ਮੈਂ ਜਦੋਂ ਇਕੱਲਾ ਹੁੰਦਾ ਹਾਂ ਤਾਂ ਇਕੱਲਾ ਕਿੱਥੇ ਹੁੰਦਾ ਹਾਂ! ਸਗੋਂ ‘ਕੋਈ’ ਮੇਰੇ ਨਾਲ-ਨਾਲ ਹੁੰਦਾ ਐ!!! ਇਹ ਦਰਅਸਲ ਧੁਰ ਅੰਦਰ ਤਕ ਮੇਰਾ ਨਪੀੜਿਆ ਸਵੈ ਹੁੰਦਾ ਹੈ, ਉਹ ਨਿੱਜ ਦੀ ਹੱਦਬੰਦੀ ਤੋਂ ਨਿਕਲ ਕੇ ਵਿਰਾਟ ਹੋ ਜਾਣ ਲਈ ਜੱਦੋਜਹਿਦ ਕਰਦਾ ਰਹਿੰਦਾ ਹੈ। ਨਿੱਜੀ ਤੇ ਜਨਤਕ, ਕਈ ਸਮੱਸਿਆਵਾਂ ਮੇਰੇ ਜ਼ਿਹਨ ਵਿਚ ਘੁੰਮਦੀਆਂ ਹੁੰਦੀਆਂ ਨੇ। ਸਾਡੇ ਸਮਾਜਕ ਤੇ ਸਿਆਸੀ ਨਿਜ਼ਾਮ ਵਿਚ ਸਮੱਸਿਆਵਾਂ ਦਾ ਕੋਈ ਅੰਤ ਨਹੀਂ ਹੈ। ਪਿੱਛੇ ਜਿਹੇ ਇਕ ਰੰਗੀਲਾ ਬਾਬਾ ਬੇਨਕਾਬ ਹੋਇਆ ਤਾਂ ਉਹਦੇ ਨਾਲ ਸਬੰਧਤ ਬਹੁਤ ਸਾਰੇ ਪੱਖ ਉਜਾਗਰ ਹੋਣ ਲੱਗੇ। ਇਕਦਮ ਉਸ ਨੂੰ ਅਰਸ਼ ਤੋਂ ਫ਼ਰਸ਼ ‘ਤੇ ਲਿਆ ਕੇ ਸੁੱਟ ਦਿੱਤਾ ਗਿਆ, ਹਾਲਾਂਕਿ ਮਾਮਲਾ ਕੁਝ ਹੋਰ ਹੀ ਹੈ, ਉਹ ਇਕੱਲਾ ਤਾਂ ਨਹੀਂ ਠੱਗੀ-ਠੋਰੀ ਦੇ ਇਸ ਧੰਦੇ ਵਿਚ! ਜਿਹੜਾ ਨਹੀਂ ਫੜਿਆ ਜਾਂਦਾ, ਬੱਸ ਓਹੀ ‘ਸਾਧ’ ਐ। ਰੰਗੀਲੇ ‘ਮਲਟੀ ਟੈਲੇਂਟਿਡ’ ਬਾਬੇ ਦੇ ਰੰਗਦਾਰ ਕੱਪੜੇ, ਰੌਕਸਟਾਰ ਵਾਲਾ ਅੰਦਾਜ਼, ਇਕ ਤੋਂ ਬਾਅਦ ਇਕ ਕਈ ਫਿਲਮਾਂ, ਵਗੈਰਾ ਵਗੈਰਾ, ਸਭ ਉਹਦਾ ਪ੍ਰਾਪੇਗੰਡਾ ਸੀ। ਸਾਨੂੰ ਇਨ੍ਹਾਂ ਦੇ ਇਕ ਨੇੜਲੇ ਤੇ ਘਰ ਦੇ ਭੇਤੀ ਨੇ ਹੀ ਦੱਸਿਆ ਹੈ ਕਿ ਇਨ੍ਹਾਂ ਕੋਲ ਮੰਚ ‘ਤੇ ਪੇਸ਼ ਹੋਣ ਤੋਂ ਪਹਿਲਾਂ ਮੇਕਅੱਪ ਆਰਟਿਸਟਾਂ ਦੀ ਟੀਮ ਹੁੰਦੀ ਸੀ, ਜਿਹੜੀ ‘ਮੌਕੇ-ਮੇਲ’ ਮੁਤਾਬਕ ਕੱਪੜਿਆਂ ਤੇ ਪੇਸ਼ਕਾਰੀ ਦਾ ਸੁਝਾਅ ਦਿੰਦੀ ਸੀ, ਬਾਬੇ ਤੇ ਹਨੀ ਦੀ ਚਮੜੀ ਨੂੰ ਦਮਕਦੀ ਵਿਖਾਉਣ ਲਈ ਬਾਕਾਇਦਾ ਪੈਰਿਸ (ਫਰਾਂਸ) ਤੋਂ ਮੰਗਾਏ ਮੇਕਅੱਪ ਨਾਲ ਸ਼ੰਗਾਰਿਆ ਜਾਂਦਾ ਸੀ। ਸਮਾਗਮਾਂ ਵਿਚ ਜਿਹੜੀ ਭੀੜ ਅਸੀਂ ਦੇਖਦੇ ਸੀ, ਉਨ੍ਹਾਂ ਵਿੱਚੋਂ ਵੀ ਪੈਰੋਕਾਰ ਘੱਟ ਤੇ ਪੈਸੇ ਜਾਂ ਹੋਰ ਲਾਲਚ ਦੇ ਕੇ ਲਿਆਂਦੇ ਗਏ ਮਜਬੂਰ ਜਾਂ ਗੁਮਰਾਹ ਬੰਦੇ ਹੁੰਦੇ ਸਨ। ਮਕਸਦ ਇਹ ਹੁੰਦਾ ਸੀ ਕਿ ਵੇਖਣ ਵਾਲਿਆਂ ਨੂੰ ਇਵੇਂ ਲੱਗੇ ਜਿਵੇਂ ਇਹ ਆਮ ਲੋਕ ਨਹੀਂ ਹਨ, ਸਗੋਂ ਅਵਤਾਰੀ ਬੰਦੇ ਹਨ।
(2)
ਇਸ ਵਿਚ ਮਜ਼ਾ ਲੈਣ ਦੀ ਜਾਂ ਮਸਾਲੇ ਲਾ ਕੇ ਗੱਲਾਂ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਨੇ ਇਕ ਤਲਿਸਮ ਰਚਿਆ, ਇੰਜ ਲੱਗਦਾ ਸੀ ਕਿ ਜਿਵੇਂ ਹਰਿਆਣਾ ਵਿਚ ਸਰਕਾਰ ਦੇ ਉਸਰੱਈਏ ਹੀ ਇਹ ਲੋਕ ਹੋਣ। ਮਸਲਾ ਇਕ ਜਾਅਲਸਾਜ਼ ਦਾ ਪਖੰਡ ਨੰਗਾ ਹੋਣ ਦਾ ਨਹੀਂ ਹੈ, ਮਸਲਾ ਇਹ ਹੈ ਕਿ ਇਹ ਸਭ ਹੁੰਦਾ ਕੀ ਪਿਐ? ਅੱਜ ਬਾਬਾਗਿਰੀ ਹੀ ਨਹੀਂ ਸਗੋਂ ਸਭ ਕੁਝ ਮਾਰਕੀਟਿੰਗ ਮਤਲਬ ਕਿ ਬਾਜ਼ਾਰੀਕਰਣ ਅਧਾਰਤ ਕਰ ਦਿੱਤਾ ਗਿਐ। ਸਿਆਸਤਦਾਨਾਂ ਦੇ ਹੋਰਡਿੰਗਜ਼ ਤੇ ਬੈਨਰ ਅਸੀਂ ਦੇਖਦੇ ਹਾਂ, ਉਨ੍ਹਾਂ ‘ਤੇ ਉੱਘੜਵੇਂ ਲਫਜ਼ਾਂ ਵਿਚ ਲਿਖਿਆ ਹੁੰਦੈ ਕਿ ਮੇਰਾ ਵਾਰਡ-ਮੇਰਾ ਪਰਿਵਾਰ ਜਾਂ ਮੇਰਾ ਹਲਕਾ- ਮੇਰਾ ਪਰਿਵਾਰ ਆਦਿ। ਸਾਡੇ ਸਿਆਸਤਦਾਨਾਂ ਦੀ ਹਾਲਤ ਤਾਂ ਦੇਖੋ, ਆਪਣੇ ਪਰਿਵਾਰ ਦੇ ਜੀਆਂ ਨੂੰ ਕੀ ਪਰੇਸ਼ਾਨੀ ਹੈ? ਉਹ ਸੁੱਖੀਂ ਵੱਸਦੇ ਨੇ ਜਾਂ ਨਹੀਂ? ਇਹਦੇ ਬਾਰੇ ਪਤਾ ਨਹੀਂ ਹੋਣਾ, ਵਾਰਡ ਤੇ ਹਲਕੇ (ਪੁਲੀਟੀਕਲ ਕਾਂਸੀਚੁਐਂਸੀ) ਦਾ ਫ਼ਿਕਰ ਲੈਣ ਤੁਰੇ ਹਨ। ਇਹ ‘ਫ਼ਿਕਰ’ ਵੀ ਕਿੱਥੋਂ ਹੈ? ਇਹ ਸੈਲਫ-ਮਾਰਕੀਟਿੰਗ ਦਾ ਨੁਕਤਾ ਹੈ।
(3)
ਅਸੀਂ ਪਿੱਛੇ ਜਿਹੇ ਇਕ ਵੀਡੀਓ ਕਲੀਪਿੰਗ ਦੇਖੀ ਸੀ, ਉਹਦੇ ਵਿਚ ਇਕ ਬਾਬਾ ਤੰਬੂ ਜਿਹੇ ਗੱਡ ਕੇ ਸਮਾਗਮ ਕਰ ਰਿਹਾ ਹੁੰਦਾ ਹੈ ਤੇ ਇਕ ਕੁੜੀ ਸਵਾਲ ਕਰਨ ਲਈ ਉੱਠ ਪੈਂਦੀ ਹੈ, ਉਹ ਪੁੱਛਦੀ ਹੈ ਕਿ ਬਾਬਾਜੀ ਇਹ ਸਮਾਗਮ ਰਚਾਉਣ ਲਈ ਕਿੰਨੇ ਦਰਖ਼ਤ ਵੱਢੇ ਗਏ? ਕਿੰਨਾ ਚੌਗਿਰਦਾ ਪਲ਼ੀਤ ਹੋ ਗਿਆ, ਕੁਦਰਤ ਨਾਲ ਖਿਲਵਾੜ ਕੀਤਾ ਗਿਆ, ਇਹ ਸਭ ਕਿਉਂ, ਸਾਰਾ ਧਰਮ ਕੁਦਰਤ ਦੇ ਵਿਰੁੱਧ ਕਿਉਂ ਹੋ ਗਿਆ? ਤਾਂ ਉਸੇ ਦੌਰਾਨ ਕੁੜੀ ਦਾ ਭਰਾ ਉੱਠਦਾ ਹੈ ਤੇ ਭੜਕ ਕੇ ਬੋਲਦਾ ਹੈ, ”ਬਾਬਾਜੀ ਇਸੀ ਲਿਏ ਮੈਂ ਇਸੇ ਆਪ ਕੇ ਪਾਸ ਲਾਇਆ ਥਾ, ਯੇਹ ਘਰ ਪਰ ਭੀ ਐਸੀ ਬਾਤੇਂ ਕਰਤੀ ਰਹਿਤੀ ਹੈ, ਨਾਸਤਿਕ ਹੈ ਯੇ ਲੜਕੀ”। ਉਹ ਕੁੜੀ ਫੇਰ ਵੀ ਨਹੀਂ ਹੱਟਦੀ ਤੇ ਬੋਲਣਾ ਜਾਰੀ ਰੱਖਦੀ ਹੈ, ਬਾਬਾ ਮੌਕਾ ਸੰਭਾਲਦਾ ਹੈ ਤੇ ਆਖਦਾ ਹੈ, ਲਗਤਾ ਹੈ ‘ਪੀਕੇ’ ਔਰ ‘ਓ ਮਾਈ ਗੌਡ’ ਫਿਲਮੇਂ ਤੂੰਨੇ ਦੇਖ ਲੀ ਹੈ, ਤੂੰਨੇ ਫਿਲਮੇਂ ਕਿਆ ਦੇਖ ਲੀ, ਤੁਮ ਧਰਮ-ਕਰਮ ਭੂਲ ਗਈ।”ਇਸ ਤਰ੍ਹਾਂ ਕੁੜੀ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈ। ਹੁਣ ਉਹ ਕੁੜੀ ਵਿਆਹ ਦਿੱਤੀ ਜਾਵੇਗੀ ਤੇ ਨਾ ਉਹਦੇ ਵਿਚਾਰਾਂ ਦੀ ਪੇਕੇ ਸੁਣਵਾਈ ਹੋਈ ਤੇ ਸ਼ਾਇਦ ਹੀ ਸਹੁਰੇ ਘਰ ਕੋਈ ਸੁਣਨ ਵਾਲਾ ਮਿਲੇ। ਜਦੋਂ ਵਿਆਹੀ ਜਾਵੇਗੀ ਤਾਂ ਸੱਸ ਉਹਨੂੰ ਕਈ ਥਾਈਂ ਉਲਝਾ ਦੇਵੇਗੀ, ਉਹਦੀ ਆਵਾਜ਼ ਦੱਬ ਕੇ ਰਹਿ ਜਾਵੇਗੀ, ਉਸ ਤੋਂ ਵੱਧ ਕੁਝ ਨਹੀਂ ਹੋਣਾ। ਪਰ ਇਕ ਗੱਲ ਚੰਗੀ ਹੈ ਕਿ ਜੇ ਅਸੀਂ ਹਰ ਥਾਈਂ ਪਖੰਡਵਾਦ ਵੱਧਦਾ ਫੁੱਲਦਾ ਵੇਖਦੇ ਹਾਂ ਤਾਂ ਕਿਤੇ ਨਾ ਕਿਤੇ ਕੋਈ ਚਿਰਾਗ਼ ਵੀ ਰੌਸ਼ਨ ਹੋ ਰਿਹਾ ਹੁੰਦਾ ਹੈ। ਬਹੁਤ ਮੁਸ਼ਕਲ ਹੈ, ਇਹੋ ਜਿਹੇ ਸਮਾਜ ਵਿਚ ਸੱਚ ਲਿਖਣਾ, ਸੱਚ ਬੋਲਣਾ ਤੇ ਸੱਚ ‘ਤੇ ਅਮਲ ਕਰਨਾ।
(4)
ਦੱਬੇ ਕੁਚਲੇ ਲੋਕਾਂ ਕੋਲ ਹਮੇਸ਼ਾ ਦੋ ਬਦਲ ਹੁੰਦੇ ਹਨ। 1. ਇਹ ਕਿ ਉਹ ਵੰਗਾਰ ਦੇਣ ਤੇ 2. ਇਹ ਕਿ ਉਹ ਆਪਣੀ ਡੋਰ ਉੱਪਰਵਾਲੇ ਦੇ ਹੱਥਾਂ ਵਿਚ ਸੁੱਟ ਦੇਣ। ਕੋਈ ਉਨ੍ਹਾਂ ਨੂੰ ਮਿਲੇ ਤੇ ਇਹ ਭਰੋਸਾ ਦੇ ਦਵੇ ਕਿ ਉਹਦੇ ਮਗਰ ਅੱਖਾਂ ਬੰਦ ਕਰ ਕੇ ਚੱਲਣ ਨਾਲ ਸਾਰੇ ਮਸਲੇ ਹੱਲ ਹੋਣਗੇ, ਇਹ ਲੋਕ ਸੁਹੇਲਾ ਹੋ ਜਾਵੇਗਾ ਤੇ ਪਰਲੋਕ ਵੀ ਸੁਆਰਿਆ ਜਾਵੇਗਾ, ਦੱਬੇ ਕੁਚਲੇ ਲੋਕ ਨਾਲ ਤੁਰ ਪੈਂਦੇ ਹਨ। ਸਿਆਸਤਦਾਨ ਤੇ ਸਾਧ-ਬਾਬੇ ਸਤਾਏ ਹੋਏ ਲੋਕਾਂ ਦੀਆਂ ਮਜਬੂਰੀਆਂ ਵਿੱਚੋਂ ਉਪਜੇ ਮਨੋਵਿਗਿਆਨ ਨੂੰ ਸਾਡੇ ਤੋਂ ਕਿਤੇ ਵੱਧ ਜਾਣਦੇ ਹਨ। ਸ਼ੋਸ਼ਣ ਦਾ ਅਮੁੱਕ ਸਿਲਸਿਲਾ ਏਸੇ ਕਰ ਕੇ ਕਦੇ ਰੁਕਦਾ ਨਹੀਂ।
ਯਾਦਵਿੰਦਰ ਸਿੰਘ
9465329617
ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ।
This comment has been removed by the author.
ਰੰਗੀਲੇ ਬਾਬੇ ਤੇ ਉਹਦੀ ਮੂੰਹ ਬੋਲੀ ਬੇਟੀ ਬਾਰੇ ਏਹ ਸੁਲੇਖ ਤੁਹਾਨੂੰ ਕਿਹੋ ਜਿਹਾ ਲੱਗਾ ਇਹਦੇ ਬਾਰੇ ਲਿਖ ਘੱਲਿਓ ਜਾਂ ਫੋਨ ਕਰ ਸਕਦੇ ਓ।