ਕੋਰੋਨਾ:- ਸਿਗਰਟਨੋਸ਼ੀ ਕਰਨ ਵਾਲਿਆਂ ਤੇ ਸੀਓਪੀਡੀ ਦੇ ਮਰੀਜ਼ਾਂ ਲਈ ਜ਼ਿਆਦਾ ਜਾਨਲੇਵਾ

606
ਲੰਡਨ (ਏਐੱਨਆਈ) : ਬਰਤਾਨੀਆ ‘ਚ ਹੋਏ ਇਕ ਅਧਿਐਨ ਮੁਤਾਬਕ, ਸਿਗਰਟਨੋਸ਼ੀ ਕਰਨ ਵਾਲਿਆਂ ਅਤੇ ਸੀਓਪੀਡੀ (ਕ੍ਰੋਨਿਕ ਆਬਸਟ੍ਰਕਟਿਵ ਪਲਮਨਰੀ ਡਿਸਆਰਡਰ) ਦੇ ਮਰੀਜ਼ਾਂ ‘ਚ ਕੋਵਿਡ-19 ਕਾਰਨ ਜਾਨ ਜਾਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਅਜਿਹੇ ਲੋਕਾਂ ਵਿਚ ਵਾਇਰਸ ਦੇ ਲੱਛਣ ਵੀ ਜ਼ਿਆਦਾ ਗੰਭੀਰ ਹੁੰਦੇ ਹਨ। ਸੀਓਪੀਡੀ ਫੇਫੜਿਆਂ ਦੀ ਬਿਮਾਰੀ ਹੈ ਜਿਸ ਵਿਚ ਮਰੀਜ਼ ਨੂੰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੁੰਦੀ ਹੈ। ਇਸ ਅਧਿਐਨ ਨੂੰ ਯੂਨੀਵਰਸਿਟੀ ਕਾਲਜ ਲੰਡਨ ਦੇ ਜੇਬਰ ਅਲਕਾਤਨੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਅੰਜਾਮ ਦਿੱਤਾ ਹੈ। ਇਸ ਨੂੰ ਵਿਗਿਆਨ ਪੱਤਿ੍ਕਾ ਪੀਐੱਲਓਐੱਸ ਵਨ ‘ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਕੋਵਿਡ-19 ਦਾ ਕਾਰਨ ਬਣਨ ਵਾਲੇ ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਨਾਲ ਲੋਕਾਂ ਨੂੰ ਸਾਹ ਲੈਣ ‘ਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਸੀਓਪੀਡੀ ਦੇ ਮਰੀਜ਼ਾਂ ‘ਤੇ ਇਸ ਦਾ ਖ਼ਤਰਾ ਵਧ ਜਾਂਦਾ ਹੈ। ਦੁਨੀਆ ਭਰ ‘ਚ ਕਰੀਬ 25 ਕਰੋੜ ਲੋਕ ਸੀਓਪੀਡੀ ਨਾਲ ਪੀੜਤ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੀਓਪੀਡੀ ਦੇ ਮਰੀਜ਼ਾਂ ਵਿਚ ਕੋਰੋਨਾ ਦੇ ਲੱਛਣ ਗੰਭੀਰ ਹੋਣ ਦਾ ਖ਼ਤਰਾ 63 ਫ਼ੀਸਦੀ ਅਤੇ ਜਾਨ ਜਾਣ ਦਾ ਖ਼ਤਰਾ 60 ਫ਼ੀਸਦੀ ਤਕ ਰਹਿੰਦਾ ਹੈ। ਉਥੇ ਬਿਨਾਂ ਸੀਓਪੀਡੀ ਵਾਲੇ ਮਰੀਜ਼ਾਂ ਵਿਚ ਲੱਛਣਾਂ ਦੇ ਗੰਭੀਰ ਹੋਣ ਦਾ ਖ਼ਦਸ਼ਾ 33.4 ਫ਼ੀਸਦੀ ਹੁੰਦਾ ਹੈ। ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਵੀ ਹੋਰਨਾਂ ਦੇ ਮੁਕਾਬਲੇ ‘ਚ ਲੱਛਣਾਂ ਦੇ ਗੰਭੀਰ ਹੋਣ ਦਾ ਖ਼ਦਸ਼ਾ ਡੇਢ ਗੁਣਾ ਤਕ ਜ਼ਿਆਦਾ ਹੁੰਦਾ ਹੈ।