ਜੌਹਨ ਡੀਅਰ ਟਰੈਕਟਰ ਦੀ ਜਲਾਲਾਬਾਦ ਏਜੰਸੀ ਅੱਗੇ ਕਿਰਤੀ ਕਿਸਾਨ ਯੂਨੀਅਨ ਨੇ 16 ਜੁਲਾਈ ਨੂੰ ਧਰਨਾ ਲਾਉਣ ਦਾ ਐਲਾਨ

340

ਕਿਰਤੀ ਕਿਸਾਨ ਯੂਨੀਅਨ ਨੇ 16 ਜੁਲਾਈ ਨੂੰ ਜੌਹਨ ਡੀਅਰ ਟਰੈਕਟਰ ਦੀ ਜਲਾਲਾਬਾਦ ਏਜੰਸੀ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਸਾਦਿਕ ਬਲਾਕ ਪ੍ਰਧਾਨ ਗੁਰਜੋਤ ਡੋਡ ਤੇ ਪ੍ਰੈਸ ਸਕੱਤਰ ਭੁਪਿੰਦਰ ਕਿੰਗਰਾ ਨੇ ਕਿਹਾ ਕੇ ਸ਼ਾਮ ਸਿੰਘ ਵਾਲਾ ਦੇ ਕਿਸਾਨ ਜਸਵਿੰਦਰ ਸਿੰਘ ਨੇ ਇਸੇ ਸਾਲ ਫਰਵਰੀ ਵਿੱਚ ਨਵਾਂ ਟਰੈਕਟਰ ਖਰੀਦਿਆ ਸੀ। ਪਰ ਉਹ ਟਰੈਕਟਰ ਨਾ ਹੀ ਖਿਚਾਈ ਕਰਦਾ ਹੈ ਅਤੇ ਧੂੰਆਂ ਬਹੁਤ ਮਾਰਦਾ ਹੈ।ਟਰੈਕਟਰ ਦੇ ਡੀਲਰ ਵੱਲੋਂ 15 ਹਲ ਖਿਚਣ ਦਾ ਦਾਅਵਾ ਸੀ।

ਪਰ ਟਰੈਕਟਰ 11 ਹਲ ਵੀ ਖਿੱਚਣ ਵੇਲੇ ਦਬਦਾ ਹੈ।ਉਹਨਾਂ ਕਿਹਾ ਕੇ ਜਥੇਬੰਦੀ ਨੇ ਖੁਦ ਵਾਹ ਕੇ ਦੇਖਿਆ ਹੈ।ਜਿਸਤੋਂ ਟਰੈਕਟਰ ਨੁਕਸਦਾਰ ਪਾਇਆ ਗਿਆ ਹੈ। ਟਰੈਕਟਰ ਦੀ 5 ਹਜਾਰ ਘੰਟੇ ਚੱਲਣ ਤੱਕ ਗਰੰਟੀ ਹੈ। ਪਰ ਅਜੇ ਸਿਰਫ 315 ਘੰਟੇ ਚੱਲਿਆ ਹੈ ਤੇ ਕੰਮ ਨਹੀ ਕਰ ਰਿਹਾ।ਆਗੂਆਂ ਕਿਹਾ ਕਿਸਾਨ ਨੇ 9 ਲੱਖ ਰੂਪੇ ਲਾਏ ਤਾਂ ਜੋ ਆਪਣੇ ਕਾਰੋਬਾਰ ਨੁੂੰ ਬਿਹਤਰ ਚਲਾ ਸਕੇ ਪਰ ਕਿਸਾਨ ਦੀ ਹਾਲਤ ਹੋਰ ਮੰਦੀ ਹੋ ਗਈ ਅਤੇ ਕਿਸਾਨ ਨੂੰ ਨਵਾਂ ਟਰੈਕਟਰ ਲੈਣ ਦੇ ਬਾਵਜੂਦ ਆਪਣੀ ਜਮੀਨ ਵਾਹੁਣ ਲਈ ਟਰੈਕਟਰ ਮੰਗ ਕੇ ਲਿਆਉਣਾ ਪਿਆ।

ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਗੀਰ ਸਿੰਘ ਖਾਲਸਾ ਤੇ ਮੀਤ ਪ੍ਰਧਾਨ ਜਸਕਰਨ ਸੰਗਰਾਹੂਰ ਤੇ ਗੁਰਮੀਤ ਸੰਗਰਾਹੂਰ ਨੇ ਕਿਹਾ ਕੇ ਡੀਲਰ ਨੇ ਵਾਰ ਵਾਰ ਟਰੈਕਟਰ ਰਿਪੇਅਰ ਕਰਵਾਇਆ ਪਰ ਟਰੈਕਟਰ ਦਾ ਨੁਕਸ ਦੂਰ ਨਹੀ ਹੋ ਰਿਹਾ।ਟਰੈਕਟਰ ਦੇ ਉਪਰ ਕੁਝ ਹਿੱਸਿਆਂ ਤੇ 2019 ਦੇ ਮਾਰਕੇ ਹਨ ਕੁਝ ਤੇ 2020 ਦੇ ਅਤੇ ਕੁਝ ਥਾਵਾਂ ਤੋਂ ਰੰਗ ਵੀ ਲਹਿ ਰਿਹਾ ਜਿਸ ਤੋਂ ਕਿਸਾਨ ਨਾਲ ਹੋਇਆ ਧੋਖਾ ਸਪੱਸ਼ਟ ਹੁੰਦਾ ਹੈ ਕੇ ਚੱਲਿਆ ਹੋਇਆ ਟਰੈਕਟਰ ਨਵਾਂ ਰੰਗ ਕਰਕੇ ਕਿਸਾਨ ਨੂੰ ਦੇ ਦਿੱਤਾ ਗਿਆ।ਜਿਸ ਕਰਕੇ ਕਿਸਾਨ ਦੇ ਹੋਏ ਨੁਕਸਾਨ ਦੀ ਭਰਪਾਈ ਤੇ ਟਰੈਕਟਰ ਨਵਾਂ ਲੈਣ ਦੀ ਮੰਗ ਨੁੂੰ ਲੈ ਕੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ ਹੈ।

ਉਹਨਾਂ ਦੋਸ਼ ਲਗਾਉਦੇ ਹੋਏ ਕਿਹਾ ਕਿ ਜੋਹਨਡੀਅਰ ਕੰਪਨੀ ਦੇ ਡੀਲਰ ਵੱਲੋਂ ਕਿਸਾਨ ਜਸਵਿੰਦਰ ਸਿੰਘ ਦਾ ਮਸਲਾ ਹੱਲ ਕਰਨ ਦੀ ਬਜਾਇ ਉਸਨੂੰ ਧਮਕਾਇਆ ਕੇ ਤੂੰ ਜੋ ਕਰਨਾ ਕਰ ਲੈ ਮੈ ਟਰੈਕਟਰ ਨਹੀ ਬਦਲ ਕੇ ਨਹੀ ਦੇਣਾ। ਕਿਰਤੀ ਕਿਸਾਨ ਯੂਨੀਅਨ ਨੇ ਮੰਗ ਕੀਤੀ ਪੰਜਾਬ ਸਰਕਾਰ ਵੀ ਇਸ ਧੋਖਾਧੜੀ ਨੁੂੰ ਦੇਖੇ ਤੇ ਡੀਲਰ ਤੇ ਕਾਰਵਾਈ ਕਰੇ ਤੇ ਪੀੜਤ ਕਿਸਾਨ ਨੂੰ ਇਨਸਾਫ ਦਿਵਾਏ ਤਾਂ ਜੋ ਕਿਸਾਨੀ ਜੋ ਪਹਿਲਾਂ ਹੀ ਕਰਜਾਈ ਹੈ। ਉਸਦੀ ਹੋਰ ਮੰਦੀ ਹਾਲਤ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ।