ਬੇਸ਼ੱਕ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਇੱਥੇ ਹਰ ਧੀ ਭੈਣ ਦੀ ਇੱਜ਼ਤ ਕਰਨਾ ਸਿਖਾਇਆ ਜਾਂਦਾ ਹੈ। ਪਰ ਵੇਖਿਆ ਜਾਵੇ ਤਾਂ ਬਦਲਦੇ ਜ਼ਮਾਨੇ ਦੇ ਨਾਲ-ਨਾਲ ਲੋਕਾਂ ਦੀ ਸੋਚ ਵੀ ਬਦਲਦੀ ਜਾ ਰਹੀ ਹੈ। ਪਹਿਲਾਂ ਜਿੱਥੇ ਹਰ ਪਿਓ ਦੇ ਵੱਲੋਂ ਆਪਣੀ ਧੀ ਜਿੱਡੀ ਨੂੰ ਧੀ ਹੀ ਸਮਝਿਆ ਜਾਂਦਾ ਸੀ ਅਤੇ ਭੈਣ ਬਰਾਬਰ ਲੜਕੀ ਨੂੰ ਭੈਣ ਸਮਝਿਆ ਜਾਂਦਾ ਸੀ ਅਤੇ ਇਸੇ ਤਰ੍ਹਾਂ ਲੜਕੇ ਵੱਲੋਂ ਆਪਣੀ ਭੈਣ ਜਿੱਡੀ ਨੂੰ ਭੈਣ ਅਤੇ ਮਾਂ ਬਰਾਬਰ ਔਰਤ ਨੂੰ ਚਾਚੀ-ਤਾਈ ਸਮਝਿਆ ਜਾਂਦਾ ਸੀ। ਪਰ ਹੁਣ, ਦੂਜੇ ਪਾਸੇ ਕਈ ਕੇਸ ਅਜਿਹੇ ਵੀ ਹੁਣ ਤੱਕ ਸਾਹਮਣੇ ਆਏ ਹਨ, ਜਿਸ ਦੇ ਵਿੱਚ ਭਰਾ ਹੀ ਭੈਣ ਦਾ ਬਲਾਤਕਾਰੀ ਅਤੇ ਪਿਓ ਹੀ ਧੀ ਦਾ ਬਲਾਤਕਾਰੀ ਨਿਕਲਿਆ ਹੈ। ਬੇਸ਼ੱਕ ਇਹ ਮਾਮਲੇ ਹੈਰਾਨ ਕਰਨ ਵਾਲੇ ਹਨ ਅਤੇ ਸਾਡੇ ਸਮਾਜ ‘ਤੇ ਕਲੰਕ ਵੀ ਹਨ। ਪਰ ਫਿਰ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਦੋਸਤੋ, ਤੁਹਾਨੂੰ ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਕਿ ਕਿਸੇ ਪਿਓ ਦੇ ਵੱਲੋਂ ਧੀ ਨਾਲ ਜਾਂ ਫਿਰ ਭਰਾ ਦੇ ਵੱਲੋਂ ਭੈਣ ਦੇ ਨਾਲ ਬਲਾਤਕਾਰ ਕੀਤਾ ਗਿਆ ਹੋਵੇ। ਇਸ ਤੋਂ ਪਹਿਲਾਂ ਕਈ ਮਾਮਲੇ ਅਜਿਹੇ ਸਾਹਮਣੇ ਆ ਚੁੱਕੇ ਹਨ। ਦੋਸਤੋ ਜੇਕਰ ਪੰਜਾਬ ਦੇ ਅੰਦਰ ਘਰਾਂ ਵਿੱਚ ਹੀ ਧੀਆਂ ਸੁਰੱਖਿਅਤ ਨਹੀਂ ਹੋਣਗੀਆਂ ਤਾਂ ਬਾਹਰੋਂ ਅਸੀਂ ਸੁਰੱਖਿਆ ਦੀ ਉਮੀਦ ਕਿਵੇਂ ਲਗਾ ਸਕਦੇ ਹਾਂ। ਕਿਉਂਕਿ ਬੱਚੀਆਂ ਦੇ ਭਵਿੱਖ ਦੀ ਘਰ ਤੋਂ ਹੀ ਜੇਕਰ ਚੰਗੀ ਸ਼ੁਰੂਆਤ ਹੋਵੇਗੀ ਤਾਂ ਹੀ ਉਨ੍ਹਾਂ ਨੂੰ ਬਾਹਰ ਵੀ ਪੂਰੀ ਇੱਜ਼ਤ ਮਿਲੇਗੀ। ਜੇਕਰ ਘਰੇ ਹੀ ਧੀਆਂ ਸੁਰੱਖਿਅਤ ਨਹੀਂ ਹੋਣਗੀਆਂ ਤਾਂ ਕਿਵੇਂ ਕੰਮ ਚੱਲੇਗਾ.? ਦੋਸਤੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਰੋਜ਼ਾਨਾ ਹੀ ਧੀਆਂ ਦੇ ਨਾਲ ਬਲਾਤਕਾਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਵਿੱਚ ਕਈ ਮਾਮਲਿਆਂ ਅਜਿਹੇ ਵੀ ਹਨ ਜੋ ਦੱਸਣ ਲੱਗਿਆ ਵੀ ਸ਼ਰਮ ਆਉਂਦੀ ਹੈ ਕਿ ਇੱਕ ਪਿਓ ਦੇ ਵੱਲੋਂ ਧੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਅਤੇ ਇੱਕ ਭਰਾ ਦੇ ਵੱਲੋਂ ਹੀ ਆਪਣੀ ਭੈਣ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਵੇਖਿਆ ਜਾਵੇ ਤਾਂ ਇਹ ਮਾਮਲੇ ਹੈਰਾਨ ਅਤੇ ਪ੍ਰੇਸ਼ਾਨ ਕਰਨ ਵਾਲੇ ਹਨ। ਜਿਸ ਪਿਓ ਨੇ ਧੀ ਨੂੰ ਜਨਮ ਦਿੱਤਾ, ਜੇਕਰ ਉਹ ਹੀ ਆਪਣੀ ਧੀ ਦਾ ਵੈਰੀ ਅਤੇ ਬਲਾਤਕਾਰੀ ਬਣ ਜਾਵੇ ਤਾਂ ਫਿਰ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਿਵੇਂ ਕਰ ਸਕਦੇ ਹਾਂ.? ਦੋਸਤੋ ਦੱਸਣ ‘ਤੇ ਵੀ ਸ਼ਰਮ ਆਉਂਦੀ ਹੈ ਕਿ ਫ਼ਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਵਿੱਚ ਇੱਕ ਪਿਓ ਵੱਲੋਂ ਹੀ ਆਪਣੀ ਧੀ ਦਾ ਬਲਾਤਕਾਰ ਕਰਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਲੜਕੀ ਨਾਲ ਇੱਕ ਵਾਰ ਨਹੀਂ, ਸਗੋਂ ਕਈ ਵਾਰ ਉਸ ਦੇ ਨਾਲ ਬਲਾਤਕਾਰ ਕੀਤਾ ਗਿਆ। ਬੇਸ਼ੱਕ ਪੁਲਿਸ ਦੇ ਵੱਲੋਂ ਉਕਤ ਬਲਾਤਕਾਰੀ ਪਿਓ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਪਰ ਸਵਾਲ ਉੱਠਦਾ ਹੈ ਕਿ ਸਾਡੀਆਂ ਧੀਆਂ ਦੇ ਨਾਲ ਆਖ਼ਰ ਕਦੋਂ ਤੱਕ ਅਜਿਹੇ ਬਲਾਤਕਾਰ ਹੁੰਦੇ ਰਹਿਣਗੇ ਕਿ ਧੀਆਂ ਪੰਜਾਬ ਦੀਆਂ ਆਪਣੇ ਘਰਾਂ ਵਿੱਚ ਸੁਰੱਖਿਅਤ ਆਖ਼ਿਰ ਕਦੋਂ ਹੋਣਗੀਆਂ। ਭਾਵੇਂ ਹੀ ਬਹੁਤ ਜਗ੍ਹਾ ਤੇ ਮਾਪਿਆਂ ਦੇ ਵੱਲੋਂ ਆਪਣੀਆਂ ਧੀਆਂ ਨੂੰ ਪੂਰਾ ਆਦਰ ਮਾਣ ਸਤਿਕਾਰ ਪਿਆਰ ਦਿੱਤਾ ਜਾਂਦਾ ਹੈ, ਪਰ ਕਈ ਅਜਿਹੇ ਵੀ ਮਾਪੇ ਹੁੰਦੇ ਹਨ ਜੋ ਆਪਣੀਆਂ ਧੀਆਂ ਦੇ ਨਾਲ ਹੀ ਗਲਤ ਕੰਮ ਕਰਦੇ ਰਹਿੰਦੇ ਹਨ। ਦੋਸਤੋ, ਤਾਜ਼ਾ ਦਰਜ ਹੋਵੇ ਮਾਮਲੇ ਸਬੰਧੀ ਥਾਣਾ ਘੱਲ ਖ਼ੁਰਦ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਉਂਦੀ ਪਿੰਡ ਸੋਢੀ ਨਗਰ ਦੀ ਰਹਿਣ ਵਾਲੀ ਇੱਕ ਚੌਦਾਂ ਸਾਲਾਂ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਸੀਰਾ ਦੇ ਵੱਲੋਂ ਉਸ ਦੇ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ ਅਤੇ ਜਦੋਂ ਉਸ ਨੇ ਇਸ ਸਬੰਧੀ ਆਪਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਦੱਸਣਾ ਚਾਹਿਆ ਤਾਂ ਉਸ ਦੇ ਪਿਤਾ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਲਵਨੀਤ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਸੀਰਾ ਪੁੱਤਰ ਮੋੜਾ ਵਾਸੀ ਸੋਢੀ ਨਗਰ ਥਾਣਾ ਘੱਲ ਖ਼ੁਰਦ ਫ਼ਿਰੋਜ਼ਪੁਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਦੋਸਤੋ, ਇਸ ਮਾਮਲੇ ਸਬੰਧੀ ਜਦੋਂ ਪ੍ਰਸਿੱਧ ਪੰਜਾਬੀ ਲੇਖਿਕਾ ਮੈਡਮ ਪਰਮਜੀਤ ਕੌਰ ਸਿੱਧੂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਆ ਚੁੱਕੇ ਹਨ। ਜਿਸ ਵਿੱਚ ਪਿਤਾ ਦੇ ਵੱਲੋਂ ਹੀ ਆਪਣੀ ਧੀ ਅਤੇ ਭਰਾ ਦੇ ਵੱਲੋਂ ਹੀ ਆਪਣੀ ਭੈਣ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਮਾਨਸਿਕਤਾ ਦਾ ਨਤੀਜਾ ਹੈ। ਜੇਕਰ ਸਾਡੀਆਂ ਧੀਆਂ ਭੈਣਾਂ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਰਹਿਣਗੀਆਂ ਤਾਂ ਹੋਰ ਉਹ ਕਿਹੜੀ ਜਗ੍ਹਾ ਤੇ ਸੁਰੱਖਿਅਤ ਹੋਣਗੀਆਂ ? ਉਨ੍ਹਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਅੰਦਰ ਬਲਾਤਕਾਰ ਦੀਆਂ ਘਟਨਾਵਾਂ ਇੰਨੀਆਂ ਕੁ ਜ਼ਿਆਦਾ ਵੱਧ ਚੁੱਕੀਆਂ ਹਨ ਕਿ ਕੋਈ ਕਹਿਣ ਦੀ ਹੱਦ ਨਹੀਂ। ਹਰ ਗਲੀ ਮੋੜ ਮੁਹੱਲੇ ਪਿੰਡ ਸ਼ਹਿਰ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜੋ ਪੰਜਾਬ ਤੋਂ ਇਲਾਵਾ ਸਾਡੇ ਸਮਾਜ ਤੇ ਕਲੰਕ ਲਗਾਉਂਦੀਆਂ ਹਨ ਕਿ ਸਾਡਾ ਪੰਜਾਬ ਜਿਸ ਨੂੰ ਕਿ ਗੁਰੂਆਂ ਪੀਰਾਂ ਦੀ ਧਰਤੀ ਦੇ ਨਾਲ ਅਸੀਂ ਪੁਕਾਰਦੇ ਹਾਂ ਅਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਆਪਣੀ ਬਾਣੀ ਦੇ ਅੰਦਰ ਵੀ ਧੀਆਂ ਦਾ ਸਤਿਕਾਰ ਕਰਨ ਦੇ ਲਈ ਹੀ ਲੋਕਾਂ ਨੂੰ ਸਨੇਹਾ ਦਿੱਤਾ ਹੈ। ਪਰ ਸਾਡਾ ਸਮਾਜ ਪਤਾ ਨਹੀਂ ਕਿਹੜੇ ਪਾਸੇ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬਲਾਤਕਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਅੱਗੇ ਤੋਂ ਕੋਈ ਵੀ ਬਲਾਤਕਾਰ ਕਰਨ ਦੇ ਬਾਰੇ ਸੋਚੇ ਵੀ ਨਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।