ਸਾਡਾ ਦੇਸ਼ ਇਸ ਵੇਲੇ ਭਾਵੇਂ ਹੀ ਲੀਡਰਾਂ ਮੁਤਾਬਿਕ ਸਤਰਾਂ ਛੋਹ ਰਿਹਾ ਹੈ, ਪਰ ਅਸਲ ਸਚਾਈ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਅੰਦਰ ਤਾਂ ਬੱਚਿਆਂ ਨੂੰ ਚੰਗੀ ਵਿੱਦਿਆ ਹੀ ਪ੍ਰਾਪਤ ਨਹੀਂ ਹੋ ਰਹੀ। ਸਾਡੇ ਦੇਸ਼ ਦੇ ਅੰਦਰ ਇੰਨੇ ਕੁ ਜ਼ਿਆਦਾ ਧਾਰਮਿਕ ਸਥਾਨ ਬਣਾਏ ਜਾ ਰਹੇ ਹਨ, ਕਿ ਕੋਈ ਕਹਿਣ ਦੀ ਹੱਦ ਨਹੀਂ। ਇਸ ਵੇਲੇ ਸਾਡੀਆਂ ਸਰਕਾਰਾਂ ਦਾ ਹੁਣ ਸਾਰਾ ਦਾ ਸਾਰਾ ਧਿਆਨ ਧਾਰਮਿਕ ਸਥਾਨਾਂ ਦੇ ਵੱਲ ਹੀ ਚਲਾ ਗਿਆ ਹੈ ਅਤੇ ਸਕੂਲਾਂ ਕਾਲਜਾਂ ਦੀ ਸਥਿਤੀ ਵੱਲ ਕੋਈ ਵੀ ਧਿਆਨ ਨਹੀਂ ਮਾਰ ਰਿਹਾ। ਭਾਰਤ ਦੇ ਕੁਝ ਕੁ ਲੋਕ ਹੀ ਸਕੂਲਾਂ ਕਾਲਜਾਂ ਦੇ ਮੁੱਦਿਆਂ ‘ਤੇ ਬੋਲ ਰਹੇ ਹਨ, ਜਦਕਿ ਭਾਰਤੀ ਮੀਡੀਆ ਬਿਲਕੁਲ ਚੁੱਪੀ ਤਾਣੀ ਬੈਠਾ ਹੈ ਅਤੇ ਲੀਡਰਾਂ ਨੇ ਤਾਂ ਬੋਲਣਾ ਹੀ ਕੀ ਹੈ? ਦੱਸ ਦਈਏ ਕਿ ਇੱਕ ਪਾਸੇ ਤਾਂ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਦੇ ਵੱਲੋਂ ਬੱਚਿਆਂ ਨੂੰ ਚੰਗੀ ਵਿੱਦਿਆ ਪ੍ਰਦਾਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸਰਕਾਰਾਂ ਦੇ ਵੱਲੋਂ ਵਿਦਿਆਰਥੀਆਂ ਕੋਲੋਂ ਵਿੱਦਿਆ ਖੋਹਣ ਦਾ ਤਰੀਕਾ ਵੀ ਨਾਲੋਂ ਨਾਲ ਹੀ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਪੰਜਾਬ ਅਤੇ ਕੇਂਦਰ ਸਰਕਾਰ ਹਮੇਸ਼ਾ ਹੀ ਵਿੱਦਿਆ ਦੇ ਮਾਸਲੇ ‘ਤੇ ਘਿਰਦੀਆਂ ਰਹੀਆਂ ਹਨ, ਪਰ ਸਰਕਾਰ ਦੇ ਵੱਲੋਂ ਸਕੂਲਾਂ ਕਾਲਜਾਂ ਨੂੰ ਚੰਗਾ ਬਣਾਉਣ ਜਾਂ ਫਿਰ ਸਕੂਲਾਂ ਕਾਲਜਾਂ ਦੇ ਅੰਦਰ ਚੰਗੇ ਅਧਿਆਪਕ ਲਿਆਉਣ ਦੇ ਬਾਰੇ ਵਿੱਚ ਕਦੇ ਵੀ ਕੋਈ ਗੱਲ ਨਹੀਂ ਕੀਤੀ ਗਈ। ਇੱਥੋਂ ਤੱਕ ਕਿ ਵੋਟਾਂ ਵੇਲੇ ਤਾਂ ਅਕਾਲੀ, ਭਾਜਪਾ, ਕਾਂਗਰਸ, ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਕਈ ਸਿਆਸੀ ਧਿਰਾਂ ਵੰਨ-ਸੁਵੰਨੇ ਦਾਅਵੇ ਤਾਂ ਕਰਦੀਆਂ ਹਨ, ਪਰ ਜਦੋਂ ਸੱਤਾ ਦਾ ਭੂਤ ਸਵਾਰ ਹੋ ਜਾਂਦਾ ਹੈ ਤਾਂ ਲੀਡਰ ਸਭ ਕੁਝ ਭੁੱਲ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਸਾਡੇ ਭਾਰਤ ਦੇ ਅੰਦਰ ਵਿੱਦਿਆ ਪ੍ਰਾਪਤੀ ਦਾ ਮੁੱਦਾ ਭਾਵੇਂ ਹੀ ਭਾਰਤ ਦੇ ਕੁਝ ਕੁ ਟੀਵੀ ਚੈਨਲਾਂ ਨੇ ਖੂਬ ਵਿਖਾਇਆ ਹੋਵੇ, ਪਰ ਗੋਦੀ ਮੀਡੀਆ ਸਿਰਫ਼ ਤੇ ਸਿਰਫ਼ ਸਰਕਾਰਾਂ ਦੀ ਹੀ ਗੱਲ ਕਰਦਾ ਰਿਹਾ ਹੈ। ਦੱਸ ਦਈਏ ਕਿ ਜੇਕਰ ਭਾਰਤੀ ਮੀਡੀਆ ਚਾਹੇ ਤਾਂ, ਦੇਸ਼ ਦਾ ਨਕਸ਼ਾ ਬਦਲ ਸਕਦਾ ਹੈ, ਪਰ ਭਾਰਤੀ ਮੀਡੀਆ ਤਾਂ ਸਿਰਫ਼ ਸਰਕਾਰਾਂ ਦਾ ਹੀ ਗੁਣਗਾਨ ਕਰਦਾ ਹੈ, ਕਦੇ ਲੋਕਾਂ ਦੇ ਮੁੱਦਿਆਂ ਵੱਲ ਧਿਆਨ ਨਹੀਂ ਦਿੰਦਾ। ਜੇਕਰ ਮੀਡੀਆ ਸਰਕਾਰ ਨੂੰ ਜਗਾਈ ਰੱਖੇ ਤਾਂ ਦੇਸ਼ ਤਰੱਕੀ ਕਰ ਸਕਦਾ ਹੈ। ਪਰ.!! ਭਾਰਤੀ ਮੀਡੀਆ ਦੇ ਅੰਦਰ ਫ਼ਾਲਤੂ ਮੁੱਦਿਆਂ ‘ਤੇ ਡਿਬੇਟ ਹੁੰਦੀ ਹੈ, ਪਰ ਕਦੇ ਵੀ ਵਿੱਦਿਆ ਪ੍ਰਾਪਤ ਦੇ ਅਧਿਕਾਰ ਸਬੰਧੀ ਡਿਬੇਟਾਂ ਨਹੀਂ ਹੋਈਆਂ। ਟੀਆਰਪੀ ਦੇ ਚੱਕਰ ਵਿੱਚ ਕਈ ਮੀਡੀਆ ਅਦਾਰੇ ਅਜਿਹੀਆਂ ਖ਼ਬਰਾਂ ਵਿਖਾਉਂਦੇ ਹਨ ਕਿ ਉਨ੍ਹਾਂ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਬਹੁਤ ਜਲਦ ਹੀ ਸਾਡੇ ਦੇਸ਼ ਦੇ ਅੰਦਰ ਜੰਗ ਲੱਗਣ ਵਾਲੀ ਹੈ। ਭਾਰਤੀ ਮੀਡੀਆ ਦਾ ਗੋਦੀ ਮੀਡੀਆ ਬਣ ਜਾਣਾ, ਓਨਾ ਹੀ ਖਤਰਨਾਕ ਹੈ, ਜਿੰਨਾ ਸਰਹੱਦ ‘ਤੇ ਖੜੇ ਫੌਜੀ ਦਾ ਬਿਨ੍ਹਾਂ ਬੰਦੂਕ ਤੋਂ ਜੰਗ ਲੜਨਾ। ਕਿਉਂਕਿ ਬੰਦੂਕ ਤੋਂ ਬਗੈਰ ਫੌਜੀ ਜੰਗ ਨਹੀਂ ਲੜ ਸਕਦਾ ਅਤੇ ਕਲਮ ਤੋਂ ਬਿਨ੍ਹਾਂ ਪੱਤਰਕਾਰ ਚੰਗਾ ਲਿਖ ਨਹੀਂ ਸਕਦਾ। ਹੁਣ ਇਹ ਤਾਂ ਸੋਚਣਾ ਅਸੀਂ ਹੈ ਕਿ ਕਲਮ ਦੇ ਵਿੱਚ ਛਿਆਹੀ ਜੋ ਪਾਉਣੀ ਹੈ, ਉਹ ਲੀਡਰ ਦੁਆਰਾ ਖਰੀਦੀ ਗਈ ਪਾਉਣੀ ਹੈ ਜਾਂ ਫਿਰ ਹੱਕ ਸੱਚ ਦੀ ਪਾਉਣੀ ਹੈ। ਸੋ, ਇਸ ਲਈ ਭਾਰਤੀ ਮੀਡੀਆ ਨੂੰ ਸਰਕਾਰਾਂ ਤੋਂ ਖਹਿੜਾ ਛੁਡਾ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਹੈ, ਤਾਂ ਹੀ ਸਾਡਾ ਦੇਸ਼ ਅੱਗੇ ਵੱਧ ਸਕਦਾ ਹੈ। ਦੋਸਤੋ, ਮੇਰੇ ਮੁਤਾਬਿਕ ਭਾਰਤ ਦੇ 99.99 ਪ੍ਰਤੀਸ਼ਤ ਅਦਾਰੇ ਸਰਕਾਰਾਂ ਦੀ ਮੁੱਠੀ ਵਿੱਚ ਖੇਡ ਰਹੇ ਹਨ।