ਟੁੱਟਦੇ ਰਿਸ਼ਤੇ

383
ਯਥਾਰਥ ਹੈ ਜ਼ਰੂਰਤ ਨਾਲ ਸਭ ਰਿਸ਼ਤੇ ਬਦਲ ਜਾਂਦੇ
ਦਿਲਾਂ ਦੀ ਸਾਂਝ ਕਾਹਦੀ ਹੈ , ਮਨਾਂ ਦਾ ਫਾਸਲਾ ਕੀ ਹੈ । ਐਸ ਨਸੀਮ…ਰਿਸ਼ਤੇ ਬਨਾਉਣ ਵਾਲੇ ਨੇ ਕਿੰਨੀ ਸੰਜੀਦਗੀ ਨਾਲ ਇਨਸਾਨੀ ਰੂਹਾਂ ਨੂੰ ਆਪਸ ਵਿੱੱਚ ਜੋੜਨ ਦੀ ਕਾਢ ਕੱਢੀ ਹੋਵੇਗੀ  । ਬੜੀ ਹੀ ਰੀਝ ਨਾਲ ਇੱਕ ਇੱਕ ਤੰਦ ਪਰੋਇਆ ਹੋਵੇਗਾ । ਪਰ ਜੇ ਅੱਜ ਦੇਖੀਏ ਤਾਂ ਇਹ ਤੰਦਾਂ ਦੀ ਐਸੀ ਤਾਣੀ ਉਲਝੀ ਹੈ ਕਿ ਇਹਨੂੰ ਸੁਲਝਾਉਣਾ ਬਹੁਤ ਮੁਸ਼ਕਿਲ ਜਿਹਾ ਜਾਪਦਾ ਹੈ ।  ਅੱਜ ਮਹਾਮਾਰੀ ਦੇ ਸਮੇਂ ਜਿੱਥੇ ਸਾਨੂੰ ਸਰੀਰਕ ਤੰਦਰੁਸਤੀ ਜ਼ਰੂਰੀ ਹੈ ਉਥੇ ਨਾਲ ਹੀ ਮਾਨਸਿਕ ਤੰਦਰੁਸਤੀ ਦੀ ਵੀ ਜ਼ਰੂਰਤ ਹੈ ਜੀਹਦੇ ‘ ਚ  ਸਾਡੇ ਰਿਸ਼ਤੇ ਬਹੁਤ ਮਹਤਵਪੂਰਣ ਭੂਮਿਕਾ ਨਿਭਾਉਂਦੇ ਹਨ । ਪਰ ਜੋ ਅਸੀਂ ਅੱਜ ਕੱਲ ਖ਼ਬਰਾਂ ਸੁਣ ਰਹੇ ਹਾਂ ਉਹ ਸੁਣ ਕੇ ਲੱਗਦਾ ਹੈ ਕਿ ਅਸੀਂ ਕਿੰਨੇ ਨਿਘਾਰ ਵੱਲ ਜਾ ਰਹੇ ਹਾਂ । ਇੱਕ ਮਾਂ ਤੇ ਬੱਚਿਆ ਦੇ ਰਿਸ਼ਤੇ ਤੋਂ ਉੱਪਰ ਪਾਕੀਜ਼ਗੀ ਵਾਲਾ ਰਿਸ਼ਤਾ ਕੋਈ ਹੋ ਹੀ ਨਹੀੰ ਸਕਦਾ ਪਰ ਅੱਜ ਕਿਧਰੇ ਕੋਈ ਬੱਚੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿੱੱਚ ਸ਼ਾਮਿਲ ਨਹੀ ਹੋ ਰਹੇ ਤੇ ਕਿਧਰੇ ਕੋਈ ਮਾਂ ਆਪਣੇ ਕੁਖੋਂ ਜੰਮੇ ਲਈ ਬੂਹਾ ਨਹੀ ਖੋਲ ਰਹੀ।ਇਉਂ ਲੱਗ ਰਿਹੈ ਕਿ ਸਾਰੇ ਰਿਸ਼ਤੇ ਤਿਆਗ ਕੇ ਅਸੀ, ਇਕੱਲਤਾ ਨਾਲ ਲੜ ਰਹੇ ਹਾਂ ।ਇਹ ਸਭ ਵਾਪਰਦਿਆਂ ਸਾਡੀ ਦਿਲ ਸੂਚੀ ਕਿਧਰੇ ਗੁਆਚ ਜਹੀ ਗਈ ਹੈ ।  ਇਹ ਸਾਡੇ ਸਵਾਰਥ ਦੀ ਹੋਂਦ ਹੈ । ਪਰ ਅਫ਼ਸੋਸ ਕਿ ਅਸੀ ਇਸ ਹੋਂਦ ਦੇ ਰੁਕਣ ਦੀ ਬਜਾਏ ਇਸ ਨੂੰ ਪਾਰ ਕਰ ਰਹੇ ਹਾਂ ਤੇ ਇਹ ਸਭ ਨੇ ਸਾਡੇ ਸਾਰੇ ਰਿਸ਼ਤਿਆਂ ਦੀ ਪਰਿਭਾਸ਼ਾ ਖੋਹ ਲਈ ਹੈ । ਇਹ ਸਭ ਜੋ ਵਾਪਰ ਰਿਹਾ ਹੈ ਜੇ ਇਸ ਨੂੰ ਗਹੁ ਨਾਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਮਨੁੱਖ ਰਿਸ਼ਤਿਆਂ ਤੋਂ ਦੂਰ ਹੋਣ ਤੋਂ ਪਹਿਲਾਂ ਆਪਣੇ ਆਪ ਤੋਂ ਕੋਹਾਂ ਦੂਰ ਚਲਾ ਗਿਆ ਹੈ। ਅੱਜ ਲੋੜ ਹੈ ਕਿ ਅਸੀ ਆਪਣੇ ਅੰਦਰਲੇ ਤੇ ਬਾਹਰਲੇ ਖਿਲਾਰੇ ਸਮੇਟੀਏ , ਕਿੰਂਨਾ ਕੁਛ ਹੈ ਜੋ ਥਾਓਂ ਟਿਕਾਉਣ ਵਾਲਾ ਹੈ । ਸਾਡੇ ਖ਼ੁਦ ਲਈ ਵੀ ਤੇ ਸਾਡੇ ਰਿਸ਼ਤਿਆ ਲਈ ਵੀ ਟਕਾਓ ਤੇ ਰਹਾਓ ਸਾਡੀ ਜ਼ਿੰਦਗੀ ‘ ਚ ਬਹੁਤ ਜ਼ਰੂਰੀ ਹੁੰਦੇ ਹਨ ।

ਸੀਪਿਕਾ