ਝੂਠ ਤੂਫਾਨ ਫ਼ਰੇਬੀ ਪੌਣਾਂ…..ਅਮਨਿੰਦਰ ਪਾਲ (ਰਾਹੁਲ)

194

ਝੂਠ ਤੂਫਾਨ ਫ਼ਰੇਬੀ ਪੌਣਾਂ, ਜਾਂ ਮੱਕਾਰੀ ਕਹਿਰਾਂ ਦੀ
ਮੁੱਢ-ਕਦੀਮੋਂ ਇਹੋ ਖਸਲਤ, ਰੱਕੜ ਕੋਰੇ ਸ਼ਹਿਰਾਂ ਦੀ।

ਭੀੜ ਦਾ ਜੰਗਲ, ਸ਼ੋਰ ਦੀ ਚੁੱਪ, ਚੈਨ ਦੀ ਚਾਹਤ, ਸਹਿਜ ਦੀ ਭਾਲ,
ਸ਼ਹਿਰ ਮੇਰਾ ਇੰਝ ਮੈਨੂੰ ਮਿਲਦੈ, ਜਿਉਂ ਗਲਵੱਕੜੀ ਗੈਰਾਂ ਦੀ।

ਮਾਂ ਦੀ ਗੋਦੀ, ਬਾਪ ਦੀ ਬੁੱਕਲ, ਯਾਰ ਦਾ ਚੁੰਮਣ, ਰਾਤ ਦਾ ਨੇਰ,
ਚੁੱਪ-ਚੁਪੀਤੇ ਯਾਦ ਉਧਾਲੀ, ਸ਼ਹਿਰ ਮੇਰੀਆਂ ਠਹਿਰਾਂ  ਦੀ।

ਵਿਹੜਾ ਕੋਇਲ ਸ਼ਾਮਾਂ ਰਿਮਝਿਮ, ਹਾਸੇ ਕੂਕਾਂ ਮਸ਼ਕਰੀਆਂ,
ਮੇਰੇ ਓਸ ਸਮੁੰਦਰ ਦੇ ਵਿੱਚ, ਮਸਤੀ ਸੀ ਜਿਉਂ ਲਹਿਰਾਂ ਦੀ।

ਕੰਨਾਂ ਟਿੱਪੀ ਬਿੰਦੀ ਅੱਖਰ, ਖਿਲਰੇ ਵਰਕੇ ਕਲਮ ਦਵਾਤ,
ਜੇ ਬਚਿਐ ਤਾਂ ਪੀੜ ਬਚੀ ਹੈ, ਮਿੱਠੀ ਗਜ਼ਲ ਦੇ ਬਹਿਰਾਂ ਦੀ।

 

ਅਮਨਿੰਦਰ ਪਾਲ (ਰਾਹੁਲ)