ਲਗਾਤਾਰ ਭਾਰਤੀ ਮੀਡੀਆ ਦੇ ਵੱਲੋਂ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਨੂੰ ਬਿਨਾਂ ਕਿਸੇ ਸਬੂਤ ਤੋਂ ਦੇਸ਼ ਵਿਰੋਧੀ ਅਤੇ ਦੇਸ਼ ਧਰੋਹੀ ਐਲਾਨਿਆਂ ਜਾ ਰਿਹਾ ਹੈ। ਜਿਸ ਦੇ ਕਾਰਨ ਇਨਕਲਾਬੀਆਂ ਕ੍ਰਾਂਤੀਕਾਰੀਆਂ ਦੇ ਵਿੱਚ ਕਾਫ਼ੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਵੇਲੇ ਭਾਰਤੀ ਮੀਡੀਆ ਦੀ ਦਿਸ਼ਾ ਦੁਨੀਆਂ ਭਰ ਦੇ ਵਿੱਚ ਖ਼ਰਾਬ ਹੋ ਚੁੱਕੀ ਹੈ। ਕਿਉਂਕਿ ਭਾਰਤੀ ਮੀਡੀਆ ਦੇ ਵੱਲੋਂ ਲੋਕਾਂ ਦੀ ਗੱਲ ਨਾ ਕਰਕੇ, ਸਰਕਾਰ ਦੀ ਬੋਲੀ ਬੋਲ ਕੇ ਲੋਕ ਮੁੱਦੇ ਨੂੰ ਖਤਮ ਕਰਕੇ ਅਤੇ ਘੱਟ ਗਿਣਤੀਆਂ ਉੱਪਰ ਕਹਿਰ ਢਾਹਿਆ ਜਾ ਰਿਹਾ ਹੈ। ਨੈਸ਼ਨਲ ਚੈਨਲਾਂ ‘ਤੇ ਹਮੇਸ਼ਾਂ ਹੀ ਘੱਟ ਗਿਣਤੀਆਂ ਅਤੇ ਮੁਸਲਮਾਨਾਂ ਦੇ ਵਿਰੁੱਧ ਨਫਰਤ ਚਲਾਈ ਜਾਂਦੀ ਹੈ। ਭਾਰਤ ਵਿੱਚ ਰਹਿ ਰਹੇ ਮੁਸਲਮਾਨਾਂ ਨੂੰ ਅਜਿਹਾ ਕਿਹਾ ਜਾਂਦਾ ਹੈ ਕਿ ਜਿਵੇਂ ਉਹ ਭਾਰਤ ਵਿੱਚ ਰਹਿ ਕੇ ਕਿਸੇ ਤਰੀਕੇ ਦਾ ਗੁਨਾਹ ਕਰ ਰਹੇ ਹਨ। ਜਦੋਂ ਕਿ ਆਜ਼ਾਦੀ ਸੰਗਰਾਮ ਵੇਲੇ ਮੁਸਲਮਾਨਾਂ, ਸਿੱਖਾਂ ਅਤੇ ਦਲਿਤ ਭਾਈਚਾਰੇ ਵੱਲੋਂ ਆਪਣੀਆਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਸਨ। ਦੱਸ ਦਈਏ ਕਿ ਭਾਰਤੀ ਮੀਡੀਆ ਦੇ ਵੱਲੋਂ ਸਮੂਹ ਮੁਸਲਮਾਨਾਂ ਨੂੰ ਬਦਨਾਮ ਕਰਨਾ ਠੀਕ ਨਹੀਂ ਹੈ, ਕਿਉਂਕਿ ਹਰ ਤਬਕੇ ਦੇ ਵਿੱਚ ਹੀ ਕੋਈ ਨਾ ਕੋਈ ਲੋਕ ਅਜਿਹੇ ਹੁੰਦੇ ਹਨ ਜੋ ਬਹੁਤ ਹੀ ਮਾੜੇ ਕੰਮ ਕਰਦੇ ਹਨ ਪਰ ਫਿਰ ਵੀ ਸਰਕਾਰ ਉਨ੍ਹਾਂ ਦੀ ਪਿੱਠ ਥਾਪੜਦੀ ਹੈ। ਮਿਸਾਲ ਦੇ ਤੌਰ ਤੇ ਆਰਐਸਐਸ, ਹਿੰਦੂ ਦਲ, ਹਿੰਦੂ ਰੱਖਿਆ ਦਲ ਅਤੇ ਸ਼ਿਵ ਸੈਨਾ ਆਦਿ, ਇਹ ਸਭ ਉਹ ਜੱਥੇਬੰਦੀਆਂ ਹਨ ਜਿਨਾਂ ਨੂੰ ਸਰਕਾਰ ਦਾ ਥਾਪੜਾ ਹੈ। ਭਾਰਤੀ ਮੀਡੀਆ ਦੇ ਵੱਲੋਂ ਹਮੇਸ਼ਾਂ ਹੀ ਇਨ੍ਹਾਂ ਸਰਕਾਰ ਦੇ ਧੜਿਆਂ ਦਾ ਸਾਥ ਦਿੱਤਾ ਜਾਂਦਾ ਹੈ, ਜਿਸ ਦੇ ਕਾਰਨ ਹਮੇਸ਼ਾ ਹੀ ਲੋਕ ਮੁੱਦਿਆਂ ਉੱਪਰ ਮਿੱਟੀ ਪਾਈ ਜਾਂਦੀ ਰਹੀ ਹੈ ਅਤੇ ਹਿੰਦੂਆਂ ਦਾ ਹੀ ਰਾਜ ਭਾਰਤ ਵਿੱਚ ਲਿਆਉਣ ਦੀ ਗੱਲ ਕੀਤੀ ਜਾਂਦੀ ਰਹੀ ਹੈ। ਹਿੰਦੂ ਰਾਸ਼ਟਰ ਦੀ ਗੱਲ ਕਰੀਏ ਤਾਂ ਆਰਐਸਐਸ ਵੱਲੋਂ ਪਿਛਲੇ ਕਰੀਬ 95ਵੇਂ ਸਾਲਾਂ ਤੋਂ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਗੋਦੀ ਮੀਡੀਆ ਦੇ ਵੱਲੋਂ ਸਰਕਾਰ ਦੀ ਬੋਲੀ ਜਿੱਥੇ ਬੋਲ ਕੇ ਮੁਸਲਮਾਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ, ਉਥੇ ਹੀ ਘੱਟ ਗਿਣਤੀਆਂ ਦਲਿਤਾਂ ਸਿੱਖਾਂ ਅਤੇ ਹੋਰ ਵਰਗਾਂ ਉਪਰ ਵੀ ਸ਼ਬਦੀ ਅਤਿਆਚਾਰ ਢਾਹਿਆ ਜਾ ਰਿਹਾ ਹੈ। ਗੋਦੀ ਮੀਡੀਆ ਸਰਕਾਰ ਦੀ ਉਹ ਫ਼ੌਜ ਹੈ, ਜੋ ਆਪਣੇ ਮੂੰਹ ਦੇ ਨਾਲ ਅਜਿਹੀ ਬੋਲੀ ਬੋਲਦੇ ਹਨ, ਜਿਸ ਦੇ ਨਾਲ ਨਫਰਤ ਪੈਦਾ ਹੁੰਦੀ ਹੈ ਅਤੇ ਦੇਸ਼ ਦੇ ਅੰਦਰ ਜੰਗ ਵਰਗੇ ਮਾਹੌਲ ਪੈਦਾ ਹੁੰਦੇ ਹਨ। ਜੇਕਰ ਲੰਘੇ ਸਾਲ 2019 ਦੇ ਫਰਵਰੀ ਮਹੀਨੇ ਤੇ ਨਿਗ੍ਹਾ ਮਾਰੀਏ ਤਾਂ ਫਰਵਰੀ ਵਿੱਚ ਪੁਲਵਾਮਾ ਵਿਖੇ ਸੀਆਰਪੀਐਫ ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ਨੇ ਪੂਰੀ ਹੀ ਦੁਨੀਆਂ ਦਹਿਲਾ ਕੇ ਰੱਖ ਦਿੱਤੀ ਸੀ। ਕਿਉਂਕਿ ਇਸ ਦੌਰਾਨ ਕਰੀਬ 42 ਸੀਆਰਪੀਐਫ ਦੇ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦਾ ਦੋਸ਼ ਵੀ ਪਾਕਿਸਤਾਨ ਉੱਪਰ ਹੀ ਮੜਿਆ ਗਿਆ ਸੀ। ਬੇਸ਼ੱਕ ਇਹ ਹਮਲਾ ਦੇ ਬਾਰੇ ਵਿਚ ਹਾਲੇ ਜਾਂਚ ਚੱਲ ਰਿਹਾ, ਪਰ ਗੋਦੀ ਮੀਡੀਆ ਦੇ ਵੱਲੋਂ ਇਸ ਹਮਲੇ ਦਾ ਸਿਧੇ ਤੌਰ ਤੇ ਦੋਸ਼ੀ ਪਾਕਿਸਤਾਨ ਨੂੰ ਠਹਿਰਾਇਆ ਗਿਆ, ਪਰ ਹੁਣ ਵੀ ਉਕਤ ਮਾਮਲੇ ਦੀ ਜਾਂਚ ਜਾਰੀ ਹੈ। 2019 ਵਿਚ ਦੇ ਆਖਰੀ ਮਹੀਨੇ ਮੋਦੀ ਸਰਕਾਰ ਦੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਲਿਆਂਦਾ ਗਿਆ, ਜਿਸ ਦਾ ਪੂਰੇ ਭਾਰਤ ਦੇ ਵਿੱਚ ਵਿਰੋਧ ਹੋਇਆ। ਕਿਉਂਕਿ ਇਹ ਨਾਗਰਿਕਤਾ ਸੋਧ ਕਾਨੂੰਨ ਕਿਸੇ ਇੱਕ ਤਬਕੇ ਨਹੀਂ, ਬਲਕਿ ਸਮੂਹ ਤਬਕਿਆਂ ਦਾ ਵਿਰੋਧੀ ਕਾਨੂੰਨ ਸੀ। ਇਸ ਕਾਨੂੰਨ ਦੇ ਵਿੱਚ ਮੁਸਲਮਾਨ ਭਾਈਚਾਰੇ ਨੂੰ ਬਾਹਰ ਰੱਖਿਆ ਗਿਆ ਸੀ, ਜਦੋਂ ਕਿ ਹਿੰਦੂਆਂ ਅਤੇ ਹੋਰਨਾਂ ਧਰਮਾਂ ਦੇ ਲੋਕਾਂ ਨੂੰ ਇਸ ਕਾਨੂੰਨ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ। ਇਸ ਕਾਨੂੰਨ ਦਾ ਕਹਿਣਾ ਵਿਰੋਧ ਭਾਰਤ ਦੇ ਤਕਰੀਬਨ ਸਾਰੇ ਹੀ ਸੂਬਿਆਂ ਵਿੱਚ ਹੋਇਆ। ਇਸ ਕਾਨੂੰਨ ਨੂੰ ਲਾਗੂ ਵੀ ਸਰਕਾਰ ਵੱਲੋਂ ਕਰ ਦਿੱਤਾ ਗਿਆ ਹੈ। ਪਰ ਇੱਥੇ ਵੀ ਮੁਸਲਮਾਨ ਭਾਈਚਾਰੇ ਦੇ ਨਾਲ ਵਿਤਕਰਾ ਹੋ ਰਿਹਾ ਹੈ। ਮੁਸਲਮਾਨ ਭਾਈਚਾਰੇ ਨਾਲ ਇੱਥੋਂ ਤੱਕ ਵਿਤਕਰਾ ਹੋਇਆ ਕਿ ਸਰਕਾਰ ਦੇ ਵੱਲੋਂ ਜੋ ਵੀ ਬਿਆਨਬਾਜ਼ੀ ਕੀਤੀ ਗਈ, ਉਸ ਦਾ ਗੋਦੀ ਮੀਡੀਆ ਵੱਲੋਂ ਪੂਰਾ ਪੱਖ ਪੂਰਿਆ ਗਿਆ, ਜਦੋਂ ਕਿ ਮੀਡੀਆ ਨੂੰ ਦੋ ਤਰਫਾ ਗੱਲ ਕਰਨੀ ਚਾਹੀਦੀ ਸੀ। ਪਰ ਭਾਰਤੀ ਮੀਡੀਆ ਜੋ ਕਿ ਗੋਦੀ ਮੀਡੀਆ ਹੈ, ਇਸ ਦੇ ਵੱਲੋਂ ਸਿਰਫ ਤੇ ਸਿਰਫ ਸਰਕਾਰ ਦਾ ਹੀ ਬਿਆਨ ਛਾਪਿਆ ਗਿਆ। ਜਦੋਂ ਕਿ ਮੁਸਲਮਾਨ ਭਾਈਚਾਰੇ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ। ਹਮੇਸ਼ਾਂ ਹੀ ਮੁਸਲਮਾਨਾਂ ਦੇ ਵਿਰੁੱਧ ਅਤੇ ਦਲਿਤਾਂ ਦੇ ਵਿਰੁੱਧ ਬੋਲਣ ਵਾਲਾ ਗੋਦੀ ਮੀਡੀਆ ਇਸ ਵੇਲੇ ਇਸ ਕਗਾਰ ਤੇ ਪਹੁੰਚ ਚੁੱਕਿਆ ਹੈ ਕਿ ਉਹ ਮੋਦੀ ਹੁਰਾਂ ਦੇ ਤਲਵੇ ਚੱਟ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਹਮੇਸ਼ਾਂ ਹੀ ਦੇਸ਼ ਦੇ ਅੰਦਰ ਅਜਿਹੇ ਫ਼ਿਰਕੂ ਮੁੱਦੇ ਪੈਦਾ ਕੀਤੇ ਜਾਂਦੇ ਰਹੇ ਹਨ, ਜਿਸ ਦੇ ਨਾਲ ਹਮੇਸ਼ਾਂ ਹੀ ਗਰੀਬਾਂ ਅਤੇ ਦਲਿਤਾਂ ਦਾ ਨੁਕਸਾਨ ਹੁੰਦਾ ਰਿਹਾ ਹੈ। ਆਰਐਸਐਸ ਜੋ ਕਿ ਭਾਜਪਾ ਦੀ ਇੱਕ ਅਜਿਹੀ ਜਥੇਬੰਦੀ ਹੈ, ਜਿਸ ਦੇ ਵੱਲੋਂ ਹਮੇਸ਼ਾਂ ਮੁਸਲਮਾਨਾਂ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਜਾਂਦੀ ਰਹੀ ਹੈ। ਇਸ ਕਾਰਨ ਮੁਸਲਮਾਨ ਭਾਈਚਾਰਾ ਕਾਫੀ ਜ਼ਿਆਦਾ ਲੰਮੇ ਸਮੇਂ ਤੋਂ ਨਾਰਾਜ਼ ਚੱਲਿਆ ਰਿਹਾ ਹੈ ਅਤੇ ਉਹ ਸਰਕਾਰ ਦੇ ਵਿਰੁੱਧ ਬੋਲਦਾ ਰਿਹਾ ਹੈ। ਇਨਕਲਾਬੀ ਧਿਰਾਂ ਜੇਕਰ ਭਾਰਤ ਅੰਦਰ ਰਹਿੰਦੇ ਮੁਸਲਮਾਨ ਭਾਈਚਾਰੇ ਦਾ ਸਾਥ ਵੀ ਦਿੰਦੀਆਂ ਤਾਂ ਗੋਦੀ ਮੀਡੀਆ ਅਤੇ ਸਰਕਾਰ ਦੇ ਵੱਲੋਂ ਉਨ੍ਹਾਂ ਨੂੰ ਅੱਤਵਾਦੀ ਵੱਖਵਾਦੀ ਅਤੇ ਦੇਸ਼ ਧਰੋਹੀ ਵਰਗੇ ਨਾਵਾਂ ਨਾਲ ਪੁਕਾਰਿਆ ਜਾਂਦਾ ਰਿਹਾ ਹੈ।
ਭਾਰਤ ਦੇ ਅੰਦਰ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਵਿਦਿਆਰਥੀ ਜਥੇਬੰਦੀਆਂ ਦੇ ਵੱਲੋਂ ਵੀ ਕੀਤਾ ਗਿਆ, ਪਰ ਗੋਦੀ ਮੀਡੀਆ ਦੇ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ਧ੍ਰੋਹੀ, ਦੇਸ਼ ਵਿਰੋਧੀ ਅਤੇ ਵੱਖਵਾਦੀ ਪੁਕਾਰਿਆ ਗਿਆ, ਜਦੋਂ ਕਿ ਗੋਦੀ ਮੀਡੀਆ ਨੂੰ ਵੀ ਚਾਹੀਦਾ ਸੀ ਕਿ ਉਹ ਸੰਘਰਸ਼ ਕਰਨ ਵਾਲੇ ਵਿਦਿਆਰਥੀਆਂ ਦਾ ਪੱਖ ਸੁਣਦੇ। ਪਰ ਆਰਐਸਐਸ ਅਤੇ ਬੀਜੇਪੀ ਦੀ ਜਥੇਬੰਦੀ ਏ ਬੀ ਵੀ ਪੀ ਦੇ ਨਾਲ ਮਿਲ ਕੇ ਹਮੇਸ਼ਾਂ ਹੀ ਵਿਦਿਆਰਥੀਆਂ ਅਤੇ ਅੱਤਿਆਚਾਰ ਹੁੰਦਾ ਰਿਹਾ ਹੈ। ਦਿੱਲੀ ਪੁਲਸ ਦੇ ਵੱਲੋਂ ਸ਼ਰੇਆਮ ਏਬੀਵੀਪੀ ਅਤੇ ਆਰਐਸਐਸ ਦੇ ਨਾਲ ਮਿਲ ਕੇ ਸਟੂਡੈਂਟਸ ਨੂੰ ਕੁੱਟਿਆ ਮਾਰਿਆ ਗਿਆ ਅਤੇ ਗੰਭੀਰ ਸੱਟਾਂ ਵੀ ਮਾਰੀਆਂ ਗਈਆਂ, ਪਰ ਕੇਂਦਰ ਦੀ ਮੋਦੀ ਸਰਕਾਰ ਨੇ ਇਸ ਤੇ ਐਕਸ਼ਨ ਲੈਣ ਦੀ ਬਜਾਏ, ਜਿਨ੍ਹਾਂ ਸਟੂਡੈਂਟਸ ਨੂੰ ਏਬੀਵੀਪੀ ਅਤੇ ਪੁਲਿਸ ਦੇ ਵੱਲੋਂ ਸ਼ਰੇਆਮ ਕੁੱਟਿਆ ਗਿਆ, ਉਨ੍ਹਾਂ ਦੇ ਵਿਰੁੱਧ ਹੀ ਕਾਰਵਾਈ ਕਰ ਦਿੱਤੀ ਗਈ। ਇਹ ਗੱਲ ਇੱਥੇ ਹੀ ਨਹੀਂ ਮੁੱਕਦੀ ਇਸ ਵੇਲੇ ਜੋ ਕਰੋਨਾ ਵਾਇਰਸ ਪੂਰੀ ਦੁਨੀਆਂ ਦੇ ਵਿੱਚ ਫੈਲਿਆ ਹੋਇਆ ਹੈ। ਪਰ ਗੋਦੀ ਮੀਡੀਆ ਵਲੋਂ ਕਰੋਨਾ ਨੂੰ ਵੀ ਮੁਸਲਮਾਨ ਭਾਈਚਾਰੇ ਦੇ ਨਾਲ ਜੋੜਿਆ ਜਾ ਰਿਹਾ ਹੈ। ਗੋਦੀ ਮੀਡੀਆ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਤਬਲੀਕੀ ਜਮਾਤ ਦੇ ਵੱਲੋਂ ਹੀ ਇਹ ਕਰੋਨਾ ਵਾਇਰਸ ਭਾਰਤ ਦੇ ਅੰਦਰ ਲਿਆਂਦਾ ਗਿਆ ਹੈ। ਜਿਸ ਦੇ ਕਾਰਨ ਵੱਡੇ ਪੱਧਰ ਤੇ ਭਾਰਤ ਦੇ ਅੰਦਰ ਕੇਸ ਕਰਨਾ ਵਾਇਰਸ ਤੇ ਹੋਏ ਹਨ। ਸਿੱਧੇ ਤੌਰ ਤੇ ਕਹਿ ਲਈਏ ਕਿ ਗੋਦੀ ਮੀਡੀਆ ਦੇ ਵੱਲੋਂ ਇਸ ਵੇਲੇ ਮੁਸਲਮਾਨਾਂ ਨੂੰ ਹੀ ਵਾਇਰਸ ਕਰੋਨਾ ਕਹਿ ਕੇ ਪੁਕਾਰਿਆ ਜਾ ਰਿਹਾ ਹੈ, ਜਿਸ ਦੇ ਕਾਰਨ ਮੁਸਲਮਾਨ ਭਾਈਚਾਰਾ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਅਤੇ ਦੁਖੀ ਨਜ਼ਰ ਆ ਰਿਹਾ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੋਦੀ ਮੀਡੀਆ ਨੇ ਸਾਨੂੰ ਗੱਜ-ਵੱਜ ਕੇ ਇਹ ਤਾਂ ਦੱਸ ਦਿਤਾ ਕਿ ਨਿਜਾਮੁਦੀਨ ਰੁਕੇ ਤਬਲੀਗੀ ਜਮਾਤ ਦੇ ਮੁਸਲਮਾਨਾਂ ‘ਚ ਕਰੋਨਾਵਾਇਰਸ ਪਾਜ਼ਿਟਿਵ ਪਾਇਆ ਗਿਆ ਸੀ, ਪਰ ਉਹਨਾ ‘ਚੋਂ ਸੱਤ ਹਜ਼ਾਰ ਤੋਂ ਵੱਧ ਕਰੋਨਾ ਵਾਇਰਸ ਨੈਗੇਟਿਵ ਆਏ ਹਨ, ਇਹ ਕਿਸੇ ਟੀ.ਵੀ ਚੈਨਲ ਦੀ ਸੁਰਖੀ ਕਿਉਂ ਨਾ ਬਣ ਸਕੀ? ਕਿਉਂ ਨਾ ਇਸ ਨੂੰ ਵੀ ਗੱਜ-ਵੱਜ ਕੇ ਪ੍ਰਚਾਰਿਆ ਗਿਆ? ਮਕਸਦ ਸਾਫ਼ ਹੈ ਕਿ ਸਰਕਾਰ ਦੀਆਂ ਨਕਾਮੀਆਂ ‘ਤੇ ਪਰਦਾ ਪਾਕੇ, ਮੁਸਲਮਾਨ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਈ ਜਾਵੇ। ਸਰਕਾਰਾਂ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਦੇ ਕੋਈ ਠੋਸ ਕਦਮ ਚੁੱਕਣ ਦੀ ਬਜਾਏ, ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਵੰਡਣ ‘ਤੇ ਆਪਣਾ ਪੂਰਾ ਜ਼ੋਰ ਲਾ ਰਹੀਆਂ ਹਨ। ਚਾਰੇ ਪਾਸੇ ਅਫਵਾਹਾਂ ਰਾਹੀਂ ਕਿਹਾ ਜਾ ਰਿਹਾ ਹੈ ਕਿ ਤਬਲੀਗੀ ਜਮਾਤ ਦੇ ਮੁਸਲਿਮ ਹੀ ਭਾਰਤ ਨੂੰ ਬਰਬਾਦ ਕਰਨ ਦੇ ਇਰਾਦੇ ਨਾਲ਼ ਕਰੋਨਾ ਲੈ ਕੇ ਆਏ ਨੇ, ਇਸ ਲਈ ਜੇ ਤੁਹਾਡੇ ਆਲੇ ਦੁਆਲੇ ਮੁਸਲਿਮ ਹੈ ਤਾਂ ਬਚ ਕੇ ਰਹੋ। ਗੋਦੀ ਮੀਡੀਆ ਲਗਾਤਾਰ ਫਿਰਕੂ ਨਫ਼ਰਤ ਦਾ ਜ਼ਹਿਰ ਪਰੋਸ ਰਿਹਾ ਅਤੇ ਇਸ ਫਿਰਕੂ ਨਫ਼ਰਤ ਨੂੰ ਲੋਕ ਮਨਾਂ ਵਿੱਚ ਵਸਾਉਣ ‘ਚ ਇਹ ਇੱਕ ਹੱਦ ਤੱਕ ਕਾਮਯਾਬ ਵੀ ਹੋਏ ਨੇ। ਸਾਥੀਓ, ਤੁਸੀਂ ਜਾਣਦੇ ਹੋਵੋਂਗੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਵੀ ਗੁੱਜਰ ਭਾਈਚਾਰੇ ਖਿਲਾਫ ਪਿੰਡਾਂ ‘ਚ ਪ੍ਰਚਾਰ ਕੀਤਾ ਜਾ ਰਿਹਾ ਕਿ, ਇਹਨਾਂ ਨਾਲ ਪਿੰਡ ਦੇ ਲੋਕ ਆਪਣਾ ਸਬੰਧ ਤੋੜ ਦੇਣ। ਕਿਉਂਕਿ ਉਹ ਦੁੱਧ ‘ਚ ਥੁੱਕ ਸੁੱਟ ਕੇ ਕਰੋਨਾ ਫੈਲਾ ਰਹੇ ਹਨ ਅਤੇ ਕਈ ਪਿੰਡਾਂ ‘ਚ ਬਾਈਕਾਟ ਵੀ ਹੋਇਆ। ਇਵੇਂ ਹੀ ਦਿੱਲੀ, ਉੱਤਰਾਖੰਡ, ਯੂ.ਪੀ. ‘ਚ ਮੁਸਲਿਮ ਭਾਈਚਾਰੇ ਨੂੰ ਸਬਜ਼ੀਆਂ ਵੇਚਣ ਤੋਂ ਜਬਰੀ ਹਟਾ ਰਹੇ ਨੇ, ਕਰਨਾਟਕ ‘ਚ ਤਾਂ ਇੱਥੋਂ ਤੱਕ ਕਿ ਪਿੰਡਾਂ ‘ਚ ਪੰਚਾਇਤ ਪੱਧਰ ‘ਤੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਜੇ ਉਹਨਾਂ ‘ਚੋਂ ਕੋਈ ਕਿਸੇ ਵੀ ਮੁਸਲਿਮ ਭਾਈਚਾਰੇ ਦੇ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਬੰਧ ਰੱਖਦਾ ਹੈ ਤਾਂ ਉਹਨਾਂ ਨੂੰ ਜੁਰਮਾਨਾਂ ਕੀਤਾ ਜਾਵੇਗਾ। ਲੋਕਾਂ ਵਿੱਚ ਕਰੋਨਾ ਦੇ ਡਰ ਨੂੰ ਸੰਘ-ਭਾਜਪਾ ਦੁਆਰਾ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਣ ਲਈ ਵਰਤਿਆ ਜਾ ਰਿਹਾ। ਲੋੜ ਹੈ ਕਿ ਇਸ ਔਖੀ ਘੜੀ, ਅਸੀਂ ਆਪਸੀ ਭਾਈਚਾਰਕ ਸਾਂਝ ਰਾਹੀਂ ਹਾਕਮਾਂ ਦੀਆਂ ਲੋਕਾਂ ਨੂੰ ਲੋਕਾਂ ਖਿਲਾਫ਼ ਖੜ੍ਹੇ ਕਰਨ ਦੀਆਂ ਚਾਲਾਂ ਨਾਕਾਮ ਕਰੀਏ ਤੇ ਅਸਲ ਦੋਸ਼ੀ ਇਹਨਾਂ ਸਰਕਾਰਾਂ ਨੂੰ ਕਟਹਿਰੇ ‘ਚ ਖੜ੍ਹਾ ਕਰੀਏ। ਦੱਸ ਦਈਏ ਕਿ ਹਿੰਦੂ ਮੁਸਲਿਮ ਦੀ ਡਿਬੇਟ ਚਲਾਉਣ ਵਾਲਾ ਗੋਦੀ ਮੀਡੀਆ ਇਸ ਵੇਲੇ ਮੁਸਲਮਾਨਾਂ ਦੇ ਵਿਰੁੱਧ ਜੰਮ ਕੇ ਪ੍ਰਚਾਰ ਕਰ ਰਿਹਾ ਹੈ। ਜਦੋਂਕਿ ਬੀਜੇਪੀ ਦੇ ਲੀਡਰ ਜੋ ਕਿ ਸ਼ਰੇਆਮ ਕਰੋਨਾ ਕਰਫਿਊ ਲੱਗੇ ਹੋਣ ਦੇ ਬਾਵਜੂਦ ਇਕੱਠ ਕਰਕੇ ਸ਼ਰੇਆਮ ਗੋਲੀਆਂ ਚਲਾ ਰਹੇ ਹਨ ਅਤੇ ਦੀਵੇ ਮੋਮਬੱਤੀਆਂ ਬਾਲ ਕੇ ਸੜਕਾਂ ਤੇ ਘੁੰਮ ਰਹੇ ਹਨ, ਉਨ੍ਹਾਂ ਦੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਇਸ ਬਾਰੇ ਗੋਦੀ ਮੀਡੀਆ ਕੁਝ ਬੋਲ ਰਿਹਾ ਹੈ। ਇਸੇ ਕਾਰਨ ਆਮ ਲੋਕਾਂ ਵਿਚ ਕਾਫ਼ੀ ਜ਼ਿਆਦਾ ਰੋਸ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਦੂਜੇ ਪਾਸੇ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ ਬੇਸ਼ੱਕ ਇਸ ਵੇਲੇ ਦੁਨੀਆ ਭਰ ਵਿਚ ਬਦਨਾਮ ਕੀਤਾ ਗਿਆ ਹੈ ਕਿ ਪਾਕਿਸਤਾਨ ਅੱਤਵਾਦੀਆਂ ਦਾ ਦੇਸ਼ ਹੈ। ਪਰ ਜੇਕਰ ਪਾਕਿਸਤਾਨ ਦੇ ਹਾਲਾਤ ਵੇਖੀਏ ਤਾਂ ਪਾਕਿਸਤਾਨ ਅੱਤਵਾਦੀਆਂ ਨਹੀਂ, ਬਲਕਿ ਉਨ੍ਹਾਂ ਲੋਕਾਂ ਵਰਗਾ ਹੀ ਦੇਸ਼ ਹੈ ਜੋ ਭਾਰਤ ਦੇ ਅੰਦਰ ਰਹਿੰਦੇ ਹਨ। ਭਾਰਤ ਦੇ ਵਿੱਚ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰਾ ਰਹਿੰਦਾ ਹੈ, ਪਰ ਉਨ੍ਹਾਂ ਨੂੰ ਸਰਕਾਰ ਦੇ ਇਕ ਖ਼ਾਸ ਤਬਕੇ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਵੀ ਸਰਹੱਦ ਉੱਪਰ ਕਿਸੇ ਪ੍ਰਕਾਰ ਦੀ ਕੋਈ ਹਿਲਜੁਲ ਹੁੰਦੀ ਹੈ ਤਾਂ ਸਿੱਧੇ ਤੌਰ ‘ਤੇ ਹੀ ਸਮੂਹ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਭਾਰਤ ਦੇ ਅੰਦਰ ਬੈਠੇ ਕੁਝ ਮੂਰਖਾਂ ਦੇ ਵੱਲੋਂ ਲਗਾਏ ਜਾਂਦੇ ਹਨ ਅਤੇ ਜੰਗ ਲਗਾਉਣ ਦੀ ਗੱਲ ਕੀਤੀ ਜਾਂਦੀ ਰਹੀ ਹੈ। ਪਰ ਜੇਕਰ 1947 ਵੇਲੇ ਤੇ ਝਾਤ ਮਾਰੀਏ ਤਾਂ ਉਸ ਵੇਲੇ ਜੋ ਕੁਝ ਦੇਸ਼ ਦੇ ਅੰਦਰ ਵਾਪਰਿਆ, ਉਸ ਤੋਂ ਕੁਝ ਵੀ ਲੁਕਿਆ ਨਹੀਂ ਹੈ। ਸੰਨ ਸੰਤਾਲੀ ਦੇ ਵਿੱਚ ਦੇਸ਼ ਦਾ ਬਟਵਾਰਾ ਹੋਇਆ ਅਤੇ ਭਾਰਤ ਦੇਸ਼ ਦੇ ਦੋ ਟੁਕੜੇ ਹੋ ਗਏ। ਜੇਕਰ ਹੁਣ ਵੀ ਕੁਝ ਧਿਰਾਂ ਸੋਚਣ ਵਿਚਾਰਨ ਤਾਂ ਭਾਰਤ ਪਾਕਿਸਤਾਨ ਫਿਰ ਤੋਂ ਇੱਕ ਹੋ ਸਕਦੇ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਆਰਐਸਐਸ ਆਦਿ ਕਦੇ ਨਹੀਂ ਚਾਹੁੰਦੀਆਂ ਕਿ ਪਾਕਿਸਤਾਨ ਨਾਲ ਸਾਡਾ ਸਮਝੌਤਾ ਹੋਵੇ ਅਤੇ ਅਸੀਂ ਮਿਲ ਜੁਲ ਕੇ ਰਹੀਏ। ਵੱਡੇ ਪੱਧਰ ਤੇ ਗੋਦੀ ਮੀਡੀਆ ਦੇ ਵੱਲੋਂ ਹੀ ਕੂੜ ਪ੍ਰਚਾਰ ਕਰਕੇ ਮੁਸਲਮਾਨਾਂ ਨੂੰ ਸਾਡਾ ਦੁਸ਼ਮਣ ਬਣਾਇਆ ਜਾਂਦਾ ਰਿਹਾ ਹੈ, ਨਫ਼ਰਤੀ ਪ੍ਰਚਾਰ ਕਰਕੇ ਗੋਦੀ ਮੀਡੀਆ ਹਮੇਸ਼ਾਂ ਹੀ ਬੇਸ਼ੱਕ ਟੀਆਰਪੀ ਬਟੋਰ ਲੈਂਦਾ ਹੈ। ਪਰ ਇੱਕ ਨਾ ਇੱਕ ਦਿਨ ਇਸ ਦਾ ਭਾਂਡਾ ਜ਼ਰੂਰ ਭੰਨਿਆ ਜਾਵੇਗਾ। ਸੋ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਹਿੰਦੂ ਮੁਸਲਿਮ ਦੇ ਨਾਮ ਤੇ ਨਾ ਲੜਨ ਅਤੇ ਮਿਲ ਜੁਲ ਕੇ ਰਹਿਣ। ਕਿਉਂਕਿ ਹਕੂਮਤ ਤਾਂ ਚਾਹੁੰਦੀ ਹੈ ਕਿ ਲੋਕਾਂ ਵਿਚ ਧਰਮ ਜਾਤ ਪਾਤ ਦੇ ਨਾਂਅ ਤੇ ਫਿਕ ਪੈਂਦੀ ਰਹੇ ਅਤੇ ਉਹ ਲੋਕਾਂ ਉਪਰ ਰਾਜ ਕਰਦੀ ਰਹੇ।
ਗੁਰਪ੍ਰੀਤ