ਸਰੀ : ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਮੰਤਰਾਲੇ ਵੱਲੋਂ ਖੇਤੀਬਾੜੀ ਕਾਮਿਆਂ ਨੂੰ ਪੱਕੇ ਕਰਨ ਲਈ ਚਿਰਾਂ ਤੋਂ ਉਡੀਕੇ ਜਾ ਰਹੇ ਨਵੇਂ ਪਾਇਲਟ ਪ੍ਰੋਗਰਾਮ ਲਾਗੂ ਕਰ ਦਿੱਤਾ ਹੈ। ਤਿੰਨ ਸਾਲ ਤਕ ਚੱਲਣ ਵਾਲੇ ਇਸ ਪਾਇਲਟ ਪ੍ਰੋਗਰਾਮ ਵਿਚ ਕੋਈ ਵੀ ਉਮੀਦਵਾਰ ਖੇਤੀਬਾੜੀ ਵਿਚ ਇਕ ਸਾਲ ਕੰਮ ਕਰਨ ਤੋਂ ਬਾਅਦ ਪੀਆਰ ਲੈਣ ਦਾ ਹੱਕਦਾਰ ਹੋ ਜਾਵੇਗਾ। ਕੈਨੇਡਾ ਵਿਚ ਖੇਤੀਬਾੜੀ ਸ਼੍ਰੇਣੀ ਤਹਿਤ ਕੰਮ ਕਰ ਰਹੇ ਵਰਕਰਾਂ ਤੇ ਹੋਰ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਕਾਮਿਆਂ ਲਈ ਇਹ ਖਬਰ ਹੋਰ ਵੀ ਰਾਹਤ ਵਾਲੀ ਹੈ।
ਇਸ ਸ਼੍ਰੇਣੀ ਅਧੀਨ ਪੱਕੇ ਹੋਣ ਲਈ ਘੱਟੋ-ਘੱਟ ਵਿਦਿਅਕ ਯੋਗਤਾ 10+2 ਤੇ ਆਈਲੈਟਸ ਵਿਚੋਂ ਸਿਰਫ 4 ਬੈਂਡ ਦੀ ਸ਼ਰਤ ਰੱਖੀ ਗਈ ਹੈ ਜੋ ਕਿ ਬਹੁਤੇ ਲੋਕਾਂ ਲਈ ਹਾਸਲ ਕਰਨੇ ਕੋਈ ਔਖਾ ਕੰਮ ਨਹੀਂ। ਇਸ ਪ੍ਰੋਗਰਾਮ ਵਿਚ ਇਕ ਸਾਲ ‘ਚ ਸਿਰਫ 2750 ਅਰਜ਼ੀਆਂ ਲੈਣ ਦਾ ਕੋਟਾ ਤੈਅ ਕੀਤਾ ਗਿਆ ਹੈ ਤੇ ਇਸ ਸਾਲ ਦਾ ਇਹ ਕੋਟਾ ਬਹੁਤ ਛੇਤੀ ਭਰ ਜਾਣ ਦੀ ਉਮੀਦ ਹੈ। ਇਸ ਸ਼੍ਰੇਣੀ ਵਿਚ ਪੱਕੇ ਹੋਣ ਲਈ ਯੋਗ ਉਮੀਦਵਾਰਾਂ ਵੱਲੋਂ ਚਿਰਾਂ ਤੋਂ ਇਸ ਦੇ ਲਾਗੂ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਕੈਨੇਡਾ ‘ਚ ਖੇਤੀਬਾੜੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਕਾਮਿਆਂ ਨੂੰ ਛੇਤੀ ਪੱਕੇ ਕਰਨ ਦੀ ਮੰਗ ਚਿਰਾਂ ਤੋਂ ਚੱਲ ਰਹੀ ਸੀ।
ਲਿਬਰਲ ਪਾਰਟੀ ਨੇ ਫੈਡਰਲ ਚੋਣਾਂ ਤੋਂ ਪਹਿਲਾਂ ਸਤੰਬਰ 2019 ਵਿਚ ਇਸ ਪ੍ਰੋਗਰਾਮ ਦੀ ਰੂਪ ਰੇਖਾ ਬਣਾ ਕੇ ਐਲਾਨ ਕਰ ਦਿੱਤਾ ਸੀ ਤੇ ਮੁੜ ਪਾਰਟੀ ਦੀ ਸਰਕਾਰ ਬਣਨ ਉਪਰੰਤ ਇਸ ਨੂੰ ਜਨਵਰੀ 2020 ਵਿਚ ਲਾਗੂ ਕਰਨ ਦੀ ਗੱਲ ਕਹੀ ਸੀ। ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਹੋਣ ਕਾਰਨ ਇਸ ਨੂੰ ਜਨਵਰੀ 2020 ਵਿਚ ਲਾਗੂ ਨਹੀਂ ਕੀਤਾ ਜਾ ਸਕਿਆ। ਹੁਣ ਮਈ ‘ਚ ਇਸ ਪਾਇਲਟ ਪ੍ਰੋਗਰਾਮ ਤਹਿਤ ਅਰਜ਼ੀਆਂ ਲੈਣ ਦਾ ਐਲਾਨ ਕਰਦਿਆਂ ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਇਸ ਨੂੰ ਪੂਰੀ ਕਾਮਯਾਬੀ ਮਿਲਣ ਦੀ ਆਸ ਪ੍ਰਗਟਾਈ ਹੈ।
(Thank you punjabi jagran-ਸੰਦੀਪ ਸਿੰਘ ਧੰਜੂ)