ਕੰਪਿਊਟਰ ਸਾਇੰਸ ਆਨਲਾਈਨ ਟੈਸਟ ‘ਚ ਵਿਦਿਆਰਥੀਆ ਨੇ ਮਾਰੀਆਂ ਵੱਡੀਆਂ ਮੱਲਾਂ

253

ਸਵਿੰਦਰ ਕੌਰ, ਚੰਡੀਗੜ:

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ, ਜਨਰਲ ਸਕੱਤਰ ਅਰੁਣਦੀਪ ਸਿੰਘ, ਰਵੀਇੰਦਰ ਸਿੰਘ, ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਅਨਿਲ ਐਰੀ ਨੇ ਇੱਕ ਸਾਂਝੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੰਪਿਊਟਰ ਸਾਇੰਸ ਟੀਮ ਪੰਜਾਬ ਦੇ ਮੈਂਬਰਾਂ ਵੱਲੋਂ ਬੜੀ ਹੀ ਸ਼ਿੱਦਤ ਅਤੇ ਮਿਹਨਤ ਤਿਆਰ ਕੀਤੇ ਗਏ ਆਨਲਾਈਨ ਟੈਸਟ ਵਿੱਚ ਵਿਦਿਆਰਥੀਆ ਨੇ ਵੱਡੀਆ ਮੱਲਾਂ ਮਾਰੀਆਂ ਹਨ।

ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਸਿੱਖਿਆ ਸੰਸਥਾਨ, ਹਾਲ ਦੀ ਘੜੀ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੰਦੇਨਜ਼ਰ ਬੰਦ ਹਨ ਪਰੰਤੂ ਸਕੂਲ ਸਿੱਖਿਆ ਵਿਭਾਗ, ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਕਿ ਵਿਦਿਆਰਥੀਆ ਦੀ ਪੜਾਈ ਦਾ ਨੁਕਸਾਨ ਨਾ ਹੋਵੇ, ਇਸ ਸਭ ਦੇ ਲਈ ਆਨਲਾਈਨ ਐਪਸ ਰਾਹੀ ਵਿਦਿਆਰਥੀਆ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਸ ਹੀ ਕੜੀ ਵਿੱਚ ਕੰਪਿਊਟਰ ਅਧਿਆਪਕਾਂ ਨੇ ਆਪਣੇ ਵਿਸ਼ੇ ਉੱਪਰ ਆਨਲਾਈਨ ਟੈਸਟ ਕੰਡੱਕਟ ਕਰ ਕੇ ਇੱਕ ਵੱਡਾ ਮੀਲ ਪੱਥਰ ਸਾਬਿਤ ਕੀਤਾ ਹੈ।

ਜਿਸ ਵਿੱਚ ਦੋ ਦਿਨਾਂ ਦੇ ਵਕਫ਼ੇ ਅੰਦਰ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆ ਨੇ ਵੱਡੇ ਪੱਧਰ ਉੱਪਰ ਹਿੱਸਾ ਲਿਆ, ਜਿਨ੍ਹਾਂ ਦੀ ਗਿਣਤੀ 4 ਲੱਖ 57 ਹਜ਼ਾਰ 993 ਰਹੀ। ਇੱਥੇ ਇਹ ਗੱਲ ਸਿੱਧ ਹੁੰਦੀ ਹੈ ਕਿ ਕੰਪਿਊਟਰ ਅਧਿਆਪਕ ਵੱਲੋਂ ਆਪਣੇ ਵਿਸ਼ੇ ਅਤੇ ਵਿਦਿਆਰਥੀਆਂ ਦੀ ਪੜਾਈ ਲਈ ਆਪਣੇ ਦੁਆਰਾ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਰਕਾਰੀ ਸਕੂਲਾ ਦੇ ਵਿਦਿਆਰਥੀ, ਵਿਸ਼ਵੀਕਰਨ ਦੀ ਇਸ ਦੌਰ ਵਿੱਚ, ਆਪਣਾ ਉੱਚ ਮੁਕਾਮ ਹਾਸਲ ਕਰਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਹ ਟੈਸਟ ਤਾਂ ਲਿਆ ਹੀ ਗਿਆ, ਉੱਥੇ ਇਸ ਆਨਲਾਈਨ ਟੈੱਸਟ ਦੇ ਆਨਲਾਈਨ ਸਰਟੀਫਿੱਕੇਟ ਵੀ ਹਰ ਵਿਦਿਆਰਥੀਆ ਨੂੰ ਜਾਰੀ ਕੀਤੇ ਗਏ। ਗੁਰਵਿੰਦਰ ਸਿੰਘ ਤਰਨਤਾਰਨ ਨੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਕੰਪਿਊਟਰ ਅਧਿਆਪਕ ਅਗਾਂਹ ਵੀ ਵਿਦਿਆਰਥੀਆ ਦੇ ਸਰਬ ਪੱਖੀ ਵਿਕਾਸ ਲਈ ਅਜਿਹੇ ਹੋਰ ਉਪਰਾਲੇ ਕਰਦੇ ਰਹਿਣਗੇ।

ਲੋੜ ਹੈ ਤਾਂ ਸਿਰਫ਼ ਕੰਪਿਊਟਰ ਅਧਿਆਪਕਾਂ ਦੇ ਰੈਗੂਲਰ ਹੋਣ ਤੋਂ ਬਾਅਦ ਵੀ, ਉਨ੍ਹਾਂ ਦੀਆ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆ ਮੰਗਾ ਦਾ ਨਿਪਟਾਰਾ ਕਰਨ ਦੀ ਤਾਂ ਜੋ ਕੰਪਿਊਟਰ ਅਧਿਆਪਕ ਸਵੈ-ਮਾਣ ਨਾਲ ਆਪਣੀ ਸੇਵਾਵਾਂ ਵਿਭਾਗ ਵਿੱਚ ਨਿਭਾ ਸਕਣ।