ਵਿਸ਼ਵ ਵਾਸੀਓ ਸਵਾਲ ਭਾਵੇਂ ਬੇਢਵਾ ਲੱਗਦਾ ਹੈ ਪਰ ਸਮੇਂ ਅਨੁਸਾਰ ਇਸ ਦੀ ਲੋੜ ਵੀ ਹੈ। ਕੀ ਕੋਰੋਨਾ ਵਾਇਰਸ ਆਉਣ ਤੋਂ ਪਹਿਲਾਂ ਮੌਤਾਂ ਨਹੀਂ ਹੁੰਦੀਆਂ ਸਨ ?ਹੁਣ ਹਰ ਹੋ ਰਹੀ ਮੌਤ ਲਈ ਹਰ ਥਾਂ ਕੋਰੋਨਾ ਕੋਰੋਨਾ ਦੀ ਦੁਹਾਈ ਪਾਈ ਜਾ ਰਹੀ ਹੈ। ਸਭ ਨੂੰ ਪਤਾ ਹੈ ਕਿ ਇਸ ਕੋਰੋਨਾ ਵਾਇਰਸ ਦੇ ਆਉਣ ਤੋਂ ਪਹਿਲਾਂ ਵੀ ਹਜ਼ਾਰਾਂ ਨਹੀਂ ਰੋਜ਼ਾਨਾ ਲੱਖਾਂ ਮੌਤਾਂ ਹੁੰਦੀਆਂ ਸਨ। ਹੈਰਾਨੀ ਦੀ ਗੱਲ ਨਹੀਂ ਕਿ ਹੁਣ ਹੋ ਰਹੀਆਂ ਮੌਤਾਂ ਦੀ ਗਿਣਤੀ ਘਟ ਕੇ ਪਿਛਲੇ ਤਿੰਨ -ਚਾਰ ਹਫਤਿਆਂ ਤੋਂ ਸਿਰਫ਼ ਇੱਕ ਲੱਖ ਤੱਕ ਪਹੁੰਚੀ ਹੈ। ਪੁੱਠੇ ਦਿਮਾਗ ਨਾਲ ਇਹ ਨਾ ਸਮਝਣਾ ਕਿ ਮੈਂ ਮੌਤਾਂ ਦਾ ਅੰਕੜਾ ਵਧਾਉਣਾ ਚਾਹੁੰਦਾ ਹਾਂ। ਕਿਉਂਕਿ ਹਰ ਪਾਸੇ ਝੂਠ ਦਾ ਐਨਾ ਗੂੜ੍ਹਾ ਹਨੇਰਾ ਹੈ ਕਿ ਸੱਚ ਦੇ ਚਾਨਣ ਦੀ ਲੋਅ ਸਾਨੂੰ ਵਿਖਾਈ ਹੀ ਨਹੀਂ ਦੇ ਰਹੀ। ਪਿਛਲੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਹਿਲੀ ਅਤੇ ਦੂਜੀ ਸੰਸਾਰ ਜੰਗ ਕਿਉਂ ਹੋਈ ਸੀ ?ਕਿਉਂਕਿ ਮਨੁੱਖ ਨੇ ਸਿਰਫ਼ ਆਪਣੀ ਚੌਧਰ ਅਤੇ ਹੈਂਕੜ ਦਾ ਵਿਖਾਵਾ ਕਰਕੇ ਵਿਸ਼ਵ ਦਾ ਸੁਪਰ ਹੀਰੋ ਬਣਨ ਦੀ ਲਾਲਸਾ ਆਪਣੇ ਦਿਮਾਗ ਵਿੱਚ ਪਾਲ ਰੱਖੀ ਹੈ। ਹੀਰੋਸ਼ੀਮਾ ਨਾਗਾਸਾਕੀ ਵਿੱਚ ਐਟਮ ਬੰਬ ਗਿਰਾ ਕੇ ਕਿਸ ਨੇ ਕਿੰਨੇ ਲੋਕਾਂ ਦੀ ਜਾਨ ਲਈ ਇਹ ਸੱਚ ਸਾਡੇ ਸਾਹਮਣੇ ਹੈ।ਜ਼ਿੰਦਾ ਕਾਤਿਲ ਸਾਡੇ ਸਭ ਦੇ ਸਾਹਮਣੇ ਹੋਣ ਦੇ ਬਾਵਜੂਦ ਅਸੀਂ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਦੇ। ਉਹ ਹਰ ਪਲ਼ ਸਾਡੇ ਸਾਹਮਣੇ ਦਨਦਨਾਉਂਦੇ ਫਿਰ ਰਹੇ ਹਨ ਅਤੇ ਦਨਦਨਾਉਂਦੇ ਫਿਰਦੇ ਰਹਿਣਗੇ। ਇਹ ਕੋਰੋਨਾ ਵਾਇਰਸ ਵੀ ਉਨ੍ਹਾਂ ਦਰਿੰਦਿਆਂ ਦੀ ਹੀ ਸਹੇੜੀ ਆਫਤ ਹੈ। ਇਹ ਅਖੌਤ ਸੱਚ ਸਾਬਤ ਹੋਈ ਹੈ ਕਿ ਆ ਬੈਲ ਮੁਝੇ ਮਾਰ। ਜਦੋਂ ਅਸੀਂ ਦਿਸਦੇ ਦਰਿੰਦਿਆਂ ਦਾ ਕੁੱਝ ਨਹੀਂ ਵਿਗਾੜ ਸਕਦੇ ਫਿਰ ਇਸ ਅਣਦਿਸਦੇ ਮਨੁੱਖੀ ਦੁਸ਼ਮਣ ਨਾਲ ਕਿਵੇਂ ਲੜ ਸਕਾਂਗੇ ਇਹ ਸਮਝ ਤੋਂ ਬਾਹਰ ਦੀ ਗੱਲ ਹੈ। ਅਸੀਂ ਇਤਿਹਾਸ ਤੋਂ ਸਬਕ ਨਹੀਂ ਸਿੱਖਿਆ। ਸਾਡੀ ਯਾਦਾਸ਼ਤ ਬਹੁਤ ਕਮਜ਼ੋਰ ਹੈ। ਅਸੀ ਭਵਿੱਖ ਨੂੰ ਸੁਧਾਰਨ ਦੀ ਥਾਂ ਵਰਤਮਾਨ ਨੂੰ ਵਿਗਾੜ ਰਹੇ ਹਾਂ। 1947 ਵਿੱਚ ਕਿੰਨੇ ਮਨੁੱਖ ਮਰੇ ਇਸ ਸੱਚ ਦਾ ਅੱਜ ਤੱਕ ਕਦੇ ਵੀ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਹੋਰ ਤਾਂ ਹੋਰ ਜ਼ਲ੍ਹਿਅਾਂ ਵਾਲੇ ਬਾਗ਼ ਵਿੱਚ ਦੇਸ਼ ਦੀ ਆਜਾਦੀ ਲਈ ਕੁਰਬਾਨ ਹੋਏ ਲੋਕਾਂ ਦੀ ਅਸਲ ਗਿਣਤੀ ਅਤੇ ਉਨ੍ਹਾਂ ਦੇ ਨਾਂ ਤੱਕ ਅਸੀਂ 100 ਸਾਲ ਬਾਅਦ ਵੀ ਨਹੀਂ ਦੱਸ ਸਕੇ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ? 1947 ਤੋਂ ਬਾਅਦ ਬਣਿਆ ਭਾਰਤ ਅਤੇ ਪਾਕਿਸਤਾਨ। ਚਲਾਕ ਅੰਗਰੇਜ਼ ਸਾਮਰਾਜੀ ਹਕੂਮਤ ਨੇ ਇੱਕ ਪਾੜੋ ਤੇ ਰਾਜ ਕਰੋ ਦੀ ਨੀਤੀ ਘੜੀ। ਕੁਦਰਤ ਦੀ ਦਿੱਤੀ ਅਨਮੋਲ ਦਾਤ ਧਰਤੀ ਉੱਤੇ ਲਕੀਰਾਂ ਖਿੱਚ ਕੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਧਰਤੀ ਨੂੰ ਵੰਡ ਦਿੱਤਾ। ਅਤੇ ਚਲਾਕ ਮਨੁੱਖ ਨੇ ਆਪੋ ਆਪਣੇ ਰਾਜ ਸਥਾਪਿਤ ਕਰ ਲਏ। ਫੇਰ ਧਰਤੀ ਉੱਤੇ ਮਨੁੱਖ ਨੂੰ ਧਰਮਾ, ਜਾਤਾਂ ਪਾਤਾਂ ਵਿੱਚ ਵੰਡ ਕੇ ਚਲਾਕ ਲੋਕਾਂ ਨੇ ਅਣਭੋਲ ਲੋਕਾਂ ਨੂੰ ਬੁੱਧੂ ਬਣਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ।ਇਹ ਲੁੱਟ ਅੱਜ ਤੱਕ ਬਾਦਸਤੂਰ ਜਾਰੀ ਹੈ। ਭਾਰਤ ਦਾ ਇਤਿਹਾਸ ਪੜ੍ਹ ਲਵੋ। ਇੱਥੇ ਕਿੰਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਦੌਰ ਆਏ ਅਤੇ ਚਲੇ ਗਏ। ਮੈਂ ਉਨ੍ਹਾਂ ਇਕੱਲੇ ਇਕੱਲੇ ਘਿਨੌਣੇ ਦੌਰਾਂ ਦਾ ਨਾਂ ਨਹੀਂ ਲਵਾਂਗਾ ਕਿਉਂਕਿ ਕਈਆਂ ਦੇ ਮਿਰਚਾਂ ਲੜਨ ਲੱਗ ਜਾਣਗੀਆਂ। ਕਹਿਣ ਨੂੰ ਹੋਰ ਵੀ ਬਹੁਤ ਕੁੱਝ ਹੈ ਜਿਸ ਨਾਲ ਸਫ਼ਿਆਂ ਦੇ ਸਫ਼ੇ ਕਾਲ਼ੇ ਕੀਤੇ ਜਾ ਸਕਦੇ ਹਨ। ਹੁਣ ਹਰ ਮਨੁੱਖ ਕੋਲ ਹੁਣ ਸਮਾਂ ਬਹੁਤ ਘੱਟ ਹੈ ਇਸ ਲਈ ਮੈਂ ਇਹ ਨਿਰਣਾ ਤੁਹਾਡੇ ਤੇ ਹੀ ਸੁੱਟ ਰਿਹਾ ਹਾਂ ਕਿ ਪਿਛਲੇ ਇਤਿਹਾਸ ਤੋਂ ਅਸੀਂ ਸਬਕ ਸਿੱਖ ਕੇ ਆਉਣ ਵਾਲੇ ਸਮੇਂ ਵਿੱਚ ਸੁਧਰਨਾ ਹੈ ਜਾਂ ਫਿਰ ਲਕੀਰ ਦੇ ਫ਼ਕੀਰ ਬਣ ਕੇ ਉਸੇ ਤਰ੍ਹਾਂ ਲੁੱਟ ਜਾਰੀ ਰੱਖਣੀ ਜਾਂ ਰਖਵਾਉਣੀ ਹੈ। ਕੋਰੋਨਾ ਵਾਇਰਸ ਦਾ ਧੰਨਵਾਦ ਜਰੂਰ ਕਰਨਾ ਜਿਸ ਨੇ ਅਮੀਰ- ਗਰੀਬ, ਧਰਮੀ- ਅਧਰਮੀ, ਜਾਤ-ਪਾਤ ਕਿਸੇ ਵਿੱਚ ਵੀ ਵਖਰੇਵਾਂ ਨਹੀਂ ਕੀਤਾ. ਸਭ ਨੂੰ ਆਪਣੇ ਕਲਾਵੇ ਵਿੱਚ ਲਿਆ ਹੈ। ਇਸ ਨੇ ਤਾਂ ਸਦੀਆਂ ਤੋਂ ਅੱਖਾਂ ਤੇ ਪਏ ਮੋਤੀਆ ਬਿੰਦ ਦਾ ਇਲਾਜ ਕਰਕੇ ਰਿਸ਼ਤਿਆਂ ਦਾ ਕੌੜਾ ਸੱਚ ਵੀ ਸਾਡੇ ਸਾਹਮਣੇ ਲਿਆ ਦਿੱਤਾ ਹੈ।
ਮੇਰੀ ਸੋਚ ਅਨੁਸਾਰ ਇਸ ਧਰਤੀ ਤੇ ਕੋਰੋਨਾ ਵਾਇਰਸ ਤੋਂ ਵੀ ਵੱਧ ਖ਼ਤਰਨਾਕ ਇਹ ਮਨੁੱਖੀ ਵਾਇਰਸ ਹੈ । ਜਿਸ ਦਾ ਇਲਾਜ ਕਰਨ ਦੀ ਲੋੜ ਹੈ।
ਸੁਖਮਿੰਦਰ ਬਾਗ਼ੀ ਸਮਰਾਲਾ
ਮੋਬਾਈਲ ਨੰਬਰ 9417394805ਅਵਾ