ਲੁਧਿਆਣਾ, 19 ਮਈ
ਡਾਕਟਰ ਨੂੰ ਰੱਬ ਮੰਨਿਆ ਜਾਂਦਾ ਹੈ, ਕਿਉਂਕਿ ਡਾਕਟਰ ਹੀ ਅਜਿਹੇ ਇਨਸਾਨ ਹੁੰਦੇ ਹਨ, ਜੋ ਮੁਰਦੇ ਵਿਚ ਵੀ ਜਾਨ ਪਾ ਦਿੰਦੇ ਹਨ। ਪਰ ਸੈਂਕੜੇ ਹੀ ਲੋਕਾਂ ਦੀਆਂ ਜਾਨਾਂ ਬਚਾਉਣ ਵਾਲੇ ਡਾਕਟਰ ਆਖ਼ਰ ਇਸ ਵੇਲੇ ਕਿਉਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਪੰਜਾਬ ਦੇ ਵਿਚ ਦਰਜਨਾਂ ਡਾਕਟਰ ਅਤੇ ਉਨ੍ਹਾਂ ਦੇ ਪਰਿਵਾਰ ਇਸ ਵੇਲੇ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਜ਼ਿਆਦਾਤਰ ਡਾਕਟਰ ਦੇ ਪਰਿਵਾਰ ਕਰੋਨਾ ਦੇ ਨਾਲ ਪੀੜਤ ਇਸ ਲਈ ਹੋਏ ਹਨ, ਕਿਉਂਕਿ ਡਾਕਟਰ ਖੁਦ ਹਸਪਤਾਲਾਂ ਦੇ ਵਿਚ ਕਰੋਨਾ ਪੀੜਤਾਂ ਦੇ ਨਾਲ ਮੇਲ ਮਿਲਾਪ ਕਰਦੇ ਹਨ, ਜਿਸ ਕਾਰਨ ਉਨ੍ਹਾਂ ਵਿਚ ਵੀ ਕਰੋਨਾ ਦੇ ਲੱਛਣ ਆ ਜਾਂਦੇ ਹਨ।
ਪਰ, ਹੁਣ ਕੈਪਟਨ ਸਰਕਾਰ ਜੋ ਕਿ ਸਮੇਂ ਸਮੇਂ ‘ਤੇ ਵੱਡੇ ਵੱਡੇ ਦਾਅਵੇ ਕਰਦੀ ਰਹਿੰਦੀ ਹੈ, ਉਸ ਉਪਰ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਕ ਪਾਸੇ ਤਾਂ ਕੇਂਦਰ ਦੀ ਮੋਦੀ ਸਰਕਾਰ ਭਾਰਤੀਆਂ ਨੂੰ ਫੋਕੇ ਬਿਆਨਾਂ ਦੇ ਵਿਚ ਲਪੇਟ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਦੇ ਰਾਹ ‘ਤੇ ਤੁਰ ਪਈ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਅਧੀਨ ਆਉਂਦੇ ਹਸਪਤਾਲਾਂ ਵਿਚ ਡਾਕਟਰਾਂ ਦੇ ਲਈ ਨਾ ਤਾਂ ਕੋਈ ਸੁਰੱਖਿਅਤ ਸਮਾਨ ਹੈ ਅਤੇ ਨਾ ਹੀ ਡਾਕਟਰਾਂ ਨੂੰ ਕੋਈ ਹੋਰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਦੇ ਨਾਲ ਉਹ ਵੀ ਕਰੋਨਾ ਤੋਂ ਬਚ ਸਕਣ।
ਮਿਲੀ ਜਾਣਕਾਰੀ ਦੇ ਮੁਤਾਬਿਕ ਅੱਜ ਲੁਧਿਆਣਾ ਦੇ ਸਰਕਾਰੀ ਹਸਪਤਾਲ ਦਾ ਸਟਾਫ਼ ਹੜਤਾਲ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹੜਤਾਲ ਗੈਰ-ਮਿਆਰੀ ਐਨ-95 ਮਾਸਕਾਂ ਨੂੰ ਲੈ ਕੇ ਕੀਤੀ ਗਈ ਹੈ। ਹਸਪਤਾਲ ਦਾ ਸਾਰਾ ਕੰਮ ਠੱਪ ਹੋ ਕੇ ਰਹਿ ਗਿਆ ਹੈ। ਹੜਤਾਲ ‘ਤੇ ਗਏ ਸਟਾਫ ਜਿਸ ਵਿਚ ਡਾਕਟਰ, ਨਰਸਿੰਗ ਅਤੇ ਪੈਰਾਮੈਡੀਕਲ ਅਤੇ ਚੌਥਾ ਦਰਜਾ ਮੁਲਾਜ਼ਮ ਸ਼ਾਮਲ ਹਨ। ਜਾਣਕਾਰੀ ਪ੍ਰੈਸ ਬਿਆਨ ਦੇ ਵਿਚ ਡਾਕਟਰ, ਨਰਸਿੰਗ ਸਟਾਫ਼, ਪੈਰਾਮੈਡੀਕਲ ਅਤੇ ਦਰਜਾਚਾਰ ਕਾਮਿਆਂ ਨੇ ਦੱਸਿਆ ਕਿ ਗੈਰ ਮਿਆਰੀ ਐਨ-95 ਮਾਸਕ ਅਤੇ ਹੋਰ ਸੁਰੱਖਿਆ ਸਮਾਨ, ਜੋ ਕੋਰੋਨਾ ਨਾਲ ਨਜਿੱਠਣ ਲਈ ਲਈ ਆਈਸੋਲੇਸ਼ਨ ਵਾਰਡਾਂ ਅਤੇ ਕੋਰੋਨਾ ਪੀੜਤਾਂ ਨੂੰ ਇੱਧਰ-ਉੱਧਰ ਲਿਜਾਣ ਲਈ ਹਸਪਤਾਲ ਪ੍ਰਸ਼ਾਸਨ ਵਲੋਂ ਮੁਹੱਈਆ ਕੀਤਾ ਜਾਂਦਾ ਹੈ।
ਉਹ ਸਮਾਨ ਬਹੁਤ ਹੀ ਘਟੀਆ ਅਤੇ ਗੈਰ-ਮਿਆਰੀ ਦਰਜੇ ਦਾ ਹੈ, ਜਿਸ ਕਰਕੇ ਆਈਸੋਲੇਸ਼ਨ ਵਾਰਡਾਂ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਡਾਕਟਰ, ਨਰਸਿੰਗ ਅਤੇ ਪੈਰਾਮੈਡੀਕਲ ਸਟਾਫ ਅਤੇ ਚੌਥਾ ਦਰਜਾ ਮੁਲਾਜ਼ਮ ਪੀੜ੍ਹਤ ਹੋ ਰਹੇ ਹਨ। ਹੜਤਾਲ ‘ਤੇ ਬੈਠੇ ਕਾਮਿਆਂ ਨੇ ਦੱਸਿਆ ਇਸ ਵੇਲੇ 4 ਵਾਰਡ ਅਟੈਂਡੈਂਟ ਕੋਰੋਨਾ ਵਾਇਰਸ ਤੋਂ ਪੀੜ੍ਹਤ ਹੋ ਗਏ ਹਨ, ਜਦੋਂਕਿ ਇਸ ਤੋਂ ਪਹਿਲਾਂ ਇੱਕ ਰੈਜੀਡੈਂਟ ਡਾਕਟਰ ਵੀ ਡਿਊਟੀ ਦੌਰਾਨ ਪਾਜ਼ੀਟਿਵ ਪਾਇਆ ਜਾ ਚੁੱਕਿਆ ਹੈ। ਡਾਕਟਰੀ ਅਮਲੇ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਮਿਆਰੀ ਦਰਜੇ ਦੀਆਂ ਪੀ.ਪੀ ਕਿੱਟਾਂ ਅਤੇ ਐਨ-95 ਮਾਸਕ ਮੁਹੱਈਆ ਨਹੀਂ ਕਰਵਾਏ ਜਾਂਦੇ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।