ਕਿਸਾਨਾਂ ਨੇ ਭੇਜੇ ਬਿਜਲੀ ਬੋਰਡ ਅਤੇ ਸਰਕਾਰ ਨੂੰ ਮੰਗ ਪੱਤਰ

249

ਫ਼ਿਰੋਜ਼ਪੁਰ/20 ਮਈ- ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਵਿੱਚ ਕਿਸਾਨਾਂ ਨੇ ਇਕੱਠੇ ਹੋਕੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਬਿਜਲੀ ਦਫ਼ਤਰਾਂ ਰਾਹੀ ਪੀ ਐੱਸ ਪੀ ਸੀ ਐੱਲ ਦੇ ਚੇਅਰਮੈਨ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਭੇਜੇ । ਇਹਨਾਂ ਥਾਵਾਂ ਤੇ ਕਿਸਾਨ ਵਫ਼ਦਾਂ ਦੀ ਅਗਵਾਈ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ,ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ, ਜ਼ਿਲ੍ਹਾ ਸਕੱਤਰ ਗੁਰਚਰਨ ਸਿੰਘ ਮਲਸੀਆਂ, ਮੀਤ ਪ੍ਰਧਾਨ ਰਣਜੀਤ ਸਿੰਘ ਝੋਕ, ਦੇਸ ਰਾਜ ਬਾਜੇਕੇ ਆਦਿ ਆਗੂਆਂ ਨੇ ਕੀਤੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਅਵਤਾਰ ਮਹਿਮਾ ਨੇ ਦੱਸਿਆ ਕਿ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਵਿਰੋਧੀ ਬਿਜਲੀ ਸੋਧ ਬਿਲ 2020 (electricity amendment bill 2020) ਰੱਦ ਕਰੋ। ਝੋਨੇ ਦੀ ਸਿੱਧੀ ਬਿਜਾਈ(d.s.r.) ਲਈ ਤੁਰਤ ਬਿਜਲੀ (ਟਿਊਬਵੈੱਲ )ਦੀ ਸਪਲਾਈ 16 ਘੰਟੇ ਰੋਜ਼ਾਨਾ ਕੀਤੀ ਜਾਵੇ। ਜਿੰਨਾ ਛੋਟੇ ਕਿਸਾਨਾਂ ਕੋਲ ਕੋਈ ਟਿਊਬਵੈੱਲ ਕੁਨੈਕਸ਼ਨ ਨਹੀਂ ਹੈ, ਉਸ ਨੂੰ ਝੋਨੇ ਦੇ ਸੀਜ਼ਨ ਲਈ ਆਰਜ਼ੀ ਕੁਨੈਕਸ਼ਨ ਦਿੱਤੇ ਜਾਣ । ਡੀਜ਼ਲ ਨਾਲ ਚਲ਼ ਦੇ ਟਿਊਬਵੈੱਲਾਂ ਲਈ ਡੀਜ਼ਲ 50 ਫ਼ੀਸਦੀ ਸਬਸਿਡੀ ਤੇ ਦਿੱਤਾ ਜਾਵੇ ਅਤੇ ਡੀਜ਼ਲ ਦਾ ਰੇਟ 22 ਰੁਪਏ ਪ੍ਰਤੀ ਲੀਟਰ ਕੀਤਾ ਜਾਵੇ।

ਪੰਜਾਬ ਸਰਕਾਰ ਅਤੇ ਪਾਵਰ ਕਾਮ ਵੱਲੋਂ ਖਪਤਕਾਰਾਂ ਨੂੰ ਸਾਰੇ ਸੂਬਿਆ ਨਾਲੋਂ ਬਿਜਲੀ ਮਹਿੰਗੀ ਵੇਚੀ ਜਾ ਰਹੀ ਹੈ ਅਤੇ ਮੂਲ ਰੇਟਾਂ ਉੱਪਰ ਬੇਤਹਾਸ਼ਾ ਟੈਕਸਾਂ /ਸੈਸ ਆਦਿ ਦਾ ਜਜ਼ੀਆ ਵਸੂਲਿਆ ਜਾ ਰਿਹਾ ਹੈ । ਅਜਿਹਾ ਬੰਦ ਕੀਤਾ ਜਾਵੇ, ਬਾਦਲ ਸਰਕਾਰ ਸਮੇਂ ਪਾਵਰਕਾਮ ਨੇ ਬਿਜਲੀ ਖ਼ਰੀਦਣ ਲਈ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਜੋ ਵੀ ਸਮਝੌਤੇ ਕੀਤੇ ਸਨ ਉਹ ਤੁਰਤ ਰੱਦ ਕੀਤੇ ਜਾਣ। ਸੂਬਾ ਵਾਸੀਆਂ ਨੂੰ ਬਿਜਲੀ ਦੋ ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇ। ਬਿਜਲੀ ਦੀ ਪਣ ਬਿਜਲੀ ਪੈਦਾਵਾਰ ਨੂੰ ਪਹਿਲ ਦਿੱਤੀ ਜਾਵੇ। ਲਾਕਡਾਊਨ ਦੇ ਸਮੇਂ ‘ਚ ਕਿਸਾਨਾਂ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਮੇਂ ਦੇ ਬਿਜਲੀ ਦੇ ਬਿੱਲ ਮੁਆਫ਼ ਕੀਤੇ ਜਾਣ।

ਟਿਊਬਵੈੱਲਾਂ ਲਈ ਬਿਜਲੀ ਦਾ ਲੋਡ ਵਧਾਉਣਾ ਸਾਰਾ ਸਾਲ ਜਾਰੀ ਰਹੇ ਤੇ ਇਸ ਉੱਪਰ ਕੋਈ ਫ਼ੀਸ ਆਦਿ ਨਾ ਲਈ ਜਾਵੇ। ਬਿਜਲੀ ਦਾ ਸਮੁੱਚਾ ਤਾਣਾ-ਬਾਣਾ ਦਰੁਸਤ ਕੀਤਾ ਜਾਵੇ ਅਤੇ ਮੋਟਰਾਂ ਲਈ ਨਿਰੰਤਰ 16 ਘੰਟੇ ਅਤੇ ਘਰਾਂ ਨੂੰ ਸਪਲਾਈ 24 ਘੰਟੇ ਜਾਰੀ ਕਰਨ ਲਈ,ਓਵਰਲੋਡ ਚੱਲ ਰਹੇ ਗਰਿੱਡ, ਫੀਡਰ ਤੇ ਟਰਾਂਸਫ਼ਾਰਮਰ ਡੀ ਲੋਡ ਕੀਤੇ ਜਾਣ। ਬਿਜਲੀ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਪਾਵਰ ਕਾਮ ਦੀਆਂ ਸਾਰੀਆਂ ਖ਼ਾਲੀ ਪਈਆਂ ਅਸਾਮੀਆਂ ਤੁਰਤ ਭਰੀਆਂ ਜਾਣ।

ਇਸ ਲਈ ਵਿਸ਼ੇਸ਼ ਤੋਰ ਤੇ ਲਾਇਨ ਮੈਨ ਅਸਿਸਟੈਂਟ ਲਾਇਨ ਮਾਈਨ ਦੀਆਂ ਪੋਸਟਾਂ ਜੰਗੀ ਪੱਧਰ ਤੇ ਭਰੀਆਂ ਜਾਣ ਅਤੇ ਝੋਨੇ ਦੇ ਸੀਜ਼ਨ ਲਈ ਆਰਜ਼ੀ ਪੋਸਟਾਂ ਭਰਤੀ ਕੀਤੀਆਂ ਜਾਣ।  ਇਸ ਮੌਕੇ ਜਰਮਲ ਸਿੰਘ ਮਹਿਮਾ, ਮੰਗਲ ਸਿੰਘ ਮਹਿਮਾ, ਕਸ਼ਮੀਰ ਸਿੰਘ, ਮੇਜਰ ਸਿੰਘ , ਕੁਲਦੀਪ ਸਿੰਘ, ਮਨਜੀਤ ਸਿੰਘ ,ਜਸਕਰਨ ਸਿੰਘ , ਗੁਰਮੁਖ ਸਿੰਘ ਯਾਰੇਸ਼ਾਹ, ਕੁਲਵਿੰਦਰ ਸਿੰਘ ਆਦਿ ਕਿਸਾਨ ਹਾਜ਼ਰ ਸਨ।