀ ਚੱਲ ਪਏ । ਹਾਂਲਾਕਿ ਕਿ ਸਰਕਾਰ ਵੱਲੋਂ ਇਹਨਾ ਘਰ ਵਾਪਸੀ ਦੀ ਤਾਂਘ ਵਾਲੇ ਲੋਕਾਂ ਲਈ ਚੋਣਵੀ ਰੇਲ ਯਾਤਰਾ ਦਾ ਪ੍ਰਬੰਧ ਕੀਤਾ ਗਿਆ ਹੈ , ਪਰ ਉਹਨਾ ਮਜ਼ਦੂਰਾਂ ਨੂੰ ਆਪਣੇ ਸਫਰ ਦਾ ਕਿਰਾਇਆ ਆਪਣੇ ਕੋਲੋਂ ਖਰਚ ਕਰਨਾ ਪਵੇਗਾ । ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਉਹਨਾ ਮਜ਼ਦੂਰਾਂ ਕੋਲ ਪੈਸੇ ਦਾ ਪ੍ਰਬੰਧ ਹੁੰਦਾ ਤਾਂ ਉਹ ਇੱਥੇ ਰਹਿ ਕੇ ਹੀ ਆਪਣਾ ਗੁਜ਼ਾਰਾ ਨਾ ਕਰ ਲੈਂਦੇ । ਇਹ ਕਿਰਤੀ ਮਜ਼ਦੂਰ ਵਰਗ ਦੇਸ਼ ਦੀ ਅਰਥ ਵਿਵਸਥਾ ਦੀ ਰੀਡ ਦੀ ਹੱਡੀ ਹਨ ਅਤੇ ਇਸ ਦੇ ਬਚਾਅ ਲਈ ਸਮੇਂ ਦੀਆਂ ਸਰਕਾਰਾ ਨੂੰ ਸੁਹਿਰਦਤਾ ਨਾਲ ਸੋਚਣਾ ਅਤੇ ਕੰਮ ਕਰਨਾ ਚਾਹੀਦਾ ਹੈ । ਕਿਉਂਕਿ ਕੱਲ ਨੂੰ ਇਹਨਾ ਕਿਰਤੀਆ ਨੇ ਹੀ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਅੱਗੇ ਆਉਣਾ ਹੈ ।

ਵਰਿੰਦਰ ਸਿੰਘ ਭੁੱਲਰ 
ਲੇਖਕ:- 9914803345