ਭਾਵੇਂਕਿ ਭਾਰਤ ਦੇਸ਼ ਨੂੰ ਆਜ਼ਾਦ ਹੋਇਆ ਕਰੀਬ 73 ਸਾਲ ਹੋ ਚੁੱਕੇ ਹਨ। ਪਰ ਫਿਰ ਵੀ ਇਨ੍ਹਾਂ ਆਜ਼ਾਦੀ ਦੇ 73 ਸਾਲਾਂ ਬਾਅਦ ਵੀ ਭਾਰਤ ਦੇ ਅੰਦਰ ਬਹੁਤ ਸਾਰੇ ਖੇਤਰਾਂ ਦੇ ਵਿਚ ਆਜ਼ਾਦ ਨਹੀਂ ਹੈ। ਔਰਤਾਂ ਨੂੰ ਹਾਲੇ ਵੀ ਕਈ ਖ਼ੇਤਰਾਂ ਵਿਚ ਪੈਰ ਦੀ ਜੁੱਤੀ ਹੀ ਸਮਝਿਆ ਜਾਂਦਾ ਹੈ। ਸਾਡੇ ਲਈ ਬੜੇ ਹੀ ਦੁੱਖ ਦੀ ਗੱਲ ਹੈ ਕਿ ਅਸੀਂ ਆਜ਼ਾਦ ਭਾਰਤ ਦੇ ਅੰਦਰ ਹਾਲੇ ਵੀ ਔਰਤਾਂ ਨੂੰ ਗੁਲਾਮ ਹੁੰਦਾ ਵੇਖ ਰਹੇ ਹਾਂ। ਗੁਲਾਮੀ ਹਰ ਪ੍ਰਕਾਰ ਦੀ ਮਾੜੀ ਹੁੰਦੀ ਹੈ, ਪਰ ਮਾਨਸਿਕ ਗੁਲਾਮੀ ਹੋਰਨਾਂ ਗੁਲਾਮੀਆਂ ਦੇ ਨਾਲੋਂ ਕਿਤੇ ਵੱਧ ਖਤਰਨਾਕ ਹੈ। ਅੱਜ ਬਹੁਤ ਸਾਰੀਆਂ ਔਰਤਾਂ ਮਾਨਸਿਕ ਗੁਲਾਮੀ ਦੇ ਨਾਲ ਜੂਝ ਰਹੀਆਂ ਹਨ। ਇਸ ਦਾ ਕਾਰਨ ਉਭਰ ਕੇ ਇਹ ਹੀ ਸਾਹਮਣੇ ਆਉਂਦਾ ਹੈ ਕਿ ਔਰਤਾਂ ਚੰਗੀਆਂ ਪੜ੍ਹੀਆਂ ਲਿਖੀਆਂ ਨਹੀਂ ਹਨ। ਜੇਕਰ ਆਜ਼ਾਦ ਭਾਰਤ ਦੀ ਹਰ ਔਰਤ ਚੰਗਾ ਪੜ੍ਹੀ ਲਿਖੀ ਹੋਵੇ ਤਾਂ, ਉਹ ਆਪਣੇ ਅਤੇ ਹੋਰਨਾਂ ਦੇ ਹੱਕਾਂ ਲਈ ਅੱਗੇ ਵੱਧ ਕੇ ਲੜ ਸਕਦੀ ਹੈ। ਪਰ ਇਹ ਸਭ ਕੁਝ ਉਦੋਂ ਹੀ ਹੋ ਸਕਦਾ ਹੈ, ਜਦੋਂ ਔਰਤਾਂ ਮੁਕੰਮਲ ਤੌਰ ‘ਤੇ ਆਜ਼ਾਦ ਹੋ ਸਕਣਗੀਆਂ।

ਵਿਦੇਸ਼ਾਂ ਦੇ ਅੰਦਰ ਔਰਤਾਂ ਦੀ ਸਥਿਤੀ ਅੱਜ ਕਾਫ਼ੀ ਹੱਦ ਤੱਕ ਠੀਕ ਹੋ ਚੁੱਕੀ ਹੈ। ਵਿਦੇਸ਼ਾਂ ਵਿਚ ਔਰਤਾਂ ਦਾ ਇਨ੍ਹਾਂ ਜ਼ਿਆਦਾ ਮਾਣ ਸਤਿਕਾਰ ਕੀਤਾ ਜਾਂਦਾ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਔਰਤਾਂ ਆਪਣੇ ਆਪ ਨੂੰ ਵਿਦੇਸ਼ਾਂ ਦੇ ਵਿਚ ਪੂਰਨ ਤੌਰ ‘ਤੇ ਸੁਰੱਖਿਅਤ ਸਮਝਦੀਆਂ ਹਨ। ਭਾਰਤ ਦੇ ਅੰਦਰ ਜਿਥੇ ਹਰ ਔਰਤ ਦੀ ਇਕ ਪਾਸੇ ਤਾਂ ਪੂਜਾ ਕੀਤੀ ਜਾਂਦੀ ਹੈ, ਜਦੋਂਕਿ ਦੂਜੇ ਪਾਸੇ ਔਰਤ ਦਾ ਅਪਮਾਣ ਕੀਤਾ ਜਾਂਦਾ ਹੈ। ਇਹ ਅਪਮਾਣ ਕੋਈ ਹੋਰ ਨਹੀਂ ਕਰਦਾ, ਬਲਕਿ ਸਾਡੇ ਆਪਣੇ ਹੀ ਆਲੇ ਦੁਆਲੇ ਦੇ ਲੋਕ ਕਰਦੇ ਹਨ। ਜੇਕਰ ਔਰਤ ਬਾਹਰ ਨੌਕਰੀ ਜਾਂ ਫਿਰ ਕੰਮ ‘ਤੇ ਜਾਂਦੀ ਹੈ ਤਾਂ ਉਸ ‘ਤੇ ਕਈ ਪ੍ਰਕਾਰ ਦੀਆਂ ਰੋਕਾਂ ਲਗਾ ਦਿੱਤੀਆਂ ਜਾਂਦੀਆਂ ਹਨ, ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਔਰਤ ਹਾਲੇ ਆਜ਼ਾਦ ਨਹੀਂ ਹੋਈ, ਬਲਕਿ ਗੁਲਾਮ ਹੀ ਤੁਰੀਂ ਫਿਰਦੀ ਹੈ। ਪੰਜਾਬ ਸਮੇਤ ਹੋਰ ਰਾਜਾਂ ਦੇ ਵਿਚ ਬਹੁਤ ਸਾਰੇ ਪਰਿਵਾਰ ਅਤੇ ਔਰਤਾਂ ਅਜਿਹੀਆਂ ਵੀ ਹੋਣਗੀਆਂ, ਜਿਨ੍ਹਾਂ ਵਿਚਾਰੀਆਂ ਨੂੰ ਉਨ੍ਹਾਂ ਦੇ ਦਿਨਾਂ ਦਾ ਵੀ ਨਹੀਂ ਪਤਾ ਹੋਣਾ। ਕਿਉਂਕਿ ਸਿੱਖਿਆ ਅਤੇ ਜਾਗਰੂਕਤਾ ਦੀ ਘਾਟ ਦੇ ਕਾਰਨ ਔਰਤ ਅੱਜ ਵੀ ਗੁਲਾਮ ਹਨ। ਪੰਜਾਬ ਦੀਆਂ ਅਜਿਹੀਆਂ ਬਹੁਤ ਸਾਰੀਆਂ ਕੁੜੀਆਂ ਹੋਣਗੀਆਂ, ਜਿਨ੍ਹਾਂ ਨੂੰ ਘਰੋਂ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਦਿੱਤੀ ਜਾਂਦੀ, ਪਰ ਵਿਆਹ ਤੋਂ ਬਾਅਦ ਉਹੀਂ ਕੁੜੀਆਂ ਜਦੋਂ ਆਪਣੇ ਸਹੁਰੇ ਘਰ ਜਾਂਦੀਆਂ ਹਨ ਤਾਂ ਬਜ਼ਾਰ ਤੋਂ ਇਲਾਵਾ ਸਕੂਲਾਂ ਵਿਚ ਬੱਚੇ ਛੱਡਣ ਤੋਂ ਇਲਾਵਾ ਲੈਣ ਦਾ ਕੰਮ ਵੀ ਉਕਤ ਕੁੜੀਆਂ ਹੀ ਕਰਦੀਆਂ ਹਨ। ਵਿਆਹ ਤੋਂ ਪਹਿਲੋਂ ਬੱਚੀਆਂ ‘ਤੇ ਲਗਾਈਆਂ ਜਾਂਦੀਆਂ ਰੋਕਾਂ ਹੀ ਬੱਚੀਆਂ ਨੂੰ ਅੱਗੇ ਵੱਧਣ ਤੋਂ ਰੋਕਦੀਆਂ ਹਨ। ਸਾਡੇ ਸਮਾਜ ਵਿਚ ਰਹਿ ਰਹੇ ਬੁੱਧੀਜੀਵੀ ਲੋਕ ਭਾਵੇਂ ਹੀ ਹਰ ਪਾਸੇ ਪ੍ਰਚਾਰ ਕਰ ਰਹੇ ਹਨ ਕਿ ਔਰਤ ਨੂੰ ਮਰਦਾਂ ਦੇ ਬਰਾਬਰ ਦਾ ਅਧਿਕਾਰ ਦਿੱਤਾ ਜਾਵੇ, ਪਰ ਕੁਝ ਪੁਰਾਣੀ ਸੋਚ ਲਈ ਬੈਠੇ ਲੋਕ ਅਜਿਹਾ ਕਦੇ ਵੀ ਪਾਸੰਦ ਨਹੀਂ ਕਰਦੇ।

ਇਹ ਮਸਲਾ ਇਕੱਲੀ ਔਰਤ ਦੀ ਆਜ਼ਾਦੀ ਦਾ ਨਹੀਂ, ਸਗੋਂ ਮਨੁੱਖ ਦੀ ਆਜ਼ਾਦੀ ਦਾ ਹੈ। ਕਿਉਂਕਿ ਇਹ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ। ਇੱਕ ਲੁੱਟਣ ਵਾਲੀ ਜਮਾਤ ਅਤੇ ਦੂਜੀ ਲੁੱਟੀ ਜਾਣ ਵਾਲੀ, ਜਿਨ੍ਹਾਂ ਚਿਰ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਖ਼ਤਮ ਨਹੀਂ ਹੁੰਦੀ, ਉਦੋਂ ਤੱਕ ਔਰਤ ਵੀ ਆਜ਼ਾਦ ਨਹੀਂ ਹੋ ਸਕਦੀ। ਔਰਤਾਂ ਪ੍ਰਤੀ ਵੱਧ ਰਹੀ ਹਿੰਸਾ ਦੇ ਵੀ ਕਈ ਕਾਰਣ ਹਨ, ਜੋ ਕਿ ਮਨੁੱਖ ਦੀ ਆਰਥਿਕਤਾ ਨਾਲ ਜੁੜੇ ਹੋਏ ਹਨ। ਅੱਜ ਵੀ ਪੰਜਾਬੀ ਭਾਈਚਾਰੇ ਵਿੱਚ ਕਿੰਨੀਆਂ ਹੀ ਔਰਤਾਂ ਹਿੰਸਾ ਦਾ ਸ਼ਿਕਾਰ ਹੋ ਕੇ ਮਾਰੀਆਂ ਗਈਆਂ ਜਾਂ ਹਰ ਰੋਜ਼ ਹਿੰਸਾ ਦਾ ਸੰਤਾਪ ਹੰਢਾਉਂਦੀਆਂ ਹਨ। ਇਸ ਦੇ ਕਾਰਨ ਹਨ ਦਾਜ ਦੇਣ ਲੈਣ ਪਿੱਛੇ, ਬਾਹਰਲੇ ਦੇਸ਼ਾਂ ਨੂੰ ਜਾਣ ਦੇ ਸੁਪਨੇ ਪੂਰੇ ਕਰਨ ਲਈ ਅਣ-ਜੋੜ ਰਿਸ਼ਤੇ, ਜਾਂ ਲੋਕਾਂ ਵਿੱਚ ਨਸ਼ਿਆਂ ਦੇ ਸੇਵਨ ਵਧਣ ਨਾਲ ਖਰਚਿਆਂ ਦਾ ਵਧਣਾ ਅਤੇ ਆਮਦਨ ਦੇ ਘਟਣ ਨਾਲ ਆਪਸੀ ਤਣਾਓ ਦਾ ਵੱਧਣਾ ਹੀ ਹਿੰਸਾ ਦਾ ਕਾਰਨ ਹੈ। ਅੱਜ ਭਾਵੇਂ ਹੀ ਅੰਤਰਰਾਸ਼ਟਰੀ ਔਰਤ ਦਿਵਸ ਭਾਰਤ ਭਰ ਦੇ ਅੰਦਰ ਮਨਾਇਆ ਜਾ ਰਿਹਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਇਕ ਪਾਸੇ ਤਾਂ ਅੰਤਰਰਾਸ਼ਟਰੀ ਔਰਤ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਔਰਤਾਂ ਦਾ ਸ਼ੋਸਨ ਹੋ ਰਿਹਾ ਹੈ। ਇਥੇ ਦੱਸ ਇਹ ਵੀ ਦਈਏ ਕਿ ਅੰਤਰਰਾਸ਼ਟਰੀ ਔਰਤ ਦਿਵਸ ਦੁਨੀਆ ਦੇ ਵਿਭਿੰਨ ਖੇਤਰਾਂ ਵਿੱਚ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸੰਸਾ ਅਤੇ ਪਿਆਰ ਪ੍ਰਗਟਾਉਂਦੇ ਹੋਏ ਇਹ ਦਿਨ ਮਹਿਲਾਵਾਂ ਲਈ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ।
ਦੱਸ ਦਈਏ ਕਿ ਕੌਮਾਂਤਰੀ ਇਸਤਰੀ ਦਿਹਾੜਾ 8 ਮਾਰਚ 1914 ਨੂੰ ਦਰਸਾਉਂਦੇ ਜਰਮਨ ਦੇ ਵਿਚ ਇਕ ਪੋਸਟਰ ਜਾਰੀ ਕੀਤਾ ਗਿਆ ਸੀ, ਜਿਸ ਉਨ੍ਹਾਂ ਮੰਗ ਕੀਤੀ ਸੀ ਕਿ “ਔਰਤਾਂ ਨੂੰ ਵੋਟ ਦਾ ਹੱਕ ਦਿਓ। ਇਸਤਰੀ ਦਿਹਾੜਾ 8 ਮਾਰਚ 1914, ਹੁਣ ਤੱਕ ਭੇਦਭਾਵ ਅਤੇ ਪਿਛਾ ਖੜੀ ਨਜਰੀਏ ਨੇ, ਉਨ੍ਹਾਂ ਔਰਤਾਂ ਨੂੰ ਸਭਨਾਂ ਨਾਗਰਿਕ ਅਧਿਕਾਰਾਂ ਤੋਂ ਵੰਚਿਤ ਰੱਖਿਆ ਹੈ। ਜਿਨ੍ਹਾਂ ਨੇ ਮਜ਼ਦੂਰਾਂ, ਮਾਤਾਵਾਂ, ਅਤੇ ਨਾਗਰਿਕਾਂ ਦੀ ਭੂਮਿਕਾ ਵਿੱਚ ਪੂਰੀ ਨਿਸ਼ਠਾ ਨਾਲ ਆਪਣੇ ਫਰਜ਼ ਦਾ ਪਾਲਣ ਅਤੇ ਨਗਰ ਪਾਲਿਕਾ ਦੇ ਨਾਲ-ਨਾਲ ਰਾਜ ਨੂੰ ਵੀ ਟੈਕਸ ਅਦਾ ਕਰਦੀਆਂ ਹਨ। ਇਨ੍ਹਾਂ ਕੁਦਰਤੀ ਮਾਨਵ ਅਧਿਕਾਰਾਂ ਲਈ ਹਰ ਔਰਤ ਨੂੰ ਦ੍ਰਿੜ ਅਤੇ ਅਟੁੱਟ ਇਰਾਦੇ ਦੇ ਨਾਲ ਲੜਨਾ ਚਾਹੀਦਾ ਹੈ। ਇਸ ਲੜਾਈ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਦੀ ਆਗਿਆ ਨਹੀਂ ਹੈ। ਸਭ ਔਰਤਾਂ ਅਤੇ ਲੜਕੀਆਂ ਆਉਣ ਨੂੰ ਔਰਤਾਂ ਦੇ ਹਿੱਤਾਂ ਲਈ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਔਰਤ ਦਿਵਸ ਦੇ ਜੇਕਰ ਪਿਛੋਕੜ ‘ਤੇ ਨਿਗਾਹ ਮਾਰੀਏ ਤਾਂ, ਪਤਾ ਲੱਗਦਾ ਹੈ ਕਿ ਸ਼ੋਸ਼ਲ ਡੈਮੋਕਰੈਟਿਕ ਪਾਰਟੀ ਜਰਮਨੀ ਲੀਡਰ ਲੂਈਸ ਜ਼ੇਤਜ਼ ਨੇ ਇਸ ਮੀਟਿੰਗ ਵਿੱਚ ਅੰਤਰਰਾਸ਼ਟਰੀ ਔਰਤ ਦਿਵਸ ਦਾ ਸੁਝਾਅ ਦਿੱਤਾ ਸੀ ਅਤੇ ਮਾਰਕਸਵਾਦੀ ਆਗੂ ਕਲਾਰਾ ਜੈਟਕਿਨ ਨੇ ਇਸ ਦਾ ਸਮਰਥਨ ਕੀਤਾ। ਪਰ ਕੋਈ ਨਿਸਚਿਤ ਤਾਰੀਖ ਇਸ ਕਾਨਫਰੰਸ ਵਿੱਚ ਨਹੀਂ ਸੀ ਮਿਥੀ ਗਈ। ਇਸ ਸੱਭਿਆਚਾਰ ਵਿੱਚ 17 ਦੇਸ਼ਾਂ ਦੀਆਂ 100 ਤੋਂ ਵੱਧ ਔਰਤਾਂ ਨੇ ਹਿੱਸਾ ਲਿਆ ਤੇ ਉਪਰੋਕਤ ਸੁਝਾਅ ਨੂੰ ਕਬੂਲਦਿਆਂ ਅੰਤਰਰਾਸ਼ਟਰੀ ਦਿਵਸ ਨੂੰ ਮਨਾਉਣ ਲਈ ਹਾਮੀ ਭਰ ਦਿੱਤੀ। 1913 ਵਿੱਚ ਦੁਨੀਆਂ ਭਰ ਦੀਆਂ ਔਰਤਾਂ ਵੋਟ ਦੇ ਆਪਣੇ ਅਧਿਕਾਰ ਦੀ ਮੰਗ ਨੂੰ ਉਠਾ ਰਹੀਆਂ ਸਨ। ਰੂਸ ਵਿੱਚ 1913 ਈਸਵੀ ਵਿੱਚ ਪਹਿਲੀ ਵਾਰ ਕੌਮਾਂਤਰੀ ਇਸਤਰੀ ਦਿਹਾੜਾ ਮਨਾਇਆ ਗਿਆ। ਸੋਵੀਅਤ ਸੱਤਾ ਦੀ ਸਥਾਪਨਾ ਦੇ ਬਾਅਦ ਇਹ ਸਰਕਾਰੀ ਤਿਉਹਾਰ ਹੋ ਗਿਆ ਸੀ, ਫਿਰ 1965 ਤੋਂ ਇਸ ਨੂੰ ਛੁੱਟੀ ਦਾ ਦਿਨ ਵੀ ਬਣਾ ਦਿੱਤਾ ਗਿਆ। ਜਾਣਕਾਰੀ ਦਿੰਦੇ ਚੱਲੀਏ ਕਿ ਇਹ ਦਿਹਾੜਾ ਚੀਨ ਵਿੱਚ ਮਾਰਕਸਵਾਦੀਆਂ ਦੁਆਰਾ 1922 ਈਸਵੀ ਵਿੱਚ ਅਤੇ ਸਪੈਨਿਸ਼ ਮਾਰਕਸਵਾਦੀਆਂ ਦੁਆਰਾ 1936 ਈਸਵੀ ਵਿੱਚ ਮਨਾਇਆ ਗਿਆ ਸੀ। 1 ਅਕਤੂਬਰ 1949 ਈਸਵੀ ਨੂੰ ਚੀਨੀ ਗਣਤੰਤਰ ਤੋਂ ਬਾਅਦ 23 ਦਸੰਬਰ ਨੂੰ ਰਾਜ ਸਭਾ ਨੇ ਇਹ ਦਿਹਾੜਾ ਚੀਨ ਵਿੱਚ 8 ਮਾਰਚ ਨੂੰ ਛੁੱਟੀ ਵਜੋਂ ਮਨਾਉਣ ਲਈ ਕਹਿ ਦਿੱਤਾ ਸੀ। ਹੁਣ 8 ਮਾਰਚ ਨੂੰ ਇਹ ਦਿਹਾੜਾ ਵਿਸ਼ਵ-ਭਰ ਵਿੱਚ ਮਨਾਇਆ ਜਾਂਦਾ ਹੈ।

ਅੱਜ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਣ ਦੀ ਲੋੜ ਹੈ। ਭਾਰਤ ਦੀ ਆਜ਼ਾਦੀ ਲਈ ਔਰਤਾਂ ਨੇ ਬੇਸ਼ੱਕ ਆਜ਼ਾਦੀ ਸੰਗਰਾਮ ਦੇ ਵਿਚ ਹਿੱਸਾ ਪਾਇਆ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਫਿਰ ਵੀ ਸਾਡੇ ਭਾਰਤ ਦੇ ਅੰਦਰ ਔਰਤਾਂ ਨੂੰ ਉਹ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ, ਜਿਸ ਮਾਣ ਸਤਿਕਾਰ ਦੀ ਉਨ੍ਹਾਂ ਨੂੰ ਲੋੜ ਹੈ। ਅੱਜ ਵੀ ਕੁਦਰਤੀ ਮਾਨਵ ਅਧਿਕਾਰਾਂ ਲਈ ਕਈ ਔਰਤਾਂ ਭਟਕ ਰਹੀਆਂ ਹਨ। ਭਾਰਤ ਦੇ ਅੰਦਰ ਜਿਥੇ ਔਰਤਾਂ ਨੂੰ ਉੱਚਾ ਦਰਜਾ ਦਿੱਤਾ ਜਾਣਾ ਸੀ, ਉਥੇ ਹੁਣ ਪਾਖੰਡੀਆਂ ਸਾਧਾਂ ਨੇ ਐਸਾ ਜਨਮ ਲਿਆ ਹੈ ਕਿ ਉਹ ਹੁਣ ਕਈ ਔਰਤਾਂ (ਪੜ੍ਹੀਆਂ ਲਿਖੀਆਂ/ਅਨਪੜਾਂ) ਨੂੰ ਆਪਣਾ ਮਾਨਸਿਕ ਤੌਰ ‘ਤੇ ਗੁਲਾਮ ਬਣਾ ਰਹੇ ਹਨ ਅਤੇ ਪਿਛਲੇ ਜਨਮਾਂ ਦਾ ਡਰ ਪਾ ਕੇ ਉਨ੍ਹਾਂ ਦਾ ਜਿਸਮਾਨੀ ਅਤੇ ਆਰਥਿਕ ਸ਼ੋਸ਼ਨ ਹੋ ਰਿਹਾ ਹੈ।

ਬੇਸ਼ੱਕ ਅੱਜ ਅਸੀਂ 21ਵੀਂ ਸਦੀ ਦੇ ਵਿਚ ਪਹੁੰਚ ਚੁੱਕੇ ਹਾਂ, ਪਰ ਫਿਰ ਵੀ ਸਾਡੇ ਦੇਸ਼ ਦੇ ਅੰਦਰ ਅੰਧ ਵਿਸਵਾਸ਼ ਦਾ ਬੋਲਬਾਲਾ ਹੈ, ਜਿਸ ਕਾਰਨ ਪਾਖੰਡੀ ਬਾਬਿਆਂ ਨੂੰ ਮੌਕਾ ਮਿਲ ਚੁੱਕਿਆ ਹੈ ਕਿ ਉਹ ਔਰਤਾਂ ਦੀ ਲੁੱਟ ਕਿਵੇਂ ਕਰਨ। ਇਸ ਲਈ ਸਭਨਾਂ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੇ ਉਪਰ ਹੋ ਰਹੇ ਸ਼ੋਸ਼ਨ ਖਿਲਾਫ ਬੋਲਣ ਦੀ ਲੋੜ ਹੈ। ਜਿੰਨੀਂ ਦੇਰ ਤੱਕ ਔਰਤ ਦ੍ਰਿੜ ਇਰਾਦੇ ਦੇ ਨਾਲ ਅਵਾਜ਼ ਨਹੀਂ ਚੁੱਕਦੀਆਂ, ਉਹ ਗੁਲਾਮ ਬਣੀਆਂ ਰਹਿਣਗੀਆਂ। ਜਿਨ੍ਹਾਂ ਵੀ ਸੰਘਰਸ਼ੀ ਔਰਤਾਂ ਨੇ ਅੰਤਰ-ਰਾਸ਼ਟਰੀ ਔਰਤ ਦਿਵਸ ਨੂੰ ਮਾਨਤਾ ਦਿਵਾਈ ਅਸੀਂ ਸਾਰੇ ਉਨ੍ਹਾਂ ਨੂੰ ਸਲਾਮ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਡੇ ਦੇਸ਼ ਦੀਆਂ ਔਰਤਾਂ ਜਰੂਰ ਆਪਣੇ ਹੱਕਾਂ ਦੇ ਲਈ ਅੱਗੇ ਆਉਣਗੀਆਂ।

ਲੇਖਿਕਾ, ਅੰਗਰੇਜੀ ਲੈਕਚਰਾਰ
ਪਰਮਜੀਤ ਕੌਰ ਸਿੱਧੂ