ਗੁਦਾਮਾਂ ‘ਚ ਸੜ ਜਾਂਦੀ ਏ ਕਣਕ, ਗਰੀਬਾਂ ਦੇ ਮੂੰਹ ‘ਚ ਨਹੀਂ ਪੈਂਦੀ

375
ਉਦੋਂ ਬੜਾ ਦੁੱਖ ਹੁੰਦਾ ਹੈ, ਜਦੋਂ ਅੰਨ ਸੜ ਬਲ ਰਿਹਾ ਹੁੰਦਾ ਅਤੇ ਕੂੜੇਦਾਨਾਂ ਵਿਚ ਸੁੱਟਿਆ ਹੋਇਆ ਮਿਲਦਾ ਹੈ। ਦਰਅਸਲ, ਜਿਸ ਬੰਦੇ ਨੂੰ ਰੋਟੀ ਦੀ ਕੀਮਤ ਪਤਾ ਨਹੀਂ ਹੁੰਦੀ, ਉਹ ਬੰਦਾ ਹੀ ਅੰਨ ਦੀ ਬੇਕਦਰੀ ਕਰਦਾ ਹੈ। ਭੁੱਖੇ ਢਿੱਡ ਰਾਤਾਂ ਗੁਜ਼ਾਰਨ ਵਾਲੇ ਨੂੰ ਹੀ ਪਤਾ ਹੁੰਦੈ, ਰੋਟੀ ਦੀ ਕੀ ਕੀਮਤ ਹੈ? ਦੋਸਤੋਂ, ਭਾਵੇਂ ਹੀ ਅਸੀਂ ਅੱਜ 21ਵੀਂ ਸਦੀ ਵਿਚ ਪਹੁੰਚ ਚੁੱਕੇ ਹਨ, ਪਰ ਸਾਡੇ ਲੋਕਾਂ ਦੀ ਸੋਚ ਹਾਲੇ ਵੀ ਬੜੀ ਛੋਟੀ ਹੈ ਅਤੇ ਸਾਡੇ ਲੋਕ ਰੋਟੀ ਦੀ ਵੀ ਕਦਰ ਨਹੀਂ ਕਰ ਰਹੇ। ਇਥੋਂ ਤੱਕ ਕਿ ਸਰਕਾਰਾਂ ਦੇ ਵਲੋਂ ਵੀ ਅੰਨ ਦੀ ਬੇਕਦਰੀ ਕੀਤੀ ਜਾ ਰਹੀ ਹੈ। ਹਰ ਸਾਲ ਪੰਜਾਬ ਦੇ ਵੱਖ ਵੱਖ ਸਰਕਾਰੀ ਗੁਦਾਮਾਂ ਦੇ ਵਿਚ ਹਜ਼ਾਰਾਂ ਬੋਰੀਆਂ ਕਣਕ ਅਤੇ ਝੋਨੇ ਦੀਆਂ ਸੜਦੀਆਂ ਹਨ, ਜਿਨ੍ਹਾਂ ‘ਤੇ ਇਕ ਵਾਰ ਤਾਂ ਜਾਂਚ ਹੁੰਦੀ ਹੈ, ਪਰ ਪਤਾ ਨਹੀਂ ਕਿਉਂ ਜਾਂਚ ਦੇ ਤੁਰੰਤ ਬਾਅਦ ਹੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਜਾਂਚ ਕੰਪਲੀਟ ਹੋ ਗਈ ਅਤੇ ਇਸ ਕੇਸ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਬਾ-ਇੱਜਤ ਬਰੀ ਹੋ ਗਏ। ਅਜਿਹਾ ਕਿਵੇਂ ਹੋ ਜਾਂਦਾ ਹੈ? ਵੇਖਿਆ ਜਾਵੇ ਤਾਂ ਇਕ ਗੁਦਾਮ ਦੀ ਚੌਕੀਦਾਰਾਂ ਦੇ ਵਲੋਂ ਰੱਖਿਆ ਕੀਤੀ ਜਾਂਦੀ ਹੈ, ਸਾਰਾ ਸਾਰ ਸਾਂਭ ਸੰਭਾਲ ਕੀਤੀ ਜਾਂਦੀ ਹੈ। ਪਰ ਆਖਰ ‘ਤੇ ਸਾਲ ਦੇ ਅੰਦਰ ਵਿਚ ਇਹ ਕਹਿ ਦਿੱਤਾ ਜਾਵੇ ਕਿ ਗੁਦਾਮ ਵਿਚ ਅੱਗ ਲੱਗ ਗਈ ਤਾਂ ਕਿੰਨੀਂ ਹੈਰਾਨੀ ਹੋਵੇਗੀ? ਸਾਰਾ ਸਾਲ ਤਾਂ ਭੋਰਾ ਵੀ ਗੁਦਾਮਾਂ ਵਿਚ ਪਈ ਕਣਕ ਨੂੰ ‘ਆਂਚ’ ਆਈ, ਪਰ ਜਦੋਂ ਸੀਜਨ ਆਇਆ ਤਾਂ ਸੜ ਬਲ ਗਈ। ਗੁਦਾਮਾਂ ਦੇ ਵਿਚ ਸੜਦੀ ਕਣਕ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਹੈ। ਬੀਤੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕੇ ਗੁਰੂਹਰਸਹਾਏ ਦੇ ਅੰਦਰ ਰਾਜਾ ਫੂਡ ਸ਼ੈਲਰ ਵਿਚ ਅੱਗ ਲੱਗਣ ਕਾਰਨ ਪਨਸਪ ਵਿਭਾਗ ਦੀ ਸਟੋਰ ਕੀਤੀ ਕਰੀਬ 22 ਹਜ਼ਾਰ ਗੱਟੇ ਕਣਕ ਅੱਗ ਦੀ ਭੇਂਟ ਚੜ ਗਈ। ਦੋਸਤੋਂ, ਵੇਖਿਆ ਜਾਵੇ ਤਾਂ 22 ਹਜ਼ਾਰ ਗੱਟੇ ਮੂੰਹ ਨਾਲ ਕਹਿ ਦੇਣੇ ਤਾਂ ਕਾਫੀ ਜ਼ਿਆਦਾ ਹਨ, ਪਰ ਜੇਕਰ ਇਨ੍ਹਾਂ 22 ਹਜ਼ਾਰਾਂ ਗੱਟਿਆਂ ਨੂੰ ਗਰੀਬਾਂ ਦੇ ਮੂੰਹ ਵਿਚ ਘੱਲਿਆ ਜਾਵੇ ਤਾਂ ਕਈ ਭੁੱਖਿਆਂ ਦੇ ਢਿੱਡ ਭਰ ਸਕਦੇ ਹਨ। ਚਲੋਂ..ਖੈਰ.!!! ਆਪਾ ਗੱਲ ਸੜੇ ਅਨਾਜ਼ ਦੀ ਹੀ ਕਰਦੇ ਹਾਂ। ਰਾਜਾ ਫੂਡ ਸ਼ੈਲਰ ਵਿਚ ਰੱਖੀ ਪਨਸਪ ਵਿਭਾਗ ਦੀ ਕਣਕ ਦੇ ਸੜ ਜਾਣ ਦੀ ਸੂਚਨਾ ਜਿਵੇਂ ਹੀ ਡੀਐਮ ਪਨਸਪ ਫਿਰੋਜ਼ਪੁਰ ਦੀਪਕ ਸਰਵਨ ਨੂੰ ਲੱਗੀ ਤਾਂ ਉਹ ਤੁਰੰਤ ਆਪਣੀ ਪੂਰੀ ਟੀਮ ਸਮੇਤ ਉਕਤ ਘਟਨਾ ਸਥਾਨ ‘ਤੇ ਪਹੁੰਚ ਗਏ ਅਤੇ ਜਲਦੀ ਜਲਦੀ ਫਾਇਰ ਬ੍ਰਿਗੇਡ ਵਾਲਿਆਂ ਨੂੰ ਮੌਕੇ ‘ਤੇ ਬੁਲਾਇਆ। ਦੱਸਿਆ ਜਾਂਦਾ ਹੈ ਕਿ ਅੱਗ ‘ਤੇ ਕਾਬੂ ਪਾਉਣ ਲਈ ਫਿਰੋਜ਼ਪੁਰ, ਜਲਾਲਾਬਾਦ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਆਦਿ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ, ਜਿਨ੍ਹਾਂ ਦੇ ਵਲੋਂ ਅੱਗ ‘ਤੇ ਕਾਬੂ ਪਾਇਆ ਗਿਆ। ਦੋਸਤੋਂ, ਜੇਕਰ ਇਸ ਕੇਸ ਦੇ ਤਹਿ ਤੱਕ ਨਿਗਾਹ ਮਾਰੀਏ ਤਾਂ ਇੰਝ ਜਾਪਦਾ ਹੈ ਕਿ ਇਕ ਬੰਦ ਗੁਦਾਮ ਦੇ ਵਿਚ ਅੱਗ ਕਿਵੇਂ ਲੱਗ ਸਕਦੀ ਹੈ? ਭਾਵੇਂ ਹੀ ਕੁਝ ਕਰਮਚਾਰੀਆਂ ਦੇ ਵਲੋਂ ਇਸ ਦਾ ਦੋਸ਼ੀ ਕੁਝ ਕੁ ਲੇਬਰ ਵਾਲਿਆਂ ਨੂੰ ਠਹਿਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਵਲੋਂ ਬੀੜੀ ਪੀ ਕੇ ਸੁੱਟ ਜਾਣ ਕਾਰਨ ਲੱਗੀ ਹੈ। ਪਰ ਇਥੇ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਬੀੜੀ ਦੇ ਨਾਲ ਇੰਨੀਂ ਵੱਡੀ ਭਿਆਨਕ ਅੱਗ ਕਿਵੇਂ ਲੱਗ ਸਕਦੀ ਹੈ? ਕੁਝ ਬੁੱਧੀਜੀਵੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹਰ ਸਾਲ ਪੰਜਾਬ ਦੇ ਵੱਖ ਵੱਖ ਗੁਦਾਮਾਂ ਦੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਦੇ ਨਾਲ ਸੈਂਕੜੇ ਹੀ ਅਨਾਜ਼ ਦੀਆਂ ਬੋਰੀਆਂ ਸੜ ਕੇ ਸੁਆਹ ਹੋ ਜਾਂਦੀਆਂ ਹਨ। ਪਰ ਇਨ੍ਹਾਂ ਕੇਸਾਂ ‘ਤੇ ਕਦੇ ਵੀ ਕਿਸੇ ਅਧਿਕਾਰੀਆਂ ਦੇ ਵਲੋਂ ਗਹਿਰਾਈਆਂ ਨਾਲ ਨਹੀਂ ਜਾਇਆ ਗਿਆ। ਕਦੇ ਵੀ ਇਹ ਸਵਾਲ ਨਹੀਂ ਕੀਤਾ ਜਾਂਦਾ ਕਿ ਗੁਦਾਮ ਦੇ ਅੰਦਰ ਰੱਖੀ ਕਣਕ ਸਬੰਧੀ ਕੋਈ ਮੁਲਾਜ਼ਮ ਕਿਵੇਂ ਅਣਗਹਿਲੀ ਵਰਤ ਸਕਦਾ ਹੈ? ਆਖਿਰ ਐਡੀਂ ਵੱਡੀ ਅਣਗਹਿਲੀ ਕਿਵੇਂ ਕਰ ਸਕਦੇ ਹਨ ਕਰਮਚਾਰੀ ਜਾਂ ਫਿਰ ਅਧਿਕਾਰੀ? ਹਰ ਵਾਰ ਇਹ ਹੀ ਆਖਿਆ ਜਾਂਦਾ ਹੈ ਕਿ ਅਚਾਨਕ ਅੱਗ ਲੱਗ ਗਈ, ਪਰ ਅਚਾਨਕ ਵੀ ਅੱਗ ਕਿਵੇਂ ਲੱਗ ਸਕਦੀ ਹੈ, ਜਦੋਂ ਗੁਦਾਮ ਦੇ ਵਿਚ ਬਿਜਲੀ ਦਾ ਜੋੜ ਵੀ ਇਕ ਨਾ ਹੋਵੇ? ਦੋਸਤੋਂ, ਗੁਰੂਹਰਸਹਾਏ ਦੇ ਗੁਦਾਮ ਵਿਚ ਲੱਗੀ ਅਨਾਜ਼ ਨੂੰ ਅੱਗ ਕਿਤੇ ਨਾ ਕਿਤੇ ਸਿਆਸੀ ਜਾਂ ਫਿਰ ਉਚ ਅਧਿਕਾਰੀਆਂ ਦੇ ਭ੍ਰਿਸ਼ਟ ਹੋਣ ਦਾ ਸਬੂਤ ਜਰੂਰ ਦੇਵੇਗੀ, ਪਰ ਵਕਤ ਆਉਣ ‘ਤੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਤੇ ਜਾਂਚ ਵਿਚ ਕੋਈ ਲੇਬਰ ਵਾਲਾ ਗਰੀਬ ਨਾ ਰਗੜਿਆ ਜਾਵੇ? ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਬਣਦੈ? 

2 COMMENTS

Comments are closed.