ਮਹਿਲ ਕਲਾਂ:
ਪਿੰਡ ਮਹਿਲ ਖ਼ੁਰਦ ਵਿਖੇ ਇਕ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਮਾਨਸਿਕ ਪਰੇਸ਼ਾਨੀ ‘ਤੇ ਚੱਲਦਿਆਂ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਥਾਣਾ ਮਹਿਲ ਕਲਾਂ ਦੇ ਏਐੱਸਆਈ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਕਿਸਾਨ ਬਬਰਜੀਤ ਸਿੰਘ 30 ਸਾਲ ਪੁੱਤਰ ਗੁਰਦੇਵ ਸਿੰਘ ਵਾਸੀ ਮਹਿਲ ਖ਼ੁਰਦ ਜੋ ਕਿ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਪ੍ਰੇਸ਼ਾਨੀ ‘ਚੋਂ ਗੁਜ਼ਰ ਰਿਹਾ ਸੀ, ਉਸ ਨੇ ਲੰਘੀ 6 ਜੁਲਾਈ ਨੂੰ ਆਪਣੇ ਘਰ ‘ਚ ਹੀ ਕੋਈ ਜ਼ਹਿਰੀਲੀ ਦਵਾਈ ਪੀਣ ਤੋਂ ਬਾਅਦ ਜਿੱਥੇ ਉਸ ਨੂੰ ਪਰਿਵਾਰਕ ਮੈਂਬਰਾਂ ਵਲੋਂ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ ਗਿਆ ਸੀ।
ਜਿੱਥੇ ਉਸ ਦੀ ਜ਼ਿਆਦਾ ਹਾਲਤ ਗੰਭੀਰ ਹੁੰਦੀ ਦੇਖਦਿਆਂ ਡਾਕਟਰਾਂ ਵਲੋਂ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਲਈ ਰੈਫਰ ਕੀਤਾ ਗਿਆ। ਬੀਤੀ ਰਾਤ ਉਸ ਨੇ ਨਿੱਜੀ ਹਸਪਤਾਲ ਲੁਧਿਆਣਾ ‘ਚ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਕਿਸਾਨ ਸਿਰ ਸੱਤ ਲੱਖ ਦੇ ਕਰੀਬ ਕਰਜ਼ਾ ਚੜ੍ਹਿਆ ਹੋਣ ਕਾਰਨ ਪਰੇਸ਼ਾਨ ਸੀ। ਜਿਸ ਕਰਕੇ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬਬਰਜੀਤ ਸਿੰਘ ਦੇ ਪਿਤਾ ਗੁਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ‘ਚ ਲਿਆਂਦੀ ਗਈ ਹੈ।