ਕਿਸ ਦੀ ਸ਼ਹਿ ‘ਤੇ ਖੁੱਲ ਰਹੀਆਂ ਨੇ ਨਕਲੀ ਟਰੈਵਲ ਏਜੰਟਾਂ ਦੀਆਂ ਹੱਟੀਆਂ?

238
ਪੰਜਾਬ ਦੇ ਅੰਦਰ ਇਸ ਵੇਲੇ ਵੱਡੀ ਪੱਧਰ ‘ਤੇ ਨਕਲੀ ਟਰੈਵਲ ਏਜੰਟ ਆਪਣੇ ਪੈਰ ਜਮਾਈ ਬੈਠੇ ਹਨ, ਜੋ ਦਿਨ ਦਿਹਾੜੇ ਹੀ ਪੰਜਾਬ ਵਾਸੀਆਂ ਦੀ ਲੁੱਟ ਕਰ ਰਹੇ ਹਨ। ਦੱਸ ਦਈਏ ਕਿ ਪੰਜਾਬੀਆਂ ‘ਤੇ ਵਿਦੇਸ਼ ਜਾਣ ਦਾ ਭੂਤ ਇਸ ਕਦਰ ਉਨ੍ਹਾਂ ‘ਤੇ ਸਵਾਰ ਹੈ, ਜਿਵੇਂ ਕਿਸੇ ਲਾੜੇ ਨੂੰ ਵਿਆਹ ਦਾ ਹੋਵੇ। ਬੇਸ਼ੱਕ ਪੈਸੇ ਖ਼ਰਚ ਕਰਕੇ ਪੰਜਾਬੀ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਰਹੇ ਹਨ, ਪਰ ਉਨ੍ਹਾਂ ਦੇ ਪੈਸੇ ਦਾ ਪੂਰਾ ਮੁੱਲ ਵੀ ਟਰੈਵਲ ਏਜੰਟ ਨਹੀਂ ਪਾ ਰਹੇ। ਪੰਜਾਬ ਦੇ ਹਰ ਸ਼ਹਿਰ ਅਤੇ ਕਸਬਿਆਂ ਦੇ ਅੰਦਰ ਵੱਡੇ ਪੱਧਰ ਦਫ਼ਤਰ ਖੋਲ੍ਹੀ ਬੈਠੇ ਟਰੈਵਲ ਏਜੰਟਾਂ ਨੂੰ ਕੋਈ ਪੁੱਛਣ ਵਾਲਾ ਨਹੀਂ। ਕਿਉਂਕਿ ਉਕਤ ਟਰੈਵਲ ਏਜੰਟ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮਹੀਨਾ ਭਰਦੇ ਹਨ, ਜਦੋਂਕਿ ਉਕਤ ਟਰੈਵਲ ਏਜੰਟਾਂ ਦੀ ਕਿਸੇ ਨਾ ਕਿਸੇ ਵੱਡੇ ਲੀਡਰ ਦੇ ਨਾਲ ‘ਗੰਢਤੱਪ’ ਵੀ ਹੈ। ਜਿਸ ਦੇ ਕਾਰਨ ਉਹ ਸ਼ਰੇਆਮ ਹੀ ਲੋਕਾਂ ਦੇ ਨਾਲ ਠੱਗੀਆਂ ਮਾਰ ਰਹੇ ਹਨ ਅਤੇ ਵਿਦੇਸ਼ਾਂ ਭੇਜਣ ਦਾ ਝਾਂਸਾ ਅਜਿਹਾ ਦੇ ਰਹੇ ਹਨ ਕਿ ਬੰਦੇ ਨੂੰ ਦਿਨ ਵੇਲੇ ਹੀ ਅਜਿਹੇ ਸੁਪਨੇ ਵਿਖਾ ਦਿੰਦੇ ਹਨ, ਜਿਸ ਦੇ ਕਾਰਨ ਬੰਦਾ ਉਕਤ ਟਰੈਵਲ ਏਜੰਟਾਂ ਦਾ ਦੀਵਾਨਾਂ ਹੋ ਜਾਂਦਾ ਹੈ। ਨਕਲੀ ਟਰੈਵਲ ਏਜੰਟਾਂ ‘ਤੇ ਸ਼ਿਕੰਜਾ ਕੱਸਣ ਵਾਸਤੇ ਭਾਵੇਂ ਹੀ ਪਿਛਲੇ ਕੁਝ ਮਹੀਨੇ ਪਹਿਲੋਂ ਹੀ ਸਰਕਾਰ ਨੇ ਇਕ ਮੁਹਿੰਮ ਚਲਾਈ ਸੀ। ਪਰ ਉਕਤ ਮੁਹਿੰਮ ਵਿੱਚ ਵਿਚਾਲੇ ਹੀ ਲਟਕੀ ਰਹਿ ਗਈ, ਕਿਉਂਕਿ ਸਰਕਾਰ ਇਕ ਵਾਰ ਫੁਰਮਾਨ ਜਾਰੀ ਕਰਕੇ, ਬਾਅਦ ਵਿਚ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਕਾਰਵਾਈ ਕਰਨਾ ਭੁੱਲ ਗਈ। ਸਰਕਾਰ ਨੇ ਜਿਹੜੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਸੁਣਾਇਆ ਸੀ, ਉਕਤ ਅਧਿਕਾਰੀ ਵੀ ਟਰੈਵਲ ਏਜੰਟਾਂ ਦੇ ਨਾਲ ਸੈਟਿੰਗ ਕਰਕੇ ਚੁੱਪ ਕਰਕੇ ਬੈਠ ਗਏ। ਪੰਜਾਬ ਦੇ ਅੰਦਰ ਸੈਂਕੜੇ ਹੀ ਟਰੈਵਲ ਏਜੰਟ ਅਜਿਹੇ ਹਨ, ਜੋ ਸਰਕਾਰ ਦੁਆਰਾ ਜਾਰੀ ਹੁਕਮ ਦੀ ਪਾਲਣਾ ਨਹੀਂ ਕਰ ਰਹੇ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੇ ਦਫ਼ਤਰ ਚਲਾ ਰਹੇ ਹਨ।ਦਫ਼ਤਰ ਅਸਲੀ ਖੋਲ੍ਹ ਕੇ ਬੈਠੇ ਨਕਲੀ ਟਰੈਵਲ ਏਜੰਟ ਦੇ ਧੱਕੇ ਬੇਰੁਜ਼ਗਾਰ ਸਭ ਤੋਂ ਵੱਧ ਚੜ ਰਹੇ ਹਨ, ਜਿਨ੍ਹਾਂ ਦੇ ਘਰ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਟਰੈਵਲ ਏਜੰਟ ਸ਼ਰੇਆਮ ਲੁੱਟ ਕਰ ਰਹੇ ਹਨ। ਪੰਜਾਬ ਦੇ ਜੇਕਰ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ, ਫਿਰੋਜ਼ਪੁਰ ਦੇ ਵਿਚੋਂ ਹੁਣ ਤੱਕ ਸੈਂਕੜੇ ਹੀ ਨੌਜਵਾਨ ਵਿਦੇਸ਼ਾਂ ਨੂੰ ਉਡਾਰੀਆਂ ਮਾਰ ਚੁੱਕੇ ਹਨ, ਕਿਉਂਕਿ ਪੰਜਾਬ ਦੇ ਅੰਦਰ ਰੁਜ਼ਗਾਰ ਹੀ ਨਹੀਂ ਮਿਲ ਰਿਹਾ। ਇਥੇ ਦੱਸ ਦਈਏ ਕਿ ਫਿਰੋਜ਼ਪੁਰ ਦੇ ਅੰਦਰ ਵੱਡੇ ਪੱਧਰ ‘ਤੇ ਨਕਲੀ ਟਰੈਵਲ ਏਜੰਟਾਂ ਦੀ ਵੀ ਭਰਮਾਰ ਹੈ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਠੱਗੀਆਂ ਮਾਰ ਰਹੇ ਹਨ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਨੇ ਦੱਸਿਆ ਕਿ ਬਿਨਾਂ ਲਾਇਸੰਸ ਦੇ ਚੱਲ ਰਹੀਆਂ ਇਮੀਗ੍ਰੇਸ਼ਨ ਕੰਪਨੀਆਂ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ। ਡੀਸੀ ਨੇ ਸਮੂਹ ਐੱਸ.ਡੀ.ਐੱਮਜ਼ ਨੂੰ ਆਪਣੇ ਇਲਾਕੇ ਵਿੱਚ ਬਿਨਾਂ ਰਜਿਸਟ੍ਰੇਸ਼ਨ ਕਰਵਾਏ ਅਤੇ ਪ੍ਰਸ਼ਾਸਨ ਤੋਂ ਬਿਨਾਂ ਲਾਇਸੰਸ ਲਏ ਕੰਮ ਕਰਨ ਵਾਲੇ ਏਜੰਟਾਂ ਦੇ ਦਫਤਰਾਂ ਵਿੱਚ ਜਾਂਚ ਕਰਨਗੇ। ਜਾਂਚ ਵਿੱਚ ਜਿਨ੍ਹਾਂ ਕੋਲ ਲਾਇਸੰਸ ਨਹੀਂ ਹੋਵੇਗਾ, ਉਨ੍ਹਾਂ ਖਿਲਾਫ ਪੰਜਾਬ ਟ੍ਰੈਵਲ ਪ੍ਰੋਫੈਸਨਲ ਰੈਗੂਲੇਸ਼ਨ ਐਕਟ 2014 ਤਹਿਤ ਐੱਫ.ਆਈ.ਆਰ. ਦਰਜ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬਿਨਾਂ ਰਜਿਸਟ੍ਰੇਸ਼ਨ ਦੇ ਚੱਲ ਰਹੇ ਦਫਤਰਾਂ ਨੂੰ ਸੀਲ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨਾਂ ਰਜਿਸਟ੍ਰੇਸ਼ਨ ਕਰਵਾਏ ਕੋਈ ਵੀ ਟ੍ਰੈਵਲ ਏਜੰਟ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਟ੍ਰੈਵਲ ਏਜੰਟ ਹੀ ਨਹੀਂ ਟਿਕਟਿੰਗ ਸੇਲ ਏਜੰਟ, ਆਇਲੈਟਸ ਦੇ ਕੋਚਿੰਗ ਸੈਂਟਰਾਂ ਲਈ ਵੀ ਲਾਇਸੰਸ ਜ਼ਰੂਰੀ ਹੈ। ਸੋ ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਪੰਜਾਬ ਸਰਕਾਰ ਤੋਂ ਇਲਾਵਾ ਜ਼ਿਲ੍ਹਾ ਪ੍ਰਸਾਸ਼ਨ ਹੁਣ ਨਕਲੀ ਟਰੈਵਲ ਏਜੰਟਾਂ ਦੇ ਵਿਰੁੱਧ ਸ਼ਿਕੰਜਾ ਕਦੋਂ ਕੁ ਕੱਸਦਾ ਹੈ? ਕੀ ਡੀਸੀ ਫਿਰੋਜ਼ਪੁਰ ਆਪਣੇ ਕਹੇ ਬੋਲਾਂ ‘ਤੇ ਪੂਰੇ ਉਤਰਣਗੇ? ਇਹ ਤਾਂ ਆਉਣ ਵੇਲਾ ਦੱਸੇਗਾ।

2 COMMENTS

Comments are closed.