ਨਵੀਂ ਦਿੱਲੀ :
ਪੂਰਬੀ ਲੱਦਾਖ ‘ਚ ਚੀਨੀ ਕਬਜ਼ੇ ਨਾਲ ਨਜਿੱਠਣ ਦੀ ਸਰਕਾਰ ਦੀ ਰਣਨੀਤੀ ‘ਤੇ ਲਗਾਤਾਰ ਸਵਾਲ ਕਰਦੇ ਰਹੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐੱਲਏਸੀ ‘ਤੇ ਬਫਰ ਜ਼ੋਨ ਬਣਾਏ ਜਾਣ ਬਾਰੇ ਸਰਕਾਰ ਨੂੰ ਇਕ ਵਾਰ ਮੁੜ ਤੋਂ ਘੇਰਿਆ ਹੈ। ਐੱਲਏਸੀ ‘ਤੇ ਤਣਾਅ ਤੇ ਆਪਸੀ ਵਿਰੋਧੀ ਦੂਰ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਸਹਿਮਤੀ ‘ਚ ਚੀਨ ਦੀ ਬੜ੍ਹਤ ਦੀ ਸਥਿਤੀ ‘ਚ ਰਹਿਣ ਵੱਲ ਇਸ਼ਾਰਾ ਕਰਦੇ ਹੋਏ ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵੀ ਨਿਸ਼ਾਨਾ ਸਾਧਿਆ।
ਗਲਵਾਨ ਘਾਟੀ ਸਮੇਤ ਪੂਰਬੀ ਲੱਦਾਖ ਦੇ ਇਲਾਕਿਆਂ ‘ਚ ਭਾਰਤ ਤੇ ਚੀਨ ਦੇ ਫ਼ੌਜੀਆਂ ਦੇ ਪਿੱਛੇ ਹੱਟਣ ਦੇ ਸਬੰਧ ‘ਚ ਬਣਾਏ ਗਏ ਬਫਰ ਜ਼ੋਨ ‘ਤੇ ਰੱਖਿਆ ਮਾਹਿਰਾਂ ਦੀ ਰਾਇ ਨੂੰ ਆਪਣੇ ਟਵੀਟ ਨਾਲ ਟੈਗ ਕਰਦੇ ਹੋਏ ਰਾਹੁਲ ਨੇ ਇਹ ਸਵਾਲ ਕੀਤਾ। ਉਨ੍ਹਾਂ ਕਿਹਾ, ‘ਅਜਿਹਾ ਕੀ ਹੋਇਆ ਕਿ ਮੋਦੀ ਜੀ ਦੇ ਰਹਿੰਦੇ ਭਾਰਤ ਮਾਤਾ ਦੀ ਪਵਿੱਤਰ ਜ਼ਮੀਨ ਨੂੰ ਚੀਨ ਨੇ ਖੋਹ ਲਿਆ?’ ਐੱਲਏਸੀ ‘ਤੇ ਭਾਰਤੀ ਇਲਾਕੇ ‘ਚ ਬਫਰ ਜ਼ੋਨ ਨੂੰ ਕਈ ਰੱਖਿਆ ਮਾਹਿਰ ਭਾਰਤ ਲਈ ਰਣਨੀਤਿਕ ਤੌਰ ‘ਤੇ ਨੁਕਸਾਨਦੇਹ ਮੰਨ ਰਹੇ ਹਨ। ਰਾਹੁਲ ਨੇ ਇਸ ਦੇ ਮੱਦੇਨਜ਼ਰ ਹੀ ਪੀਐੱਮ ‘ਤੇ ਸਵਾਲ ਕੀਤਾ।
ਕਾਂਗਰਸ ਨੇ ਚੀਨ ਨਾਲ ਸੈਨਿਕ ਤਨਾਤਨੀ ਘਟਾਉਣ ਲਈ ਬਫਰ ਜ਼ੋਨ ਬਣਾਏ ਜਾਣ ‘ਤੇ ਸਵਾਲ ਕੀਤਾ ਸੀ। ਪਾਰਟੀ ਦਾ ਕਹਿਣਾ ਹੈ ਕਿ ਬਫਰ ਜ਼ੋਨ ‘ਤੇ ਸਹਿਮਤ ਹੋਣ ਦਾ ਮਤਲਬ ਹੈ ਕਿ ਭਾਰਤੀ ਫ਼ੌਜੀ ਆਪਣੀ ਜ਼ਮੀਨ ‘ਤੇ ਹੀ ਪੈਟਰੋਲਿੰਗ ਨਹੀਂ ਕਰ ਸਕਦੇ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਇਸ ਬਾਰੇ ਸਰਕਾਰ ਨੂੰ ਕਈ ਵਾਲ ਸਵਾਲ ਵੀ ਪੁੱਛ ਚੁੱਕੇ ਹਨ।