ਚਾਰਲਿਸ ਡਾਰਵਿਨ, ਸਟਿਫਨ ਹਾਂਕਿੰਗ ਨੂੰ ਵੀ ਫੇਲ ਕਰਨ ‘ਚ ਲੱਗੇ ਮਹਾਂ ਵਿਗਿਆਨੀ ਭਾਜਪਾਈ.!

415
ਵਿਗਿਆਨ ਦੇ ਕਾਰਨ ਅੱਜ ਮਨੁੱਖ ਬਹੁਤ ਜ਼ਿਆਦਾ ਤਰੱਕੀ ਕਰ ਚੁੱਕਿਆ ਹੈ ਅਤੇ ਵਿਗਿਆਨ ਦੀ ਬਦੌਲਤ ਹੀ ਸਾਡਾ ਦੇਸ਼ ਅੱਜ ਅੱਗੇ ਵੀ ਵੱਧ ਰਿਹਾ ਹੈ। ਬੇਸ਼ੱਕ ਝੂਠ ਅਤੇ ਪਾਖੰਡਵਾਦ ਹਾਲੇ ਵੀ ਸਾਡੇ ਦੇਸ਼ ਦੇ ਅੰਦਰ ਚੱਲ ਰਿਹਾ ਹੈ, ਪਰ ਅਸਲ ਸਚਾਈ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਅੰਦਰ ਜਿੰਨਾ ਕੁਝ ਵੀ ਸਾਨੂੰ ਪ੍ਰਾਪਤ ਹੋਇਆ ਹੈ, ਉਸ ਵਿੱਚ ਸਿਰਫ਼ ਤੇ ਸਿਰਫ਼ ਵਿਗਿਆਨ ਦਾ ਹੀ ਹੱਥ ਹੈ। ਕੇਂਦਰ ਦੀ ਸੱਤਾ ਵਿੱਚ ਜਦੋਂ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ। ਉਦੋਂ ਤੋਂ ਲੈ ਕੇ ਹੀ ਭਾਰਤ ਦੇ ਅੰਦਰ ਇੰਨੇ ਜ਼ਿਆਦਾ ਵਿਗਿਆਨੀ ਪੈਦਾ ਹੋ ਚੁੱਕੇ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਇਨ੍ਹਾਂ ਵਿੱਚ ਸਭ ਤੋਂ ਵੱਧ ਵਿਗਿਆਨੀ ਭਾਰਤੀ ਜਨਤਾ ਪਾਰਟੀ ਦੇ ਉੱਚ ਲੀਡਰ ਹੀ ਹਨ, ਜਿਨ੍ਹਾਂ ਦੇ ਵੱਲੋਂ ਨਿੱਤ ਦਿਨੀਂ ਨਵੀਆਂ ਨਵੀਆਂ ਖ਼ੋਜਾਂ ਕਰਕੇ, ਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਵਿਨ, ਸਟਿਫਨ ਹਾਂਕਿੰਗ ਆਦਿ ਨੂੰ ਵੀ ਫੇਲ ਕੀਤਾ ਜਾ ਰਿਹਾ ਹੈ। ਭਾਜਪਾ ਹੁਣ ਸਿਆਸਤ ਘੱਟ ਅਤੇ ਆਪਣਾ ਵਿਗਿਆਨ ਵਾਲਾ ਧੰਦਾ ਜ਼ਿਆਦਾ ਕਰ ਰਹੀ ਹੈ, ਜਿਸ ਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੋ ਰਿਹਾ ਹੈ। ਸਮੇਂ-ਸਮੇਂ ‘ਤੇ ਸਾਹਮਣੇ ਆਉਂਦੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂਆਂ, ਵਿਧਾਇਕਾਂ ਤੋਂ ਇਲਾਵਾ ਲੋਕ ਸਭਾ ਮੈਂਬਰਾਂ ਦੇ ਬਿਆਨਾਂ ਤੋਂ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਜੋ ਕੰਮ ਸਾਡੇ ਪ੍ਰਸਿੱਧ ਵਿਗਿਆਨੀ ਨਹੀਂ ਕਰ ਸਕੇ, ਉਹ ਕੰਮ ਹੁਣ ਭਾਜਪਾ ਵਾਲੇ ਕਰਨਗੇ। ਕਦੇ ਤਾਂ, ਕੋਈ ਭਾਜਪਾ ਦਾ ਆਗੂ ਇਹ ਬਿਆਨ ਦੇ ਦਿੰਦਾ ਹੈ ਕਿ ਗਾਂ ਦੇ ਗੋਹੇ ਅਤੇ ਪਿਸ਼ਾਬ ਦੇ ਨਾਲ ਬਿਮਾਰੀਆਂ ਦੂਰ ਹੁੰਦੀਆਂ ਹਨ, ਕਦੇ ਕੋਈ ਭਾਜਪਾਈ ਕਹਿ ਦਿੰਦਾ ਹੈ ਕਿ ਡੱਡੂ ਤੇ ਡੱਡੀ ਦਾ ਵਿਆਹ ਕਰ ਦਿਓ, ਬਾਰਸ਼ ਆਉਣੀ ਸ਼ੁਰੂ ਹੋ ਜਾਵੇਗਾ। ਇੱਕ ਭਾਜਪਾਈ ਨੇ ਤਾਂ, ਇੱਥੋਂ ਤੱਕ ਕਹਿ ਦਿੱਤਾ ਸੀ ਕਿ ਭਾਰਤੀ ਗਾਵਾਂ ਦਾ ਦੁੱਧ ਪੀਣ ਨਾਲ ਹੀ ਸੈਂਕੜੇ ਬਿਮਾਰੀਆਂ ਛੂਮੰਤਰ ਹੋ ਜਾਂਦੀਆਂ ਹਨ। ਦੋਸਤੋ, ਜੇਕਰ ਸਾਰੀਆਂ ਬਿਮਾਰੀਆਂ ਗਾਂ ਦੇ ਦੁੱਧ ਪੀਣ, ਪਿਸ਼ਾਬ ਜਾਂ ਫਿਰ ਗੋਹੇ ਨਾਲ ਹੀ ਠੀਕ ਹੁੰਦੀਆਂ ਹੋਣ ਤਾਂ, ਫਿਰ ਵੱਡੇ-ਵੱਡੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਬਿਮਾਰ ਹੋਣ ਦੀ ਸੂਰਤ ਵਿੱਚ ਹਸਪਤਾਲਾਂ ਵਿੱਚ ਭਰਤੀ ਕਿਉਂ ਹੁੰਦੇ ਹਨ? ਕਿਉਂ ਨਹੀਂ ਆਪਣੀ ਖੋਜ ਕਰਕੇ ਬਣਾਈ ਗਈ ਵਿਸ਼ੇਸ਼ ਦਵਾਈ ਨੂੰ ਵਰਤਦੇ, ਭਾਰਤੀ ਜਨਤਾ ਪਾਰਟੀ ਦੇ ਲੀਡਰ? ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿੰਨੇ ਡਰਾਮੇਬਾਜ਼ ਭਾਰਤੀ ਜਨਤਾ ਪਾਰਟੀ ਦੇ ਲੀਡਰ ਹਨ, ਉੱਥੇ ਡਰਾਮੇਬਾਜ਼ ਤਾਂ ਡਰਾਮਿਆਂ ਵਾਲੇ ਵੀ ਨਹੀਂ ਹਨ। ਦੋਸਤੋ, ਜੇਕਰ ਮੈਂ ਪਿਛਲੇ ਦਿਨ ਦੀ ਗੱਲ ਕਰਾਂ ਤਾਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਗਨੇਸ਼ ਸਿੰਘ ਨੇ ਬਿਆਨ ਦਿੱਤਾ ਕਿ ਸੰਸਕ੍ਰਿਤ ਭਾਸ਼ਾ ਬੋਲਣ ਦੇ ਨਾਲ ਡਾਇਬਟੀਜ਼ ਅਤੇ ਕੈਲਸਟਰੋਲ ਵਰਗੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਗਨੇਸ਼ ਨੇ ਇਹ ਵੀ ਦਾਅਵਾ ਕੀਤਾ ਕਿ ਸੰਸਕ੍ਰਿਤ ਭਾਸ਼ਾ ਬੋਲਣ ਨਾਲ ਨਰਵਸ ਸਿਸਟਮ ਮਜ਼ਬੂਤ ਹੁੰਦਾ ਹੈ। ਦੋਸਤੋ, ਜੇਕਰ ਆਪਾਂ ਵਿਅੰਗਕਾਰਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨੇ ਵਿਗਿਆਨੀ ਭਾਜਪਾ ਵਿੱਚ ਬੈਠੇ ਹਨ, ਜੇਕਰ ਇੰਨੇ ਵਿਗਿਆਨੀ ਕਿਸੇ ਹੋਰ ਦੇਸ਼ ਵਿੱਚ ਬੈਠੇ ਹੋਣ ਤਾਂ, ਕਦੋਂ ਦਾ ਉਕਤ ਵਿਗਿਆਨੀਆਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸੰਸਕ੍ਰਿਤ ਭਾਸ਼ਾ ਵੀ ਦੂਜੀਆਂ ਭਾਸ਼ਾਵਾਂ ਵਰਗੀ ਇੱਕ ਭਾਸ਼ਾ ਹੈ, ਪਰ ਭਾਜਪਾ ਦੇ ਸਾਂਸਦ ਵੱਲੋਂ ਆਪਣੇ ਆਪ ਨੂੰ ਸੁਰਖੀਆਂ ਦੇ ਵਿੱਚ ਲਿਆਉਣ ਲਈ ਪੁੱਠੀ ਸਿੱਧੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਜਿਸ ਤੋਂ ਸਾਬਤ ਹੁੰਦਾ ਹੈ ਕਿ ਸਭ ਕੁਝ ਜਾਅਲੀ ਹੋ ਰਿਹਾ ਹੈ ਦੇਸ਼ ਦੇ ਅੰਦਰ।

2 COMMENTS

Comments are closed.