ਬਠਿੰਡਾ:
ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦੀ ਯੋਗ ਅਗਵਾਈ ਹੇਠ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ 40 ਫ਼ੀਸਦੀ ਦੇ ਕਰੀਬ ਰਕਬਾ ਆ ਗਿਆ ਹੈ, ਜੋ ਕਿ ਲਗਭਗ 37455 ਹੈਕਟੇਅਰ ਬਣਦਾ ਹੈ ਜੋ ਪਿਛਲੇ ਸਾਲ 2019 ਦੌਰਾਨ ਸਿਰਫ 2000 ਹੈਕਟੇਅਰ ਦੇ ਕਰੀਬ ਸੀ। ਸਾਰੇ ਹੀ ਜ਼ਿਲੇ ਵਿੱਚ ਸਿੱਧੀ ਬਿਜਾਈ ਹੇਠ ਜੋ ਰਕਬਾ ਆ ਰਿਹਾ ਹੈ ਉਸ ਅਧੀਨ ਝੋਨੇ ਦੀ ਫਸਲ ਬਹੁਤ ਹੀ ਵਧੀਆ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਨੇ ਦਿੱਤੀ।
ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਨਾਲ 6 ਤੋਂ 7 ਹਜ਼ਾਰ ਰੁਪਏ ਦਾ ਖਰਚਾ ਘੱਟਦਾ ਹੈ ਤੇ ਪਾਣੀ ਦੀ 15 ਫ਼ੀਸਦੀ ਬੱਚਤ ਵੀ ਹੁੰਦੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਬਿਜਾਈ ਰਾਹੀਂ ਝੋਨੇ ਦੀ ਫਸਲ ਨੂੰ ਲਗਾਇਆ ਪਾਣੀ ਵੀ ਜ਼ਮੀਨ ਵਿੱਚ ਚਲਾ ਜਾਂਦਾ ਹੈ ਜਦੋਂ ਕਿ ਕੱਦੂ ਕੀਤੇ ਝੋਨੇ ਵਾਲੀ ਫਸਲ ਦਾ ਪਾਣੀ ਹਵਾ ਵਿੱਚ ਚਲਾ ਜਾਂਦਾ ਹੈ। ਸਿੱਧੀ ਬਿਜਾਈ ਵਾਲੀ ਫਸਲ ਪਹਿਲੇ 15-20 ਦਿਨ ਜੜਾਂ ਦਾ ਵਿਕਾਸ ਹੋਣ ਕਾਰਨ ਭਾਵੇਂ ਠੀਕ ਨਹੀਂ ਲਗਦੀ ਅਤੇ ਕਿਸਾਨ ਵੀਰ ਘਬਰਾਹਟ ਵਿੱਚ ਆ ਕੇ ਵਾਹੁਣ ਦੀ ਸੋਚ ਲੈਂਦੇ ਹਨ ਅਤੇ ਕਿਸਾਨਾਂ ਨੂੰ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਫਸਲ ਕਾਮਯਾਬ ਨਾ ਹੋਏ ਤਾਂ ਵਾਹ ਕੇ ਪਨੀਰੀ ਲਾਉਣ ਦੀ ਸੋਚ ਲੈਂਦੇ ਹਨ । ਇਸ ਸਮੇਂ ਕਿਸਾਨ ਘਬਰਾਹਟ ਵਿਚ ਨਾ ਆਉਣ ਸਗੋਂ ਉਸ ਸਮੇਂ ਉਹ ਮਹਿਕਮੇ ਨਾਲ ਸੰਪਰਕ ਕਰਨ। ਪਰ ਸਿੱਧੀ ਬਿਜਾਈ ਵਾਲੀ ਫਸਲ ਨਾ ਵਾਹੀ ਜਾਵੇ। ਇਸ ਦੇ ਬਹੁਤ ਹੀ ਵਧੀਆ ਨਤੀਜੇ ਨਿਕਲਦੇ ਹਨ ਕਿਉਂਕਿ ਬਹੁਤ ਸਾਰੇ ਕਿਸਾਨ ਇਸ ਨੂੰ 2009 ਤੋਂ ਅਪਣਾ ਰਹੇ ਹਨ।
ਉਨਾਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਫਸਲ ਨੂੰ ਜ਼ਿੰਕ ਸਲਫੇਟ (21 ਫ਼ੀਸਦੀ) 25 ਕਿਲੋਗ੍ਰਾਮ ਪ੍ਰਤੀ ਏਕੜ ਜਾਂ (33 ਫ਼ੀਸਦੀ) 16 ਕਿਲੋਗ੍ਰਾਮ ਪ੍ਰਤੀ ਏਕੜ ਪਾਇਆ ਜਾਵੇ। ਉਨਾਂ ਕਿਹਾ ਕਿ ਹਲਕੀਆਂ ਜ਼ਮੀਨਾਂ ਵਿੱਚ ਝੋਨਾਂ ਪੀਲਾ ਪੈਣ ‘ਤੇ ਫੈਰਸ ਸਲਫੇਟ ਦੀ ਸਪਰੇਅ 1 ਕਿਲੋਗ੍ਰਾਮ ਪ੍ਰਤੀ 100 ਲਿਟਰ ਪਾਣੀ ਵਿੱਚ ਮਿਲਾ ਕੇ ਏਕੜ ਵਿੱਚ ਹਫਤੇ ਦੀ ਵਿੱਥ ‘ਤੇ 2-3 ਸਪਰੇਆਂ ਕੀਤੀਆਂ ਜਾਣ ਤੇ ਯੂਰੀਆ ਖਾਦ 4, 6 ਅਤੇ 9 ਹਫਤੇ ਪੂਰੇ ਹੋਣ ਤੇ 3 ਖੁਰਾਕਾਂ ਵਿੱਚ 130 ਕਿਲੋ ਪ੍ਰਤੀ ਏਕੜ ਪਾਈ ਜਾਵੇ। ਉਨਾਂ ਇਹ ਵੀ ਕਿਹਾ ਕਿ ਨਦੀਨਾਂ ਦੀ ਰੋਕਥਾਮ ਲਈ 20-25 ਦਿਨਾਂ ਵਿੱਚ ਸਿਫਾਰਸ਼ ਅਨੁਸਾਰ ਸਪਰੇਅ ਕੀਤੀ ਜਾਵੇ।