ਤਨਖਾਹਾਂ ਨਾ ਮਿਲਣ ਦੇ ਕਾਰਨ ਮੁਲਾਜ਼ਮ ਵਰਗ ਸੜਕਾਂ ‘ਤੇ ਉਤਰਿਆ ਹੋਇਆ ਹੈ ਅਤੇ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਸੰਘਰਸ਼ ਕਰ ਰਿਹਾ ਹੈ। ਪਰ ਸਰਕਾਰ ਦੇ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਜਾਰੀ ਕਰਨ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੇ ਵਲੋਂ ਬਹਾਨਾ ਬਣਾਇਆ ਜਾ ਰਿਹਾ ਹੈ ਕਿ ਪੰਜਾਬ ਦਾ ਖ਼ਜਾਨਾ ਖ਼ਾਲੀ ਹੈ, ਇਸ ਲਈ ਮੁਲਾਜਮਾਂ ਨੂੰ ਤਨਖ਼ਾਹਾਂ ਦੇਣ ਦੇ ਵਿਚ ਦੇਰੀ ਹੋ ਰਹੀ ਹੈ। ਬੇਸ਼ੱਕ ਇਹ ਖ਼ਜਾਨਾ ਕਿਸੇ ਹੋਰ ਨੇ ਨਹੀਂ, ਬਲਕਿ ਲੀਡਰਾਂ ਨੇ ਹੀ ਖ਼ਾਲੀ ਕੀਤਾ ਹੈ।
ਪਰ ਇਸ ਦਾ ਖ਼ਮਿਆਜਾ ਆਮ ਜਨਤਾ ਤੋਂ ਇਲਾਵਾ ਮੁਲਾਜਮਾਂ ਨੂੰ ਭੁਗਤਣਾ ਪੈ ਰਿਹਾ ਹੈ। ਮੁਲਾਜ਼ਮਾਂ ਦੁਆਰਾ ਕੀਤਾ ਜਾ ਰਿਹਾ ਸੰਘਰਸ਼ ਆਮ ਜਨਤਾ ‘ਤੇ ਭਾਰੂ ਪੈ ਰਿਹਾ ਹੈ, ਕਿਉਂਕਿ ਮੁਲਾਜ਼ਮਾਂ ਦੇ ਵਲੋਂ ਤਨਖਾਹਾਂ ਨਾ ਮਿਲਣ ਦੇ ਕਾਰਨ ਹੜਤਾਲ ਕੀਤੀ ਹੋਈ ਹੈ, ਜਿਸ ਦਾ ਅਸਰ ਸਿੱਧਾ ਹੀ ਆਮ ਜਨਤਾ ‘ਤੇ ਪੈ ਰਿਹਾ ਹੈ। ਜਨਤਾ ਜਿਹੜੀ ਕਿ ਰੋਜ਼ ਹੀ ਆਪਣੇ ਕੰਮ ਕਾਜ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਦੇ ਅੰਦਰ ਆ ਰਹੀ ਹੈ, ਪਰ ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਲੋਕਾਂ ਨੂੰ ਖ਼ਾਲੀ ਹੱਥ ਵਾਪਸ ਮੁੜਣਾ ਪੈ ਰਿਹਾ ਹੈ।
ਇਥੇ ਦੱਸ ਦਈਏ ਕਿ ਪੰਜਾਬ ਦੇ ਤਕਰੀਬਨ ਹੀ ਸਾਰੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸਰਕਾਰ ਦੇ ਵਲੋਂ ਹੁਣ ਤੱਕ ਤਨਖ਼ਾਹ ਨਹੀਂ ਜਾਰੀ ਕੀਤੀ ਗਈ, ਜਿਸ ਦੇ ਕਾਰਨ ਮੁਲਾਜ਼ਮ ਵਰਗ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹੈ। ਜੇਕਰ ਆਪਾ ਲੋਕ ਨਿਰਮਾਣ ਵਿਭਾਗ ਦੇ ਕਰਮਚਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦੇ ਵਲੋਂ ਅੱਜ ਚੌਥੇ ਦਿਨ ਵੀ ਤਨਖ਼ਾਹਾਂ ਨਾ ਮਿਲਣ ਦੇ ਕਾਰਨ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ‘ਤੇ ਵਿਭਾਗ ਦਾ ਕੰਮ-ਕਾਜ ਮੁਕੰਮਲ ਤੌਰ ‘ਤੇ ਬੰਦ ਕਰਕੇ ਹੜਤਾਲ ਕੀਤੀ ਹੋਈ ਹੈ ਅਤੇ ਸਰਕਾਰ ਵਿਰੁੱਧ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਬਿਨਾਂ ਵਜ੍ਹਾ ਬੇਲੋੜੇ ਬਹਾਨੇ ਬਣਾ ਕੇ ਵਿਭਾਗ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਣਬੁਝ ਕੇ ਰੋਕ ਰੱਖੀਆਂ ਹਨ। ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਿਰਫ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕ ਕੇ ਡੰਗ ਟਪਾਊ ਨੀਤੀ ਅਪਨਾਕੇ ਸਮਾਂ ਬਤਾ ਰਹੀ ਹੈ, ਜਦੋਂਕਿ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਦਿਨੋ ਦਿਨ ਰੋਸ ਜਾ ਰਿਹਾ ਹੈ ਅਤੇ ਤਨਖਾਹਾਂ ਲੇਟ ਹੋਣ ਕਾਰਨ ਮੁਲਾਜ਼ਮਾਂ ਦੀ ਮਾਲੀ ਹਾਲਤ ਪਤਲੀ ਹੁੰਦੀ ਜਾ ਰਹੀ ਹੈ, ਉਹ ਰੋਜ਼ ਮਰਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵੀ ਪੈਸੇ ਪੈਸੇ ਨੂੰ ਤਰਸ ਰਹੇ ਹਨ।
ਦੂਜੇ ਪਾਸੇ ਜੇਕਰ ਡੀਸੀ ਦਫ਼ਤਰ ਅੰਦਰ ਕੰਮ ਕਰਵਾਉਣ ਆਏ ਜਗਤਾਰ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਗੁਰਮੀਤ ਸਿੰਘ ਆਦਿ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵਲੋਂ ਤਨਖ਼ਾਹਾਂ ਤਾਂ ਮੁਲਾਜ਼ਮਾਂ ਨੂੰ ਜਾਰੀ ਨਹੀਂ ਕੀਤੀਆਂ ਜਾ ਰਹੀਆਂ ਅਤੇ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਮੁਲਾਜਮਾਂ ਦੀਆਂ ਤਨਖਾਹਾਂ ਜਾਰੀ ਕੀਤੀਆਂ ਜਾਣ ਤਾਂ, ਜੋ ਮੁਲਾਜਮ ਹੜਤਾਲ ਖ਼ਤਮ ਕਰਕੇ, ਮੁੜ ਤੋਂ ਦਫ਼ਤਰਾਂ ਵਿਚ ਕੰਮ ‘ਤੇ ਜੁਟ ਜਾਣ।