Firozepur
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਬਲਕਾਰ ਸਿੰਘ ਵਲਟੋਹਾ ਜਨਰਲ ਸਕੱਤਰ ਪੰਜਾਬ ਦੀ ਪ੍ਰਧਾਨਗੀ ਹੇਠ ਅਧਿਆਪਕਾਂ ਦੇ ਵੱਖ ਵੱਖ ਮਸਲਿਆਂ ਸਬੰਧੀ ਜੂਮ ਐਪ ਰਾਹੀਂ ਮੀਟਿੰਗ ਹੋਈ। ਮੀਟਿੰਗ ਵਿੱਚ ਸੁਰਿੰਦਰ ਪੁਆਰੀ ਸੂਬਾ ਪ੍ਰਧਾਨ ਨੇ ਦੱਸਿਆ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਜੋ ਕਿਤਾਬਾਂ ਸਕੂਲਾਂ ਵਿੱਚ ਆ ਰਹੀਆਂ ਹਨ , ਉਹ ਪੂਰੇ ਵਿਸ਼ੇ ਦੀਆਂ ਕਿਤਾਬਾਂ ਨਹੀਂ ਹਨ। ਯੂਨੀਅਨ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਸਾਰੀਆਂ ਜਮਾਤਾਂ ਦੀਆਂ ਸਾਰੇ ਵਿਸ਼ੇ ਦੀਆਂ ਕਿਤਾਬਾਂ ਸਕੂਲਾਂ ਵਿੱਚ ਭੇਜੀਆਂ ਜਾਣ ।
ਇਸ ਦੌਰਾਨ ਨਵੀਨ ਕੁਮਾਰ ਸੂਬਾ ਵਿੱਤ ਸਕੱਤਰ ਨੇ ਕਿਹਾ ਕਿ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਕਾਫ਼ੀ ਲੰਮੇ ਸਮੇਂ ਤੋਂ ਨਹੀਂ ਹੋਈਆਂ , ਜਿਸ ਕਰਕੇ ਸਕੂਲਾਂ ਵਿੱਚ ਲੈਕਚਰਾਰ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ। ਯੂਨੀਅਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਜਲਦੀ ਕੀਤੀਆਂ ਜਾਣ ਅਤੇ ਬਾਕੀ ਸਾਰੇ ਕੇਡਰ ਦੀਆਂ ਤਰੱਕੀਆਂ ਵੀ ਜਲਦੀ ਕੀਤੀਆਂ ਜਾਣ।
ਮੀਟਿੰਗ ਦੌਰਾਨ ਪ੍ਰੇਮ ਚਾਵਲਾ ਸੂਬਾ ਵਾਈਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਤਨਖਾਹਾਂ ਦੇ ਬਿੱਲ ਬਣਾਉਣ ਸਬੰਧੀ ਜੋ ਸਾਈਟ ਸੀ , ਉਸ ਵਿੱਚ ਫੇਰਬਦਲ ਕੀਤੇ ਜਾਣ ਕਰਕੇ ਸੀਪੀਐਫ ਵਾਲੇ ਮੁਲਾਜ਼ਮਾਂ ਦੇ ਪ੍ਰਾਣ ਨੰਬਰ ਸਬੰਧੀ ਡਾਟਾ ਸਾਈਟ ਵਿੱਚੋਂ ਉੱਡ ਗਿਆ ਹੈ ਜਿਸ ਕਰਕੇ ਹੁਣ ਸੀਪੀਐੱਫ ਵਾਲੇ ਮੁਲਾਜ਼ਮਾਂ ਨੂੰ ਦੁਬਾਰਾ ਡਾਟਾ ਮੰਗਣ ਕਰਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਯੂਨੀਅਨ ਵੱਲੋਂ ਸਾਂਝੇ ਤੌਰ ਤੇ ਦੂਰ ਦੁਰਾਡੇ ਕੰਮ ਕਰਦੇ ਅਧਿਆਪਕਾਂ ਦਾ ਤਬਾਦਲਾ ਰਹਾਇਸ਼ ਨੇੜੇ ਕਰਨ ਦੀ ਮੰਗ ਵੀ ਮੀਟਿੰਗ ਵਿੱਚ ਉਠਾਈ ਗਈ । ਇਸ ਆਨਲਾਈਨ ਮੀਟਿੰਗ ਸਮੇਂ ਸੂਬਾਈ ਆਗੂ ਕਾਰਜ ਸਿੰਘ ਕੈਰੋਂ, ਟਹਿਲ ਸਿੰਘ ਸਰਾਭਾ, ਭੁਪਿੰਦਰ ਸਿੰਘ ਸੇਖੋਂ, ਨੇ ਪ੍ਰਿੰਸੀਪਲ ਮਨਦੀਪ ਕੁਮਾਰ ਥਿੰਦ ਅਤੇ ਜਿੰਦਰ ਪਾਇਲਟ ਹਾਜ਼ਰ ਸਨ।