ਤਾਲਾਬੰਦੀ ਨੂੰ ਖਤਮ ਕਰਵਾਉਣ ਲਈ ਪਿੰਡਾਂ ‘ਚ ਸਰਕਾਰ ਦੀਆਂ ਸਾੜੀਆਂ ਅਰਥੀਆਂ

342

ਮੋਗਾ

ਲੋਕ ਸੰਗਰਾਮ ਮੰਚ ਅਤੇ ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ, ਲੈਨਿਨਵਾਦੀ(ਨਿਉ ਡੈਮੋਕਰੇਸੀ) ਦੇ ਸਾਂਝੇ ਸੱਦੇ ਤਹਿਤ ਲਾਕਡਾਉਨ ਦੌਰਾਨ ਲੋਕਾਂ ਲਈ ਜਰੂਰੀ ਵਸਤਾ ਮੁਹੱਈਆ ਕਰਨ ‘ਚ ਨਾਕਾਮ, ਇਸ ਦੀ ਆੜ ਹੇਠ ਕਿਰਤ ਕਾਨੂੰਨਾਂ ਵਿੱਚ ਮਜਦੂਰ ਵਿਰੋਧ ਸੋਧਾਂ ਕਰਨ, ਬੁੱਧੀਜੀਵੀਆਂ ਨੂੰ ਜੇਲੀਂ ਡੱਕਣ, ਆਮ ਲੋਕਾਂ ਨੂੰ ਜਬਰੀ ਕੁੱਟਣ, ਪਰਚੇ ਕਰਨ ਵਾਲੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੋਗੇ ਦੇ ਪਿੰਡ ਰੋਡੇ, ਨੱਥੂਵਾਲਾ ਗਰਬੀ, ਨਾਹਲ ਖੋਟੇ, ਬਹੋਨਾ, ਬੱਧਨੀ, ਮੋਗਾ, ਮਹਿਣਾ ਅਤੇ ਹੋਰ ਕਈ ਪਿੰਡਾਂ, ਸ਼ਹਿਰਾਂ ਵਿੱਚ ਅਰਥੀਆਂ ਸਾੜ ਕੇ ਲਾਕਡਾਉਨ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ। ਵੱਖ-ਵੱਖ ਪਿੰਡਾਂ ਵਿੱਚ ਸੰਬੋਧਨ ਕਰਦਿਆਂ ਭਾਰਤੀ ਕਮਿਉਨਿਸਟ ਪਾਰਟੀ ਮਾਰਕਸਵਾਦੀ, ਲੈਨਿਨਵਾਦੀ (ਨਿਉ ਡੈਮੋਕਰੇਸੀ) ਦੇ ਆਗੂ ਕਾ. ਨਿਰਭੈ ਸਿੰਘ ਢੁੱਡੀਕੇ, ਲੋਕ ਸੰਗਰਾਮ ਮੰਚ ਦੇ ਆਗੂ ਤਾਰਾ ਸਿੰਘ ਮੋਗਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਲੋਕਾਂ ਲਈ ਮੁਸੀਬਤ ਅਤੇ ਸਰਕਾਰਾਂ ਲਈ ਨਿਆਮਤ ਬਣ ਕੇ ਬਹੋੜਿਆ ਹੈ।

ਲਾਕਡਾਊਨ ਦੀ ਆੜ ਵਿੱਚ ਕੇਂਦਰ ਸਰਕਾਰ ਹਵਾਈ ਅੱਡੇ, ਕੋਇਲੇ ਦੀਆਂ ਖਾਣਾਂ ਆਦਿ ਨਿੱਜੀ ਹੱਥਾਂ ਨੂੰ ਵੇਚ ਚੁੱਕੀ ਹੈ। ਹੁਣ ਕਿਸਾਨਾਂ ਦੀ ਖੇਤੀ ਦੀ ਬਿਜਲੀ ਸਬਸਿਡੀ ਕੱਟਣ ਜਾ ਰਹੀ ਹੈ। ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਕੰਮ ਦੇ ਘੰਟੇ 8 ਤੋਂ 12 ਕਰਨ ਦੀ ਤਿਆਰੀ ਕਰ ਰਹੀ ਹੈ। ਲੋਕ ਹਿੱਤਾਂ ਦੇ ਰਾਖੇ ਗੌਤਮ ਨਵਲੱਖਾ ਜਿਹਿਆ ਨੂੰ ਜੇਲੀਂ ਡੱਕ ਕੇ ਉਹਨਾਂ ਦੀਆਂ ਜਾਨਾਂ ਲੈ ਲੈਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਹਿ ਕੇ ਲੋੜਵੰਦਾਂ ਨੂੰ ਰਾਸ਼ਨ ਨਹੀਂ ਦਿੱਤਾ, ਸਕੂਲਾਂ ਵਾਲੇ ਵਿਦਿਆਰਥੀਆਂ ਤੋਂ ਜਬਰੀ ਫੀਸਾਂ ਅਤੇ ਮਾਈਕ੍ਰੋ ਫਾਈਨਾਂਸ ਕੰਪਨੀਆਂ ਵਾਲੇ ਕਰਜੇ ਦੀਆਂ ਕਿਸ਼ਤਾਂ ਮੰਗ ਰਹੇ ਹਨ।

ਉਹਨਾਂ ਕਿਹਾ ਕਿ ਸਰਕਾਰ ਦਾ ਫਰਜ ਤਾਂ ਬਣਦਾ ਹੈ ਕਿ ਉਹ ਹਰ ਮਜਦੂਰ ਦੇ ਖਾਤੇ ਵਿੱਚ 10-10 ਹਜਾਰ ਰੁਪਏ ਜਮਾਂ ਕਰਾਵੇ। ਉਹਨਾਂ ਸਰਕਾਰ ਦੀਆਂ ਤਮਾਮ ਨਾਕਾਮੀਆਂ, ਧੱਕੇਸ਼ਾਹੀਆਂ ਦਾ ਵਿਰੋਧ ਕਰਦਿਆਂ ਮੰਗ ਕੀਤੀ ਕਿ ਲਾਕਡਾਉਨ ਨੂੰ ਤੁਰੰਤ ਖੋਲਿਆ ਜਾਵੇ। ਜੇਕਰ ਸਰਕਾਰ 31 ਮਈ ਤੋਂ ਅੱਗੇ ਲਾਕਡਾਉਨ ਵਧਾਉਂਦੀ ਹੈ ਤਾਂ ਅਸੀਂ ਸੜਕਾਂ ‘ਤੇ ਆਵਾਂਗੇ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਤੀਕਾਰੀ ਦੇ ਜਿਲਾ ਆਗੂ ਬਿੱਕਰ ਸਿੰਘ, ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਭੂਰ ਸਿੰਘ ਰਾਮਾ, ਸੂਬਾ ਕਮੇਟੀ ਮੈਂਬਰ ਮੰਗਾ ਸਿੰਘ ਵੈਰੋਕੇ, ਕਾਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਸੂਬਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਚਮਕੌਰ ਸਿੰਘ ਰੋਡੇ, ਇਨਕਲਾਬੀ ਲੋਕ ਮੋਰਚਾ ਦੇ ਆਗੂ ਦਰਸ਼ਨ ਤੂਰ, ਨੌਜਵਾਨ ਭਾਰਤ ਸਭਾ ਦੇ ਇਲਾਕਾ ਪ੍ਰਧਾਨ ਰਜਿੰਦਰ ਰਾਜਿਆਣਾ, ਇਲਾਕਾ ਸਕੱਤਰ ਕਰਮਜੀਤ ਸਿੰਘ ਮਾਣੂੰਕੇ ਆਦਿ ਨੇ ਸੰਬੋਧਨ ਕੀਤਾ।