ਸਾਡੇ ਦੇਸ਼ ਦੇ ਅੰਦਰ ਭਾਵੇਂ ਹੀ ਕਈ ਜਗ੍ਹਾਵਾਂ ‘ਤੇ ਔਰਤ ਦੀ ਪੂਜਾ ਵੀ ਹੁੰਦੀ ਹੈ ਅਤੇ ਔਰਤ ਨੂੰ ਧਾਰਮਿਕ ਗ੍ਰੰਥਾਂ ਦੇ ਵਿੱਚ ਬਹੁਤ ਵੱਡਾ ਰੁਤਬਾ ਦਿੱਤਾ ਗਿਆ ਹੈ। ਪਰ ਫਿਰ ਵੀ ਸਾਡੇ ਭਾਰਤ ਦੇਸ਼ ਦੇ ਅੰਦਰ ਬੱਚੀਆਂ, ਕੁੜੀਆਂ ਤੋਂ ਇਲਾਵਾ ਔਰਤਾਂ ਦੇ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਈ ਜਗ੍ਹਾਵਾਂ ‘ਤੇ ਤਾਂ ਇੰਨ੍ਹਾਂ ਜਲੀਲ ਕਰਕੇ ਵਹਿਸ਼ੀਆਂ ਦੇ ਵੱਲੋਂ ਔਰਤਾਂ ਤੇ ਕੁੜੀਆਂ ਦਾ ਬਲਾਤਕਾਰ ਕਰਕੇ ਉਨ੍ਹਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ ਕਿ ਦੱਸਣਾ ਵੀ ਮੁਸ਼ਕਲ ਹੈ। ਬੇਸ਼ੱਕ ਸਾਡੀਆਂ ਸਰਕਾਰਾਂ ਦੇ ਵੱਲੋਂ ਬਲਾਤਕਾਰੀਆਂ ਦੇ ਵਿਰੁੱਧ ਸਖ਼ਤ ਐਕਸ਼ਨ ਲੈਣ ਦਾ ਪਲਾਣ ਵੀ ਤਿਆਰ ਕੀਤਾ ਹੋਇਆ ਹੈ, ਪਰ ਇਹ ਪਲਾਣ ਸਿਰਫ਼ ਤੇ ਸਿਰਫ਼ ਚੰਦ ਕੁ ਬੰਦਿਆਂ ‘ਤੇ ਹੀ ਵਰਦਾ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਹੀ ਭਾਰਤ ਦੀ ਸੂਚਨਾ-ਤਕਨੀਕ ਦਾ ਗੜ੍ਹ ਕਹੇ ਜਾਂਦੇ ਹੈਦਰਾਬਾਦ ਵਿੱਚ ਇੱਕ 27 ਸਾਲਾਂ ਵੈਟਨਰੀ ਡਾਕਟਰ ਪ੍ਰਿਅੰਕਾ ਰੈੱਡੀ ਨੂੰ ਕੁਝ ਵਹਿਸ਼ੀਆਂ ਦੇ ਵੱਲੋਂ ਬਲਾਤਕਾਰ ਕਰਨ ਤੋਂ ਬਾਅਦ ਮਾਰ ਮੁਕਾ ਦਿੱਤਾ ਗਿਆ। ਪ੍ਰਿਅੰਕਾ ਨੂੰ ਅਜਿਹੀ ਮੌਤ ਮਾਰਿਆ ਕਿ ਧਰਤੀ ਵੀ ਥਰ ਥਰ ਕੰਬਣ ਲੱਗ ਪਈ। ਪਸ਼ੂਆਂ ਦੀ ਤਰ੍ਹਾਂ ਪਹਿਲੋਂ ਅੰਨ੍ਹੇਵਾਹ ਸ਼ਰਾਬ ਵਿੱਚ ਧੁੱਤ ਵਹਿਸ਼ੀਆਂ ਦੇ ਵੱਲੋਂ ਮਹਿਲਾ ਡਾਕਟਰ ਨੂੰ ਕਾਬੂ ਕੀਤਾ ਗਿਆ ਅਤੇ ਉਸ ਤੋਂ ਮਗਰੋਂ ਵਾਰੀ ਵਾਰੀ ਬਲਾਤਕਾਰ ਕੀਤਾ ਗਿਆ। ਜਦੋਂ ਵਹਿਸ਼ੀਆਂ ਦੀ ਸ਼ਿਕਾਰ ਮਹਿਲਾ ਡਾਕਟਰ ਪੂਰੀ ਤਰ੍ਹਾਂ ਨਾਲ ਬੇਹੋਸ਼ ਹੋ ਗਈ ਤਾਂ ਉਕਤ ਵਹਿਸ਼ੀਆਂ ਨੇ ਜਾਨਵਰ ਦੀ ਤਰ੍ਹਾਂ ਮਹਿਲਾ ਡਾਕਟਰ ਨੂੰ ਸਾੜ ਕੇ ਖ਼ਤਮ ਕਰ ਦਿੱਤਾ। ਵੇਖਿਆ ਜਾਵੇ ਤਾਂ ਇਹ ਘਟਨਾ ਦਿਲ ਕੰਬਾਉਣ ਵਾਲੀ ਹੈ। ਇਹ ਘਟਨਾ ਉਸੇ ਭਾਰਤ ਦੇਸ਼ ਦੇ ਅੰਦਰ ਹੀ ਵਾਪਰ ਰਹੀ ਹੈ, ਜਿੱਥੇ ਔਰਤ ਨੂੰ ਪੂਜਿਆ ਜਾਂਦਾ ਹੈ। ਹੁਣ ਸਵਾਲ ਉੱਠਦੇ ਹਨ ਕਿ ਜਿਹੜੇ ਦੇਸ਼ ਦੇ ਅੰਦਰ ਔਰਤਾਂ ਦੀ ਪੂਜਾ ਹੁੰਦੀ ਹੋਵੇ, ਉਸ ਦੇਸ਼ ਦੇ ਅੰਦਰ ਔਰਤਾਂ ਦੇ ਨਾਲ ਆਖ਼ਰ ਕਦੋਂ ਤੱਕ ਬਲਾਤਕਾਰ ਹੁੰਦੇ ਰਹਿਣਗੇ? ਕੀ ਸਾਡੀਆਂ ਸਰਕਾਰਾਂ ਨੂੰ ਬਲਾਤਕਾਰ ਰੋਕਣ ਦੇ ਲਈ ਕੋਈ ਚੰਗਾ ਕਾਨੂੰਨ ਨਹੀਂ ਬਣਾਉਣਾ ਚਾਹੀਦਾ? ਔਰਤ ਅੱਜ ਭਾਵੇਂ ਹੀ ਕਿਸੇ ਜਗ੍ਹਾ ਵੀ ਸੁਰੱਖਿਅਤ ਨਹੀਂ ਹੈ, ਪਰ ਸਰਕਾਰ ਦੇ ਵੱਲੋਂ ਔਰਤਾਂ ਦੀ ਸੁਰੱਖਿਆ ਵਾਸਤੇ ਫੋਨ ਨੰਬਰ ਤਾਂ ਜਾਰੀ ਕਰ ਦਿੱਤੇ ਗਏ ਹਨ, ਫਿਰ ਵੀ ਔਰਤਾਂ ਦੀ ਰੱਖਿਆ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ। ਅਸਲ ਵਿੱਚ ਇਹ ਮੁਲਕ ਬਲਾਤਕਾਰ ਦੀ ਭੱਠੀ ਹੈ, ਜਿੱਥੇ ਸੱਤ ਸਾਲ ਪਹਿਲਾਂ ਦਿੱਲੀ ਵਿੱਚ ਨਿਰਭਿਆ ਬਲਾਤਕਾਰ ਕੇਸ ਹੋਇਆ ਤਾਂ ਪੂਰਾ ਮੁਲਕ ਉੱਠ ਖਲੋਹਿਆ ਸੀ, ਮੁੜ ਅਜਿਹੀਆਂ ਘਟਨਾਵਾਂ ਨਾ ਵਾਪਰਨ ਦੇਣ ਦੀਆਂ ਗੱਲਾਂ ਵੀ ਸਿਆਸੀ ਮੰਚਾਂ ਤੋਂ ਹੋਈਆਂ। ਪਰ ਹਕੀਕਤ ਇਹ ਹੈ ਕਿ ਇਸ ਮੁਲਕ ਵਿੱਚ ਹਰ ਪੰਦਰਾਂ ਮਿੰਟਾਂ ਤੋਂ ਇੱਕ ਔਰਤ ‘ਤੇ ਜ਼ੁਲਮ ਹੁੰਦਾ ਹੈ। ਇਹ ਘਟਨਾਵਾਂ ਇਸੇ ਲਈ ਵਧਦੀਆਂ ਹਨ, ਕਿਉਂਕਿ ਇਨ੍ਹਾਂ ਨੂੰ ਵਧਾਇਆ ਜਾਂਦਾ ਹੈ। ਇਕ ਜਾਣਕਾਰੀ ਦੇ ਮੁਤਾਬਿਕ ਬਲਾਤਕਾਰ ਮਨੁੱਖ ਦੀ ਮਾਨਸਿਕਤਾ ਬਣ ਗਈ ਹੈ ਐੱਨ. ਆਰ. ਸੀ ਦੀ ਰਿਪੋਰਟ ਅਨੁਸਾਰ ਸਾਲ 2016 ਵਿੱਚ 338954 ਔਰਤਾਂ ਨਾਲ ਹਰ ਤਰ੍ਹਾਂ ਦਾ ਜੁਲਮ ਹੋ ਚੁੱਕਿਆ ਹੈ, ਚਾਹੇ ਉਹ ਸਰੀਰਕ ਸ਼ੋਸ਼ਣ ਜਾਂ ਫਿਰ ਕੁੱਟਮਾਰ ਆਦਿ। ਅੱਜ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ”ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨਿ£” ਸਾਡੇ ਮਨਾਂ ਵਿੱਚ ਅਜੇ ਤੱਕ ਨਹੀਂ ਵਸਿਆ। ਅਸਲ ਵਿੱਚ ਅਸੀਂ ਗੁਰੂ ਵਾਲੇ ਹੋਣ ਦਾ ਸਿਰਫ਼ ਦਿਖਾਵਾ ਕਰਦੇ ਹਾਂ, ਪਰ ਗੁਰੂ ਦੀਆਂ ਦੱਸੀਆਂ ਗੱਲਾਂ ਨੂੰ ਅਪਣਾਉਣ ਤੋਂ ਡਰਦੇ ਹਾਂ। ਦੱਸ ਦਈਏ ਕਿ ਪੰਜਾਬ ਵਿੱਚ ਜਿੱਥੇ ਇਸੇ ਸਾਲ ਵਿੱਚ ਦਰਜਨਾਂ ਬੱਚੀਆਂ ਦੇ ਬਲਾਤਕਾਰ ਹੋਏ ਹਨ, ਉੱਥੇ ਹੀ ਸੈਂਕੜੇ ਔਰਤਾਂ ਦੇ ਬਲਾਤਕਾਰ ਹੋਣ ਸਬੰਧੀ ਮੁਕੱਦਮੇ ਰਜਿਸਟਰ ਹੋਏ ਹਨ। ਦਰਜ ਹੋ ਰਹੇ ਧੜਾਧੜ ਮੁਕੱਦਮਿਆਂ ਤੋਂ ਇਹ ਹੀ ਜਾਪਦਾ ਹੈ ਕਿ ਪੰਜਾਬ ਦੇ ਵਿਅਕਤੀ ਜ਼ਿਆਦਾਤਰ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਅਸ਼ਲੀਲ ਵੀਡੀਓ ਅਤੇ ਗੀਤ ਸੁਣ ਕੇ ਹੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਵੇਖਿਆ ਜਾਵੇ ਤਾਂ ਜਿੰਨੇ ਬਲਾਤਕਾਰ ਅੱਜ ਪੰਜਾਬ ਵਿੱਚ ਹੁੰਦੇ ਹਨ, ਇੰਨੇ ਕਦੇ ਬਿਹਾਰ ਜਾਂ ਫਿਰ ਮਹਾਰਾਸ਼ਟਰ ਜਿਹੇ ਸ਼ਹਿਰਾਂ ਵਿੱਚ ਸੁਣਨ ਨੂੰ ਮਿਲਿਆ ਕਰਦੇ ਸੀ। ਪਰ ਗੁਰੂਆਂ, ਪੀਰਾਂ ਦੀ ਧਰਤੀ ਉੱਪਰ ਹੁਣ ਬਿਹਾਰ ਅਤੇ ਮਹਾਰਾਸ਼ਟਰ ਜਿਹੀਆਂ ਘਟਨਾਵਾਂ ਨੇ ਜਨਮ ਲੈ ਲਿਆ ਹੈ। ਸਾਡੇ ਸਮਾਜ਼ ਵਿਚ ਹੋ ਰਹੇ ਬੱਚੀਆਂ ਦੇ ਬਲਾਤਕਾਰ ਅਜਿਹੀ ਲੋਕਾਂ ਦੀ ਸੋਚ ਨੂੰ ਜਨਮ ਦੇ ਰਹੇ ਹਨ, ਜਿਨ੍ਹਾਂ ਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। 21ਵੀਂ ਸਦੀ ਵੀ ਸਾਡੇ ਸਮਾਜ ਦੀ ਸੋਚ ਕਾਫੀ ਭਾਵੇਂ ਹੀ ਬਦਲ ਚੁੱਕੀ ਹੈ, ਮਾਵਾਂ ਬੱਚੀਆਂ ਨੂੰ ਜਨਮ ਦੇ ਰਹੀਆਂ ਹਨ ਅਤੇ ਬੱਚੀਆਂ ਦੇ ਜੰਮਣ ‘ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਪਰ ਦੁੱਖ ਦੀ ਗੱਲ ਤਾਂ ਇਹ ਹੈ ਕਿ ਅੱਜ ਦੀਆਂ ਮਾਵਾਂ ਇਸ ਲਈ ਧੀਆਂ ਜੰਮਣ ਤੋਂ ਫਿਰ ਡਰ ਰਹੀਆਂ ਹਨ, ਕਿਉਂਕਿ ਉਨ੍ਹਾਂ ਮਾਵਾਂ ਨੂੰ ਡਰ ਹੈ ਕਿ ਉਨ੍ਹਾਂ ਦੀ ਧੀ ਦਾ ਕਿਤੇ ਕੋਈ ਬਲਾਤਕਾਰ ਨਾ ਕਰ ਜਾਵੇ, ਜਿਸ ਤੋਂ ਬਾਅਦ ਉਕਤ ਬੱਚੀ ‘ਤੇ ਸਾਰੀ ਉਮਰ ਹੀ ਦਾਗ ਲੱਗਿਆ ਰਹੇਗਾ। ਮੈਨੂੰ ਤਾਂ ਇਸ ਗੱਲ ਤੋਂ ਵੀ ਹੈਰਾਨਗੀ ਹੁੰਦੀ ਹੈ ਕਿ ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਨ ਨਾਲ ਕੀ ਮਿਲ ਜਾਂਦੈ ਪਾਪੀਆਂ ਨੂੰ, ਕਿਉਂਕਿ ਉਕਤ ਬਲਾਤਕਾਰੀ ਉਸ ਮਾਸੂਮ ਨਾਲ ਬਲਾਤਕਾਰ ਕਰਦੇ ਹਨ, ਜਿਸ ਨੇ ਹਾਲੇ ਜੱਗ ਵੇਖਣਾ ਹੁੰਦਾ ਹੈ। ਮਾਪਿਆਂ ਦੇ ਹੱਥਾਂ ਵਿਚ ਪਲੀ ਨਿੱਕੀ ਜਿਹੀ ਬੱਚੀ ਆਖਰ ਕਿਸੇ ਅਜਿਹੇ ਦਰਿੰਦੇ ਦਾ ਸ਼ਿਕਾਰ ਹੋ ਜਾਂਦੀ ਹੈ, ਜਿਸ ਨਾਲ ਬੱਚੀ ਅਤੇ ਉਸ ਦੇ ਮਾਪੇ ਜਿਉਂਦੇ ਜੀਅ ਹੀ ਮਰਨ ਵਰਗੇ ਹੋ ਜਾਂਦੇ ਹਨ। ਸਮਾਜ ਵਿਚੋਂ ਅਜਿਹੀ ਕੁਰੀਤੀ ਨੂੰ ਕੱਢਣ ਦੇ ਲਈ ਕਈ ਸਮਾਜ ਸੇਵੀ ਸੰਸਥਾਵਾਂ ਦਿਨ ਰਾਤ ਇਕ ਕਰਕੇ ਮੁਹਿੰਮਾਂ ਚਲਾ ਕੇ ਪ੍ਰਚਾਰ ਕਰ ਰਹੀਆਂ ਹਨ, ਪਰ ਇਹ ਮੁਹਿੰਮਾਂ ਉਨ੍ਹਾਂ ਬਲਾਤਕਾਰੀਆਂ ਦੇ ਕੰਨ੍ਹਾਂ ਤੱਕ ਅਵਾਜ਼ ਨਹੀਂ ਪਹੁੰਚਾ ਰਹੀਆਂ। ਕੁਝ ਬੁੱਧੀਜੀਵੀ ਔਰਤਾਂ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਿਕ ਤਾਂ ਕਿਸੇ ਬੱਚੀ ਦਾ ਬਲਾਤਕਾਰ ਇਕ ਕਤਲ ਕਰਨ ਦੇ ਬਰਾਬਰ ਹੈ। ਕਿਉਂਕਿ ਉਸ ਵੇਲੇ ਉਹ ਬੱਚੀ ਮਰਿਆ ਨਾਲੋਂ ਵੀ ਭੈੜੀ ਹੋ ਜਾਂਦੀ ਹੈ, ਜਦੋਂ ਉਸ ਦਾ ਕੋਈ ਬਲਾਤਕਾਰ ਕਰ ਜਾਂਦਾ ਹੈ। ਬੁੱਧੀਜੀਵੀਆਂ ਮੁਤਾਬਿਕ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਵੀ ਬਹੁਤੇ ਆਪਣੇ ਹੀ ਹੁੰਦੇ ਹਨ। ਜੇਕਰ ਬੱਚੀਆਂ ਨੂੰ ਬਲਾਤਕਾਰ ਤੋਂ ਬਚਾਉਣਾ ਹੈ ਤਾਂ ਸਭ ਤੋਂ ਪਹਿਲੋਂ ਸਾਨੂੰ ਆਪਣੀਆਂ ਬੱਚੀਆਂ ਨੂੰ ਬਾਹਰਲੇ ਜਾਂ ਫਿਰ ਆਂਢ ਗੁਆਂਢ ਦੇ ਜਵਾਕਾਂ ਤੋਂ ਬਚਾ ਕੇ ਰੱਖਣਾ ਪਵੇਗਾ। ਹੁਣ ਤਾਂ ਸਾਡੇ ਸਮੂਹ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਔਰਤਾਂ ‘ਤੇ ਹੋ ਰਹੇ ਜੁਲਮਾਂ ਨੂੰ ਰੋਕਿਆ ਜਾ ਸਕੇ ਅਤੇ ਔਰਤਾਂ ਨੂੰ ਇਨਸਾਫ਼ ਦੁਆਇਆ ਜਾ ਸਕੇ। ਆਖ਼ਰ ‘ਤੇ ਸਵਾਲ ਇਹ ਹੈ ਕਿ ਸਾਡੇ ਭਾਰਤ ਦੇਸ਼ ਦੇ ਅੰਦਰ ਕਦੋਂ ਤੱਕ ਹੁੰਦੀਆਂ ਰਹਿਣਗੀਆਂ ਬਲਾਤਕਾਰੀਆਂ ਜਿਹੀਆਂ ਘਿਨੌਣੀਆਂ ਘਟਨਾਵਾਂ? ਮੇਰੇ ਹਿਸਾਬ ਦੇ ਨਾਲ ਤਾਂ, ਡਾਕਟਰ ਪ੍ਰਿਅੰਕਾ ਦਾ ਬਲਾਤਕਾਰ ਕਰਨ ਅਤੇ ਉਸ ਨੂੰ ਜਿੰਦਾਂ ਸਾੜਣ ਵਾਲਿਆਂ ਨੂੰ ਵੀ ਜਿੰਦਾਂ ਹੀ ਸਾੜ ਦੇਣਾ ਚਾਹੀਦਾ ਹੈ ਤਾਂ, ਜੋ ਅੱਗੇ ਤੋਂ ਕੋਈ ਵੀ ਵਹਿਸ਼ੀ ਔਰਤ ਦੇ ਨਾਲ ਅਜਿਹਾ ਜੁਲਮ ਨਾਲ ਢਾਹ ਸਕੇ।
ਪਰਮਜੀਤ ਕੌਰ ਸਿੱਧੂ