ਫਿਰੋਜ਼ਪੁਰ: ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਕਰਫਿਊ ਦੇ ਦੌਰਾਨ ਜਿੱਥੇ ਕਈ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਮਨੁੱਖਤਾ ਦੀ ਸੇਵਾ ਲਈ ਲੋੜਵੰਦਾ ਨੂੰ ਸੁੱਕਾ ਰਾਸ਼ਨ, ਲੰਗਰ ਤੇ ਹੋਰ ਸਹੂਲਤਾਂ ਪਹੁੰਚਾਉਣ ਦੀ ਸੇਵਾ ਕਰ ਰਹੀਆਂ ਸਨ, ਉੱਥੇ ਅਜਿਹੇ ਹਲਾਤਾਂ ਵਿੱਚ ਵੀ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾ ਕੇ ਸਰਕਾਰੀ ਸਹੂਲਤਾਂ ਦਿਵਾਉਣ ਦਾ ਝਾਂਸਾ ਦੇ ਕੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਠੱਗੀਆਂ ਮਾਰਨ ਵਾਲੇ ਪੰਜਾਬ ਭਰ ਵਿੱਚ ਕਈ ਗਿਰੋਹ ਸਰਗਰਮ ਹਨ ।
ਪ੍ਰਾਪਤ ਜਾਣਕਾਰੀ ਅਨੁਸਾਰ ਕਰਫ਼ਿਊ ਦੇ ਦੌਰਾਨ ਮਿਹਨਤ ਮਜ਼ਦੂਰੀ ਕਰਨ ਵਾਲੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ ਕਾਮਿਆਂ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਉਨ੍ਹਾਂ ਦੇ ਖਾਤਿਆਂ ਵਿੱਚ ਪਾਉਣ ਦਾ ਐਲਾਨ ਕੀਤਾ ਸੀ । ਇਸ ਦੌਰਾਨ ਜਿਨ੍ਹਾਂ ਦੀਆਂ ਲਾਭਪਾਤਰੀ ਕਾਪੀਆਂ ਅਪਡੇਟ ਸਨ , ਉਨ੍ਹਾਂ ਦੇ ਖਾਤਿਆਂ ਵਿੱਚ ਤਾਂ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ ਆਉਣ ਲੱਗ ਪਏ ਪਰ ਜਿਨ੍ਹਾਂ ਦੀਆਂ ਕਾਪੀਆਂ ਅੱਪਡੇਟ ਹੋਣ ਵਾਲੀਆਂ ਸਨ , ਉਨ੍ਹਾਂ ਨੂੰ ਗੁੰਮਰਾਹ ਕਰਕੇ ਪੰਜਾਬ ਭਰ ਵਿੱਚ ਠੱਗੀਆਂ ਮਾਰਨ ਵਾਲੇ ਕਈ ਗਿਰੋਹ ਸਰਗਰਮ ਹੋ ਗਏ ਜੋ ਸ਼ਹਿਰਾਂ ਅਤੇ ਪਿੰਡਾਂ ਦੀਆਂ ਗ਼ਰੀਬ ਬਸਤੀਆਂ ਵਿੱਚ ਰਹਿੰਦੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਣ ਲਈ ਲਾਭਪਾਤਰੀ ਕਾਪੀਆਂ ਅਪਡੇਟ ਕਰਨ ਅਤੇ ਕੇਂਦਰ ਸਰਕਾਰ ਵੱਲੋਂ ਹੋਰ ਸਹੂਲਤਾਂ ਦਿਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਡਾਟਾ ਅਪਡੇਟ ਕਰਨ ਦੇ ਨਾਮ ਤੇ ਦੋ ਸੌ ਰੁਪਏ ਤੋਂ ਲੈ ਕੇ ਇਕ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਵਸੂਲ ਕਰ ਰਹੇ ਹਨ ।
ਮੋਹਤਬਾਰ ਵਿਅਕਤੀਆਂ ਨਾਲ ਗੰਢਤੁੱਪ ਕਰਕੇ ਮਾਰਦੇ ਹਨ ਠੱਗੀਆਂ ?
ਪ੍ਰਾਪਤ ਜਾਣਕਾਰੀ ਅਨੁਸਾਰ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਇਹ ਗਿਰੋਹ ਸ਼ਹਿਰਾਂ ਅਤੇ ਪਿੰਡਾਂ ਦੀਆਂ ਦੀਆਂ ਗ਼ਰੀਬ ਬਸਤੀਆਂ ਦੀ ਸ਼ਨਾਖਤ ਕਰਕੇ ਇਨ੍ਹਾਂ ਬਸਤੀਆਂ ਵਿੱਚ ਇਹ ਕਿਸੇ ਇੱਕ ਮੋਹਤਬਰ ਔਰਤ ਨਾਲ ਠੱਗੀ ਦੀ ਕਮਾਈ ਵਿਚੋਂ ਕੁਝ ਹਿੱਸਾ ਦੇਣ ਦੇਣ ਲਈ ਗੰਢਤੁੱਪ ਕਰ ਲੈਂਦੇ ਹਨ ਅਤੇ ਉਸ ਦੇ ਘਰ ਬਸਤੀ ਜਾਂ ਗਲੀ ਦੀਆਂ ਔਰਤਾਂ ਨੂੰ ਇਕੱਠਾ ਕਰ ਲੈਂਦੇ ਹਨ । ਕੋਵਿਡ -19 ਸਕੀਮ ਦੇ ਆਨਲਾਈਨ ਫਾਰਮ ਭਰਨ ਦੇ ਨਾਮ ਤੇ ਇਹ ਪ੍ਰਤੀ ਪਰਿਵਾਰ ਨੂੰ ਤਿੰਨ ਹਜ਼ਾਰ ਰੁਪਏ ਮਹੀਨਾ ਅਤੇ ਹਰ ਮਹੀਨੇ ਸਰਕਾਰੀ ਰਾਸ਼ਨ ਦਿਵਾਉਣ ਦਾ ਝਾਂਸਾ ਦੇ ਕੇ ਹਰੇਕ ਪਰਿਵਾਰ ਦੀ ਇੱਕ ਸਾਂਝੀ ਫੋਟੋ ਅਤੇ ਆਧਾਰ ਕਾਰਡ ਦੇ ਪਰੂਫ ਸਮੇਤ ਪਰਿਵਾਰ ਦਾ ਹੋਰ ਵੇਰਵੇ ਦਾ ਡਾਟਾ ਅੱਪਡੇਟ ਕਰਨ ਲਈ ਦੋ ਸੌ ਰੁਪਏ ਪ੍ਰਤੀ ਪਰਿਵਾਰ ਤੋਂ ਵਸੂਲ ਕਰਦੇ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਸਮੁੱਚੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਅਜਿਹੇ ਫਾਰਮ ਭਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਕਥਿਤ ਤੌਰ ਤੇ ਲੱਖਾਂ ਰੁਪਏ ਦੀ ਠੱਗੀ ਮਾਰ ਚੁੱਕੇ ਹਨ ਜਿਸ ਵਿੱਚੋਂ ਸਬੰਧਤ ਮੋਹਤਬਰ ਨੂੰ ਵੀ ਕੁਝ ਹਿੱਸਾ ਪੱਤੀ ਦਿੱਤਾ ਜਾਂਦਾ ਹੈ ।
ਕਿਉਂ ਨਹੀਂ ਕੀਤੀ ਜਾਂਦੀ ਪੁਲੀਸ ਕੋਲ ਸ਼ਿਕਾਇਤ ?
ਪ੍ਰਾਪਤ ਜਾਣਕਾਰੀ ਅਨੁਸਾਰ ਮਿਹਨਤ ਮਜ਼ਦੂਰੀ ਕਰਨ ਵਾਲੇ ਕਈ ਪਰਿਵਾਰਾਂ ਦੇ ਮਰਦ ਮੁਖੀ ਜੋ ਪਹਿਲਾਂ ਇਸ ਤਰ੍ਹਾਂ ਦੀਆਂ ਠੱਗੀਆਂ ਦੇ ਸ਼ਿਕਾਰ ਹੋ ਚੁੱਕੇ ਹਨ , ਉਨ੍ਹਾਂ ਵੱਲੋਂ ਆਪਣੇ ਪਰਿਵਾਰ ਦੀਆਂ ਔਰਤਾਂ ਨੂੰ ਉਕਤ ਕਿਸਮ ਦੇ ਠੱਗਾਂ ਦੇ ਝਾਂਸੇ ਵਿੱਚ ਨਾ ਫਸਣ ਦੀ ਸਖ਼ਤ ਹਦਾਇਤ ਕਰਨ ਦੇ ਬਾਵਜੂਦ ਕੁਝ ਔਰਤਾਂ ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਾਰ ਕਰਦੀਆਂ ਹਨ ਲਾਲਚ ਵੱਸ ਇਨ੍ਹਾਂ ਠੱਗਾਂ ਦੇ ਝਾਂਸੇ ਵਿੱਚ ਆ ਜਾਂਦੀਆਂ ਹਨ ਅਤੇ ਪਰਿਵਾਰ ਦੇ ਮੁਖੀ ਤੋਂ ਚੋਰੀ ਆਨਲਾਈਨ ਫਾਰਮ ਭਰਵਾ ਲੈਂਦੀਆਂ ਹਨ , ਜਿਸ ਬਾਰੇ ਪਰਿਵਾਰਕ ਮੁਖੀ ਨੂੰ ਜਾਣਕਾਰੀ ਨਹੀਂ ਦਿੱਤੀ ਜਾਂਦੀ । ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਲੋਕਾਂ ਵਿੱਚ ਮਜ਼ਾਕ ਦਾ ਪਾਤਰ ਬਣਨ ਅਤੇ ਸਿਰਫ ਦੋ ਸੌ ਰੁਪਏ ਦੀ ਠੱਗੀ ਵੱਜਣ ਦੀ ਕੋਈ ਸੁਣਵਾਈ ਹੋਣ ਦੀ ਸੰਭਾਵਨਾ ਨਾ ਹੋਣ ਕਰਕੇ ਇਸ ਦੀ ਪੁਲਿਸ ਕੋਲ ਸ਼ਿਕਾਇਤ ਨਹੀਂ ਕੀਤੀ ਜਾਂਦੀ ।
ਕੀ ਕਹਿੰਦੇ ਹਨ ਐੱਸ ਐੱਚ ਓ?
ਇਸ ਸਬੰਧ ਵਿਚ ਜਦੋਂ ਥਾਣਾ ਸਿਟੀ ਜ਼ੀਰਾ ਦੇ ਐੱਸ ਐੱਚ ਓ ਮੋਹਿਤ ਧਵਨ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਅਜਿਹੇ ਅਨਸਰਾਂ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ । ਉਹ ਮੈਨੂੰ ਲਿਖਤੀ ਰੂਪ ਵਿੱਚ ਸ਼ਿਕਾਇਤ ਦੇਵੇ ਤਾਂ ਦੋਸ਼ੀ ਪਾਏ ਜਾਣ ਤੇ ਅਜਿਹੇ ਠੱਗ ਅਨਸਰਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।