ਅਵਾਮ ਇਸ ਵੇਲੇ ਤਾਲਾਬੰਦੀ ਦੇ ਕਾਰਨ ਘਰਾਂ ਦੇ ਵਿੱਚ ਬੰਦ ਹੈ। ਅਵਾਮ ਨੂੰ ਕੁੱਝ ਨਹੀਂ ਪਤਾ ਕਿ ਬਾਹਰ ਕੀ ਚੱਲ ਰਿਹਾ ਹੈ, ਜੋ ਕੁਝ ਹੀ ਟੀਵੀਆਂ ਉੱਪਰ ਵਿਖ ਰਿਹਾ ਹੈ, ਉਸ ਨੂੰ ਹੀ ਆਵਾਮ ਪੱਕਾ ਯਕੀਨ ਕਰਕੇ ਮੰਨ ਰਹੀ ਹੈ। ਭਾਰਤੀ ਟੀਵੀ ਚੈਨਲਾਂ ਉੱਪਰ ਇਸ ਵੇਲੇ ਸਭ ਤੋਂ ਵੱਡਾ ਰੌਲਾ ਕਰੋਨਾ ਵਾਇਰਸ ਦਾ ਪਾਇਆ ਜਾ ਰਿਹਾ ਹੈ, ਕਰੋਨਾ ਵਾਇਰਸ ਹੀ ਸਾਰੇ ਨਿਊਜ਼ ਚੈਨਲਾਂ ਦੇ ਉੱਪਰ ਚੱਲ ਰਿਹਾ ਹੈ, ਕੋਈ ਵੀ ਅਜਿਹਾ ਮੀਡੀਆ ਅਦਾਰਾ ਨਹੀਂ, ਜਿਸ ਉੱਪਰ ਕਰੋਨਾ ਦੀ ਖ਼ਬਰ ਨਾ ਚੱਲ ਰਹੀ ਹੋਵੇ। ਇਸ ਵੇਲੇ ਭਾਰਤੀ ਮੀਡੀਆ ਦੇ ਵੱਲੋਂ ਸਰਕਾਰ ਦੀ ਬੋਲੀ ਬੋਲ ਕੇ ਗਰੀਬ ਜਨਤਾ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਪਿਛਲੇ ਛੇ ਸੱਤ ਸਾਲਾਂ ਦੇ ਵਿੱਚ ਭਾਰਤੀ ਮੀਡੀਆ ਦਾ ਮਿਆਰ ਏਨਾ ਕੁ ਗਿਰ ਚੁੱਕਿਆ ਹੈ ਕਿ ਕੋਈ ਕਹਿਣ ਦੀ ਹੱਦ ਨਹੀਂ। ਗੋਦੀ ਮੀਡੀਆ ਦਾ ਕੂੜ ਪ੍ਰਚਾਰ ਭਾਰਤ ਦੀ ਬਰਬਾਦੀ ਦਾ ਕਾਰਨ ਬਣ ਰਿਹਾ ਹੈ। ਗੋਦੀ ਮੀਡੀਆ ਵੱਲੋਂ ਲੋਕ ਮਸਲਿਆਂ ਦੀ ਗੱਲ ਨਾ ਕਰਕੇ ਜਨਤਾ ਨੂੰ ਧਰਮ ਅਤੇ ਜਾਤ ਦੇ ਨਾਮ ਤੇ ਲੜਾਇਆ ਜਾ ਰਿਹਾ ਹੈ ਅਤੇ ਨਫਰਤ ਫੈਲਾਈ ਜਾ ਰਹੀ ਹੈ।।ਸਿਆਸੀ ਲੀਡਰਾਂ ਦਾ ਕੰਮ ਇਸ ਵੇਲੇ ਭਾਰਤੀ ਮੀਡੀਆ ਕਰ ਰਿਹਾ ਹੈ। ਭਾਰਤ ਭਰ ਦੇ ਅੰਦਰ ਇਸ ਵੇਲੇ ਸਭ ਤੋਂ ਵੱਧ ਜੇਕਰ ਲੋਕ ਸਹਿਮੇ ਹੋਏ ਹਨ ਤਾਂ ਉਹ ਹੈ ਕਰੋਨਾ ਵਾਇਰਸ। ਕਿਉਂਕਿ ਕਰੋਨਾ ਵਾਇਰਸ ਨੇ ਹੁਣ ਤੱਕ ਕਰੀਬ ਹਜ਼ਾਰਾਂ ਲੋਕਾਂ ਦੀਆਂ ਦੁਨੀਆਂ ਭਰ ਵਿੱਚ ਜਾਨਾਂ ਲੈ ਲਈਆਂ ਹਨ। ਕਰੋਨਾ ਵਾਇਰਸ ਦੀ ਦਵਾਈ ਵੀ ਕਈ ਦੇਸ਼ਾਂ ਦੇ ਵੱਲੋਂ ਲੱਭ ਲਈ ਗਈ ਹੈ, ਪਰ ਭਾਰਤ ਇੱਕ ਅਜਿਹਾ ਦੇਸ਼ ਹੈ, ਜਿੱਥੇ ਦਵਾਈ ਲੱਭਣ ਦੀ ਬਜਾਏ ਲੋਕਾਂ ਨੂੰ ਥਾਲੀਆਂ ਖੜਕਾਉਣ ਤਾਲੀਆਂ ਵਜਾਉਣ ਤੋਂ ਇਲਾਵਾ ਨੂੰ ਬੱਤੀਆਂ ਅਤੇ ਦੀਵੇ ਬਾਲ ਕੇ ਕਰੋਨਾ ਦਾ ਇਲਾਜ ਕਰਨ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਹੀ ਦਾਅਵਾ ਕੀਤਾ ਗਿਆ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤੇ ਪੜ੍ਹੇ ਲਿਖੇ ਨਹੀਂ, ਪਰ ਉਨ੍ਹਾਂ ਦੇ ਅੰਦਰ ਇੱਕ ਅਜਿਹਾ ਅੰਧ ਵਿਸ਼ਵਾਸ ਵੜਿਆ ਹੋਇਆ ਹੈ, ਜੋ ਪੜਿਆਂ ਲਿਖਿਆਂ ਨੂੰ ਵੀ ਫੇਲ ਕਰ ਰਿਹਾ ਹੈ ਅਤੇ ਵਿਗਿਆਨ ਨੂੰ ਇੱਕ ਨੁੱਕਰੇ ਲਾ ਕੇ ਰੱਖ ਦਿੰਦਾ ਹੈ। ਅੱਜ ਸਾਡੇ ਦੇਸ਼ ਵਿੱਚ ਜਿੱਥੇ ਵੱਡੇ ਪੱਧਰ ਤੇ ਲੋਕ ਭੁੱਖ ਨਾਲ ਮਰ ਰਹੇ ਹਨ, ਉਥੇ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਅਜਿਹੇ ਅਜਿਹੇ ਵੱਡੇ ਬਿਆਨ ਝਾੜ ਰਹੇ ਹਨ, ਜਿਸ ਦੇ ਕਾਰਨ ਗਰੀਬਾਂ ਦੇ ਜ਼ਖ਼ਮਾਂ ਤੇ ਲੂਣ ਝਟਕਣ ਵਾਲਾ ਕੰਮ ਹੋ ਰਿਹਾ ਹੈ। ਗਰੀਬ ਜਿਹੜਾ ਕਿ ਪਹਿਲੋਂ ਹੀ ਕਈ ਮੁਸੀਬਤਾਂ ਦੇ ਕਾਰਨ ਰਗੜਿਆ ਪਿਆ ਹੋਇਆ ਹੈ, ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਲਾਕਡਾਊਨ ਕਰਕੇ ਹੋਰ ਰਗੜਿਆ ਜਾ ਰਿਹਾ ਹੈ ਅਤੇ ਦਵਾਈਆਂ ਨਾ ਦੇ ਕੇ ਰੋਟੀ ਪਾਣੀ ਖੋਹ ਕੇ ਉਨ੍ਹਾਂ ਦੇ ਘਰਾਂ ਨੂੰ ਉਜਾੜਨ ਤੱਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵੱਡੇ ਵੱਡੇ ਸ਼ਹਿਰਾਂ ਵਿੱਚ ਇਸ ਵੇਲੇ ਜਿਥੇ ਮਹਿੰਗੇ ਭਾਅ ਤੇ ਮਾਸਕ ਦਵਾਈਆਂ ਆਦਿ ਵਿਕ ਰਹੀਆਂ ਹਨ, ਉਥੇ ਸਬਜ਼ੀਆਂ ਅਤੇ ਹੋਰ ਖਾਣ ਪੀਣ ਵਾਲੇ ਸਾਮਾਨ ਦੀ ਕੀਮਤ ਵੀ ਕਾਫ਼ੀ ਜ਼ਿਆਦਾ ਵੱਧ ਚੁੱਕੀ ਹੈ। ਜਿਸ ਕਾਰਨ ਲੋਕਾਂ ਵਿਚ ਕਾਫ਼ੀ ਜ਼ਿਆਦਾ ਰੋਹ ਵੇਖਣ ਮਿਲ ਰਿਹਾ ਹੈ। ਭਾਰਤ ਦੇ ਅੰਦਰ ਪਹਿਲਾਂ ਵੀ ਕਈ ਬਿਮਾਰੀਆਂ ਅਜਿਹੀਆਂ ਹਨ, ਜਿਨ੍ਹਾਂ ਦਾ ਇਲਾਜ ਨਹੀਂ ਹੁੰਦਾ। ਜਿਵੇਂ ਕਿ ਕੈਂਸਰ ਟੀ ਬੀ ਤੋਂ ਇਲਾਵਾ ਹੋਰ ਕਈ ਨਾਮੁਰਾਦ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਭਾਰਤ ਵਿੱਚ ਨਹੀਂ ਹੁੰਦਾ, ਪਰ ਕਰੋਨਾ ਵਾਇਰਸ ਦਾ ਇਲਾਜ ਜ਼ਰੂਰ ਮੋਦੀ ਭਗਤ ਥਾਲੀਆਂ ਖੜਕਾ ਕੇ ਅਤੇ ਦੀਵੇ ਮੋਮਬੱਤੀਆਂ ਜਗਾ ਕੇ ਕਰ ਲੈਣਗੇ।
ਸਾਥੀਓ, ਜੇਕਰ ਦੂਜੇ ਪਾਸੇ ਕਰੋਨਾ ਵਾਇਰਸ ਦੇ ਕਾਰਨ ਵਿਸ਼ਵ ਭਰ ਤੇ ਨਿਗਾਹ ਮਾਰੀਏ ਤਾਂ ਇਸ ਵੇਲੇ ਤਕਰੀਬਨ 192 ਦੇਸ਼ ਕਰੋਨਾ ਦੇ ਨਾਲ ਜੂਝ ਰਹੇ ਹਨ। ਬੇਸ਼ੱਕ ਹੁਣ ਤੱਕ ਕਈ ਦੇਸ਼ਾਂ ਦੇ ਵਿੱਚ ਕਰੋਨਾ ਵਾਇਰਸ ਦਾ ਇਲਾਜ ਵੀ ਲੱਭ ਲਿਆ ਗਿਆ ਹੈ ਅਤੇ ਉੱਥੋਂ ਦੇ ਲੋਕ ਵੀ ਬਿਲਕੁਲ ਠੀਕ ਠਾਕ ਹੋ ਚੁੱਕੇ ਹਨ, ਪਰ ਭਾਰਤ ਵਰਗੇ ਦੇਸ਼ ਵਿੱਚ ਇਸ ਵੇਲੇ ਕਰੋਨਾ ਵਾਇਰਸ ਦਾ ਇਲਾਜ ਨਹੀਂ ਲੱਭ ਸਕਿਆ। ਜਿਸ ਦੇ ਕਾਰਨ ਭਾਰਤੀ ਹਕੂਮਤ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਵਿੱਚ ਵੜ ਰਹੀ ਹੈ। ਭਾਰਤ ਜਿਹੜਾ ਕਿ ਪਹਿਲੋਂ ਹੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਉਸ ਦੇ ਉੱਪਰ ਹੋਰ ਅਰਬਾਂ ਖਰਬਾਂ ਰੁਪਏ ਦਾ ਬੋਝ ਭਾਰਤੀ ਹਕੂਮਤ ਦੇ ਵੱਲੋਂ ਪਾਇਆ ਜਾ ਰਿਹਾ ਹੈ। ਭਾਰਤ ਦਾ ਗ਼ਰੀਬ ਤਬਕਾ ਜਿਹੜਾ ਕਿ ਦੋ ਵੇਲੇ ਦੀ ਰੋਟੀ ਨੂੰ ਤਰਸ ਰਿਹਾ ਹੈ, ਉਸ ਦੇ ਹੱਥ ਰੋਟੀ ਨਾ ਦੇ ਕੇ ਸਰਕਾਰ ਆਪਣੇ ਫਰਜਾਂ ਤੋਂ ਭੱਜ ਰਹੀ ਹੈ। ਕਰੋਨਾ ਵਾਇਰਸ ਦਾ ਸੰਕਟ ਭਾਰਤ ‘ਚ ਕਰੋੜਾਂ ਲੋਕਾਂ ਨੂੰ ਅੱਤ ਦੀ ਗ਼ਰੀਬੀ ਵਿੱਚ ਸੁੱਟ ਸਕਦਾ ਹੈ। ਇਹ ਅਸੀਂ ਨਹੀਂ ਕਹਿ ਰਹੇ, ਬਲਕਿ ਸੰਯੁਕਤ ਰਾਸ਼ਟਰ ਦੇ ਵੱਲੋਂ ਇਸ ਦੀ ਰਿਪੋਰਟ ਪੇਸ਼ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਭਾਰਤ ਪਹਿਲੋਂ ਹੀ ਆਰਥਿਕ ਸੰਕਟ ਵਿੱਚ ਹੈ। ਭਾਰਤ ਦੇ ਕੋਲ ਖਾਸਾ ਰੁਪਇਆ ਨਹੀਂ ਹੈ, ਜਿਸ ਦੇ ਕਾਰਨ ਭਾਰਤ ਦੇ ਅੰਦਰ ਹਰ ਸਾਲ ਹੀ ਲੱਖਾਂ ਨੌਜਵਾਨ ਬੇਰੁਜ਼ਗਾਰ ਅਤੇ ਕਿਸਾਨ ਆਰਥਿਕ ਤੰਗੀ ਦੇ ਕਾਰਨ ਖ਼ੁਦਕੁਸ਼ੀ ਕਰ ਜਾਂਦੇ ਹਨ। ਪਰ ਸਾਡੀਆਂ ਸਰਕਾਰਾਂ ਨੂੰ ਇਨ੍ਹਾਂ ਦਾ ਕੋਈ ਫਿਕਰ ਨਹੀਂ। ਸਾਡੇ ਦੇਸ਼ ਦੇ ਅੰਦਰ ਹਰ ਸਾਲ ਭੁੱਖਮਰੀ ਤੋਂ ਇਲਾਵਾ ਟੀਬੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਲੋਕ ਮਾਰਦੇ ਹਨ। ਪਰ ਇਸ ਵੱਲ ਕਦੇ ਵੀ ਸਰਕਾਰ ਦਾ ਧਿਆਨ ਨਹੀਂ ਜਾਂਦਾ। ਅੱਜ ਦੇਸ਼ ਭਰ ਦੇ ਅੰਦਰ ਕਰੋਨਾ ਵਾਇਰਸ ਦੇ ਕਾਰਨ ਬਿਲਕੁਲ ਕੰਮ ਕਾਰ ਠੱਪ ਪਿਆ ਹੈ। ਲੱਖਾਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿ ਪਹਿਲਾਂ ਹੀ ਬੇਰੁਜ਼ਗਾਰ ਹਨ, ਨੌਕਰੀਆਂ ਦੀ ਭਾਲ ਵਿੱਚ ਹਨ, ਉਹ ਵੀ ਇਨ੍ਹਾਂ ਦਿਨਾਂ ਵਿੱਚ ਘਰਾਂ ਅੰਦਰ ਤੜੇ ਪਏ ਹਨ। ਸਰਕਾਰੀ ਮੁਲਾਜ਼ਮਾਂ ਨੂੰ ਤਾਂ ਖ਼ੈਰ ਸਰਕਾਰ ਦੇ ਵੱਲੋਂ ਤਨਖਾਹ ਦੇਣ ਦਾ ਫੈਸਲਾ ਕਰ ਹੀ ਲਿਆ ਗਿਆ ਹੈ, ਪਰ ਨਿੱਜੀ ਕੰਪਨੀਆਂ ਦੇ ਵੱਲੋਂ ਅਜਿਹਾ ਕੋਈ ਵੀ ਪ੍ਰਸਤਾਵ ਪਾਸ ਨਹੀਂ ਕੀਤਾ ਗਿਆ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਵੇਗੀ ਜਾਂ ਨਹੀਂ।
ਤਾਲਾਬੰਦੀ ਕਾਰਨ ਗਰੀਬ ਤਬਕਾ ਬਹੁਤ ਮੰਦੜੇ ਹਾਲ ਵਿਚੋਂ ਲੰਘ ਰਿਹਾ ਹੈ। ਗਰੀਬਾਂ ਨੂੰ ਜਿੱਥੇ ਦੋ ਵੇਲੇ ਦੀ ਰੋਟੀ ਨਸੀਬ ਨਹੀਂ ਹੋ ਰਹੀ, ਉੱਥੇ ਹੀ ਗਰੀਬ ਤਬਕਿਆਂ ਦਾ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਮਜ਼ਾਕ ਵੀ ਉਡਾਇਆ ਜਾ ਰਿਹਾ ਹੈ। ਕਈ ਸਰਕਾਰੀ ਅਧਿਕਾਰੀ ਤਾਂ ਗਰੀਬਾਂ ਦੇ ਨਾਲ ਅਜਿਹਾ ਕੁਝ ਕਰ ਰਹੇ ਹਨ ਕਿ ਦੱਸਣ ਲੱਗਿਆਂ ਵੀ ਸ਼ਰਮ ਆਉਂਦੀ ਹੈ। ਇਸੇ ਦੱਸ ਦਈਏ ਕਿ ਇਸ ਕਰੋਨਾ ਵਾਇਰਸ ਦੇ ਵਿੱਚ ਇਸ ਵੇਲੇ ਸਭ ਤੋਂ ਜ਼ਿਆਦਾ ਸਿਆਸਤ ਹੋ ਰਹੀ ਹੈ ਅਤੇ ਉਹ ਵੀ ਮੌਜੂਦਾ ਹਕੂਮਤ ਕਰ ਰਹੀ ਹੈ। ਮੌਜੂਦਾ ਹਕੂਮਤ ਵਲੋਂ ਲੋਕ ਮੁੱਦਿਆਂ ਤੇ ਜਰਾ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਬੇਸ਼ੱਕ ਹੁਣ ਕਰੋਨਾ ਵਾਇਰਸ ਦਾ ਹੀ ਚਾਰੇ ਪਾਸੇ ਗੁਣਗਾਨ ਗੋਦੀ ਮੀਡੀਆ ਦੇ ਵੱਲੋਂ ਕੀਤਾ ਜਾ ਰਿਹਾ ਹੈ, ਪਰ ਜੋ ਲੋਕ ਮਸਲੇ ਪਹਿਲੋਂ ਉਮੜੇ ਹੋਏ ਸਨ, ਉਨ੍ਹਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ।ਦੱਸ ਦਈਏ ਕਿ ਅਮਿਤ ਸ਼ਾਹ ਤੋਂ ਇਲਾਵਾ ਨਰਿੰਦਰ ਮੋਦੀ ਦੇ ਵੱਲੋਂ ਤਕਰੀਬਨ ਹੀ ਸਾਰੇ ਚੈਨਲਾਂ ਨੂੰ ਆਪਣੀ ਮੁੱਠੀ ਦੇ ਵਿੱਚ ਕੀਤਾ ਹੋਇਆ ਹੈ। ਜਿਸ ਦੇ ਕਾਰਨ ਬਹੁਤ ਸਾਰੀਆਂ ਖਬਰਾਂ ਜੋ ਕਿ ਗੋਦੀ ਮੀਡੀਆ ਦੇ ਵੱਲੋਂ ਵਿਖਾਈਆਂ ਹੀ ਨਹੀਂ ਜਾਂਦੀਆਂ। ਗੋਦੀ ਮੀਡੀਆ ਦੇ ਵੱਲੋਂ ਤਾਂ ਹਮੇਸ਼ਾਂ ਹੀ ਸਰਕਾਰ ਦੀ ਬੋਲੀ ਬੋਲੀ ਜਾਂਦੀ ਰਹੀ ਹੈ, ਜਦੋਂ ਕਿ ਲੋਕਾਂ ਦੀ ਗੱਲ ਕਦੇ ਵੀ ਨਹੀਂ ਕੀਤੀ ਜਾਂਦੀ। ਧਰਮ ਜਾਤ ਪਾਤ ਦੇ ਨਾਂਅ ਤੇ ਹਮੇਸ਼ਾਂ ਹੀ ਗੋਦੀ ਮੀਡੀਆ ਦੇ ਵੱਲੋਂ ਸਰਕਾਰ ਦਾ ਸਾਥ ਦੇ ਕੇ ਲੋਕਾਂ ਨੂੰ ਲੜਾਇਆ ਮਰਵਾਇਆ ਜਾਂਦਾ ਰਿਹਾ ਹੈ। ਜਦੋਂ ਕਿ ਅਸਲੀਅਤ ਵਿੱਚ ਅਵਾਮ ਕਦੇ ਵੀ ਨਹੀਂ ਚਾਹੁੰਦੀ ਕਿ ਉਹ ਲੜੇ।
ਦੂਜੇ ਪਾਸੇ ਇਕ ਗੈਰ-ਸਰਕਾਰੀ ਅਦਾਰੇ ‘ਜਨ ਸਾਹਜ’ ਦੁਆਰਾ ਉੱਤਰ ਅਤੇ ਮੱਧ-ਭਾਰਤ ਦੇ ਮਜ਼ਦੂਰਾਂ ਵਿਚਕਾਰ ਕੀਤੇ ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ 42 ਫੀਸਦੀ ਮਜ਼ਦੂਰਾਂ ਕੋਲ਼ ਇੱਕ ਦਿਨ ਦਾ ਵੀ ਰਾਸ਼ਨ ਨਹੀਂ ਹੈ। 92 ਫੀਸਦੀ ਮਜ਼ਦੂਰ ਆਪਣਾ ਰੁਜ਼ਗਾਰ ਗਵਾ ਚੁੱਕੇ ਹਨ। ਇੱਕ ਤਿਹਾਈ ਮਜ਼ਦੂਰ ਸ਼ਹਿਰਾਂ ਵਿੱਚ ਫਸੇ ਨੇ ਜਿੱਥੇ ਉਹਨਾਂ ਨੂੰ ਪਾਣੀ, ਭੋਜਨ ਤੇ ਪੈਸਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਭਗ ਅੱਧੇ ਪ੍ਰਵਾਸੀ ਮਜ਼ਦੂਰ ਪਹਿਲਾਂ ਹੀ ਆਪਣੇ ਘਰ ਵੱਲ ਨੂੰ ਮੂੰਹ ਕਰ ਚੁੱਕੇ ਨੇ। ਜਿਸ ਦੌਰਾਨ ਪੈਦਲ ਹੀ ਰਸਤੇ ਦੀਆਂ ਮੁਸ਼ਕਿਲਾਂ ਸਹਿੰਦੇ ਕਈ ਮਜ਼ਦੂਰਾਂ ਦੀ ਮੌਤ ਵੀ ਹੋ ਚੁੱਕੀ ਹੈ। 31 ਫੀਸਦੀ ਮਜ਼ਦੂਰਾਂ ਨੇ ਕਰਜ਼ਾ ਲਿਆ ਹੈ। ਇਹ ਕਰਜ਼ਾ ਬੈਂਕ ਤੋਂ ਨਹੀਂ ਉਧਾਰ ਦੇਣ ਵਾਲ਼ਿਆਂ ਤੋਂ ਲਿਆ ਗਿਆ ਹੈ। ਰੁਜ਼ਗਾਰ ਖੁੱਸ ਜਾਣ ਕਾਰਨ ਜਿਸ ਨੂੰ ਚੁਕਾਉਣਾ ਮੁਸ਼ਕਲ ਹੋਵੇਗਾ। 79 ਫੀਸਦੀ ਕਰਜ਼ ਲੈਣ ਵਾਲ਼ੇ ਅਜਿਹੇ ਹਨ ਜਿਹੜੇ ਭਵਿੱਖ ਵਿੱਚ ਭੁਗਤਾਨ ਕਰਨ ‘ਚ ਸਮਰੱਥ ਨਹੀਂ ਹਨ। 50 ਫੀਸਦੀ ਮਜ਼ਦੂਰ ਜਿਹਨਾਂ ਨੇ ਕਰਜ਼ਾ ਲਿਆ ਹੈ, ਕਰਜ਼ੇ ਦੇ ਭੁਗਤਾਨ ਤੋਂ ਅਸਮਰੱਥ ਹੋਣ ਕਾਰਨ ਉਹਨਾਂ ਨੂੰ ਕਿਸੇ ਤਰਾਂ ਦੀ ਹਿੰਸਾ ਦੇ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਦੂਜੇ ਪਾਸੇ ਇੱਕ ਇਨਕਲਾਬੀ ਸਾਥੀ ਦੀ ਮੰਨੀਏ ਤਾਂ ਉਨ੍ਹਾਂ ਦੇ ਮੁਤਾਬਕ 5 ਅਪ੍ਰੈਲ ਨੂੰ ਮੋਦੀ ਦੇ ਕਹੇ ‘ਤੇ ਰਾਤ ਨੂੰ 9 ਵਜੇ ਮੋਂਮਬੱਤੀਆਂ ਬਾਲ਼ਦੇ ਇੱਕ ਮੁਸਲਿਮ ਪਰਿਵਾਰ ‘ਤੇ ਇੱਕ ਭੀੜ ਦੁਆਰਾ ਹਮਲਾ ਕੀਤਾ ਗਿਆ। ਉਹਨਾਂ ਦੇ ਘਰ ‘ਤੇ ਪੱਥਰ ਸੁੱਟੇ, ਜਿਸ ਵਿੱਚ ਪਰਿਵਾਰ ਦੇ ਦੋ ਜੀਅ ਜ਼ਖਮੀ ਹੋ ਗਏ। ਆਮ ਲੋਕ ਭਾਵੇਂ ਰੁਜ਼ਗਾਰ ਖੁਣੋਂ ਖੁਦਕੁਸ਼ੀਆਂ ਕਰਨ, ਭਾਵੇਂ ਹੜ੍ਹਾਂ ‘ਚ ਵਹਿ ਜਾਣ, ਭਾਵੇਂ ਬਿਮਾਰੀ ਵੇਲੇ ਘਰ ‘ਚ ਬੰਦ ਹੋਣ ਜਾਣ ਤੇ ਭੁੱਖ ਕਾਰਨ ਆਪਣੇ ਹੀ ਅੰਗ ਚੱਬਣ ‘ਤੇ ਮਜ਼ਬੂਰ ਹੋ ਜਾਣ, ਪਰ ਗੋਦੀ ਮੀਡੀਆ ਦੇ ਹਾਕਮਾਂ ਦੀ ਹਕੂਮਤ ਜਿਉਂਦੀ ਰਹਿਣੀ ਚਾਹੀਦੀ ਹੈ। ਘਰਾਂ ਦੇ ਪੀਪੇ ਖਾਲ਼ੀ ਨੇ ਲੋਕ ਇਲਾਜ ਖੁਣੋ ਮਰ ਰਹੇ ਹਨ, ਡਾਕਟਰ ਸੁਰੱਖਿਆ ਸਾਜੋ ਸਮਾਨ ਦੀ ਥੁੜ ਦੀ ਮਾਰ ਝੱਲ ਰਹੇ ਨੇ, ਪ੍ਰਵਾਸੀ ਮਜ਼ਦੂਰ ਪਿੰਡ ਪਹੁੰਚਣ ਦੀ ਆਸ ਵਿੱਚ ਰਾਹਾਂ ‘ਚ ਆਪਣੀ ਜਾਨ ਗੁਆ ਰਹੇ ਨੇ, ਪਰ ਇਸ ਸਭ ਲਈ ਜਵਾਬ ਮੰਗਣ ਦੀ ਥਾਂ ‘ਕਰੋਨਾ ਜ਼ਿਹਾਦ’ ਦੇ ਨਾਂ ਹੇਠ ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਨੂੰ ਖਾਦ ਪਾਣੀ ਦਿੱਤਾ ਜਾ ਰਿਹਾ ਤੇ ਇਸਦੇ ਸਿੱਟੇ ਫਿਰ ਤੋਂ ਮੁਸਲਮਾਨ ਭਾਈਚਾਰੇ ‘ਤੇ ਹਮਲੇ ਦੇ ਰੂਪ ‘ਚ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਮੋਦੀ ਸਰਕਾਰ ਹਰ ਮੋਰਚੇ ਵਾਂਗ ਕਰੋਨਾ-ਸੰਕਟ ਦੇ ਮੋਰਚੇ ‘ਤੇ ਵੀ ਪੂਰੀ ਤਰਾਂ ਨਾਕਾਮ ਸਾਬਤ ਹੋਈ ਹੈ। ਪਰ ਲੋਕਾਂ ‘ਚ ਫਿਰਕੂ ਪਾਟਕ ਪਾਉਣ ਤੇ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਵਧਾਉਣ ਦੇ ਕਿਸੇ ਵੀ ਮੌਕੇ ਨੂੰ ਇਹ ਹੱਥੋਂ ਨਹੀਂ ਜਾਣ ਦਿੰਦੀ। ਸਰਕਾਰ ਵਿਰੁੱਧ ਲੋਕ ਰੋਹ ਨੂੰ ਲੀਹੋਂ ਲਾਉਣ ਤੇ ਲੋਕਾਂ ਨੂੰ ਹੀ ਲੋਕਾਂ ਦੇ ਦੁਸ਼ਮਣ ਬਣਾਉਣ ਲਈ ਮੌਜੂਦਾ ਹਾਕਮ, ਗੋਦੀ ਮੀਡੀਆ ਤੇ ਇਸਦਾ ਪੂਰਾ ਪ੍ਰਚਾਰ ਤੰਤਰ ਆਪਣਾ ਪੂਰਾ ਜੋਰ ਲਾ ਰਿਹਾ ਹੈ। ਇਸ ਵੇਲੇ ਭਾਰਤੀ ਹਕੂਮਤ ਅਤੇ ਗੋਦੀ ਮੀਡੀਆ ਦੇ ਵੱਲੋਂ ਰੱਜ ਕੇ ਦਲਿਤਾਂ ਮੁਸਲਮਾਨਾਂ ਤੋਂ ਇਲਾਵਾ ਸਿੱਖਾਂ ਦੇ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਹਿੰਦੂ ਤਬਕੇ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ, ਜਿਸ ਦੇ ਕਾਰਨ ਦੇਸ਼ ਕਰੋਨਾ ਦੇ ਨਾਲ ਦਾ ਘੱਟ, ਜਾਤ ਪਾਤ ਅਤੇ ਧਰਮ ਦੇ ਨਾਲ ਜ਼ਿਆਦਾ ਬਰਬਾਦ ਹੋ ਰਿਹਾ ਹੈ। ਸੋ ਸਾਨੂੰ ਪੜ੍ਹੀ ਲਿਖੀ ਜਮਾਤ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ, ਤਾਂ ਜੋ ਇਸ ਫਿਰਕੂ ਧੜੇ ਦੇ ਵਿਰੁੱਧ ਲੜ ਸਕੀਏ ਅਤੇ ਆਪਣੇ ਹੱਕਾਂ ਨੂੰ ਬਹਾਲ ਕਰਾ ਸਕੀਏ। ਅੱਜ ਦੇਸ਼ ਦੀ ਆਵਾਮ ਨੂੰ ਰੁਜ਼ਗਾਰ ਦੀ ਜ਼ਰੂਰਤ ਹੈ, ਕਿਉਂਕਿ ਬੇਰੁਜ਼ਗਾਰੀ ਦੇ ਕਾਰਨ ਲੱਖਾਂ ਨੌਜਵਾਨ ਹਰ ਸਾਲ ਖੁਦਕੁਸ਼ੀਆਂ ਕਰ ਜਾਂਦੇ ਹਨ। ਕਿਸਾਨਾਂ ਦੀਆਂ ਮੰਗਾਂ ਉਥੇ ਦੀਆਂ ਉਥੇ ਖੜ੍ਹੀਆਂ ਹਨ, ਜਦੋਂ ਕਿ ਸਰਕਾਰ ਵੱਲੋਂ ਖਾਲੀ ਫੋਕੇ ਪ੍ਰਚਾਰ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਸਮੇਂ ਸਮੇਂ ਤੇ ਗੁੰਮਰਾਹ ਕੀਤਾ ਜਾਂਦਾ ਰਿਹਾ ਹੈ। ਸੋ ਹੁਣ ਵੇਲਾ ਹੈ ਕਿ ਕਰੋਨਾ ਦੇ ਮੁੱਦੇ ਦੇ ਨਾਲ ਨਾਲ ਆਮ ਲੋਕਾਂ ਦੀ ਗੱਲ, ਮਜ਼ਦੂਰਾਂ ਦੀ ਗੱਲ, ਕਿਸਾਨਾਂ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੀ ਗੱਲ ਵੀ ਕੀਤੀ ਜਾਵੇ।
ਸੰਪਾਦਕ
ਪੰਜਾਬ ਨੈੱਟਵਰਕ
ਗੁਰਪ੍ਰੀਤ