ਥਾਣੇ ‘ਚ ਬਣਾਈ ਨੰਗਾ ਕਰਕੇ ਵੀਡੀਓ, ਪੁਲਿਸ ਦੇ ਕਾਰੇ ਤੋਂ ਹਾਈਕੋਰਟ ਵੀ ਸ਼ਰਮਸਾਰ!

404

ਚੰਡੀਗੜ੍ਹ: ਥਾਣੇ ‘ਚ ਪਿਉ-ਪੁੱਤ ਤੇ ਉਨ੍ਹਾਂ ਦੇ ਸਾਥੀ ਦੇ ਕੱਪੜੇ ਉਤਾਰ ਕੇ ਬਣਾਈ ਵੀਡੀਓ ਦੇ ਮਸਲੇ ‘ਤੇ ਟਿੱਪਣੀ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੀਜੀਪੀ ਨੂੰ ਇਸ ਮਾਮਲੇ ਦੀ ਜਾਂਚ ਕਰਾਉਣ ਦੇ ਹੁਕਮ ਦਿੱਤੇ ਹਨ। ਸੁਣਵਾਈ ਦੌਰਾਨ ਹਾਈਕੋਰਟ ਨੇ ਕਿਹਾ ਕਿ ਪੁਲਿਸ ਦੇ ਇਸ ਕਾਰਨਾਮੇ ਨਾਲ ਅਦਾਲਤ ਵੀ ਸ਼ਰਮਸਾਰ ਹੈ।

ਖੰਨਾ ਦੇ ਸਦਰ ਥਾਣੇ ‘ਚ ਹੋਈ ਇਸ ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਕਰੀਬ ਇਕ ਸਾਲ ਬਾਅਦ ਜਾਰੀ ਕੀਤੇ ਹੁਕਮਾਂ ‘ਚ ਹਾਈਕੋਰਟ ਨੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਅੱਠ ਜੁਲਾਈ ਤੈਅ ਕਰਦਿਆਂ ਡੀਜੀਪੀ ਨੂੰ ਜਾਂਚ ਰਿਪੋਰਟ ਤੇ ਕਾਰਵਾਈ ਦੀ ਰਿਪੋਰਟ ਅਦਾਲਤ ‘ਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।

ਪੀੜਤਾਂ ‘ਚੋਂ ਇਕ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ। ਸੁਣਵਾਈ ਦੌਰਾਨ ਜਸਟਿਸ ਨਿਰਮਲਜੀਤ ਕੌਰ ਨੇ ਡੀਜੀਪੀ ਦਫ਼ਤਰ ਤੋਂ 18 ਅਪ੍ਰੈਲ ਨੂੰ ਜਾਰੀ ਹੁਕਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਡੀਜੀਪੀ ਨੇ ਇਸ ਮਾਮਲੇ ਦੀ ਜਾਂਚ ਲੁਧਿਆਣਾ ਰੇਂਜ ਦੇ ਆਈਜੀ ਜਸਕਰਨ ਸਿੰਘ ਨੂੰ ਸੌਂਪੀ ਸੀ ਪਰ ਹੁਣ ਤਕ ਇਹ ਜਾਂਚ ਅੱਗੇ ਨਹੀਂ ਵਧੀ।

ਹੁਣ ਇਸ ਮਾਮਲੇ ਦੀ ਜਾਂਚ ਡੀਜੀਪੀ ਦੀ ਨਿਗਰਾਨੀ ‘ਚ ਕਰਵਾਉਣ ਦੇ ਹੁਕਮ ਦਿੰਦਿਆਂ ਜਸਟਿਸ ਨਿਰਮਲਜੀਤ ਕੌਰ ਨੇ ਕਿਹਾ ਕਿ ਜੇਕਰ ਡੀਜੀਪੀ ਚਾਹੁਣ ਤਾਂ ਇਸ ਮਾਮਲੇ ਦੀ ਜਾਂਚ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰ ਸਕਦੇ ਹਨ। Thankyou ABP sanjha